ਸਿੰਘੂ ਬਾਰਡਰ 'ਤੇ ਕਿਸਾਨੀ ਮੋਰਚੇ ਨੂੰ ਮਿਲਿਆ ਗੁਜਰਾਤੀ ਕਿਸਾਨਾਂ ਦਾ ਸਾਥ
ਇਹ ਅੰਦੋਲਨ ਸਿਰਫ਼ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਨਹੀਂ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦਾ ਹੈ- ਗੁਜਰਾਤੀ ਕਿਸਾਨ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚੋਂ ਕਿਸਾਨਾਂ ਦਾ ਸਹਿਯੋਗ ਮਿਲ ਰਿਹਾ ਹੈ। ਇਸ ਦੌਰਾਨ ਵੱਡੀ ਗਿਣਤੀ ਵਿਚ ਗੁਜਰਾਤ ਦੇ ਕਿਸਾਨ ਵੀ ਦਿੱਲੀ ਮੋਰਚੇ ਵਿਚ ਪਹੁੰਚੇ ਹਨ। ਗੁਜਰਾਤ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਅੰਦੋਲਨ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦਾ ਹੈ।
ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੇ ਸਿੰਘੂ ਬਾਰਡਰ 'ਤੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਵਿਚ ਗੁਜਰਾਤੀ ਕਿਸਾਨਾਂ ਦਾ ਇਕ ਸਮੂਹ ਪੰਜਾਬ-ਹਰਿਆਣਾ ਦੇ ਕਿਸਾਨਾਂ ਨੂੰ ਸਮਰਥਨ ਦੇਣ ਪਹੁੰਚਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਟੀਵੀ 'ਤੇ ਇਹ ਦਿਖਾਇਆ ਜਾ ਰਿਹਾ ਹੈ ਕਿ ਇਹ ਅੰਦੋਲਨ ਸਿਰਫ਼ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਹੈ ਪਰ ਇਹ ਅੰਦੋਲਨ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਲਈ ਚਲਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਕਿਸਾਨੀ ਸੰਘਰਸ਼ ਦੇ ਚਲਦਿਆਂ ਦਿੱਲੀ ਦੇ ਸਿੰਘੂ ਬਾਰਡਰ, ਟਿਕਰੀ ਬਾਰਡਰ, ਚਿੱਲਾ ਬਾਰਡਰ ਸਮੇਤ ਕਈ ਹੋਰ ਬਾਰਡਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਦਿੱਲੀ ਪੁਲਿਸ ਵੱਲੋਂ ਜਾਰੀ ਕੀਤੀ ਗਈ ਐਡਵਾਇਜ਼ਰੀ ਮੁਤਾਬਕ ਵੀਰਵਾਰ ਨੂੰ ਵੀ ਨੋਇਡਾ ਲਿੰਕ ਪੋਡ 'ਤੇ ਵੀ ਚਿੱਲਾ ਬਾਰਡਰ ਨੂੰ ਬੰਦ ਰੱਖਿਆ ਗਿਆ ਹੈ। ਇੱਥੇ ਭਾਰੀ ਗਿਣਤੀ ਵਿਚ ਕਿਸਾਨ ਗੌਤਮ ਬੁੱਧ ਗੇਟ 'ਤੇ ਸੜਕਾਂ 'ਤੇ ਬੈਠੇ ਹਨ।