ਸੰਘਰਸ਼ ਵਿਚ ਸ਼ਾਮਲ ਕਿਸਾਨਾਂ ਦੀ ਪਹਿਲੀ ਪਸੰਦ ਹੈ 'ਰੋਜ਼ਾਨਾ ਸਪੋਕਸਮੈਨ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਰੋਜ਼ਾਨਾ ਸਪੋਕਸਮੈਨ' ਪੜ੍ਹਨ ਤੋਂ ਬਗ਼ੈਰ ਸੰਤੁਸ਼ਟੀ ਨਹੀਂ ਹੁੰਦੀ- ਕਿਸਾਨ

Rozana Spokesman is first choice of Protesting farmers

ਸ੍ਰੀ ਮੁਕਤਸਰ ਸਾਹਿਬ, (ਰਣਜੀਤ ਸਿੰਘ/ਗੁਰਦੇਵ ਸਿੰਘ) : ਕਿਸਾਨਾਂ ਦਾ ਸ਼ਾਂਤਮਈ ਅਤੇ ਦ੍ਰਿੜ ਇਰਾਦੇ ਰਖਦਿਆਂ ਚਲ ਰਿਹਾ ਸੰਘਰਸ਼ ਜਿਥੇ ਸਮੁੱਚੇ ਦੇਸ਼ ਵਾਸੀਆਂ ਦਾ ਸਮਰਥਨ ਹਾਸਲ ਕਰਨ ਵਿਚ ਮੰਜ਼ਲਾਂ ਤਹਿ ਕਰ ਚੁੱਕਾ ਹੈ ਉਥੇ ਸਾਰੀ ਦੁਨੀਆਂ ਦਾ ਧਿਆਨ ਅਪਣੇ ਵੱਲ ਖਿਚ ਰਿਹਾ ਹੈ।

ਕਿਸਾਨ ਸੰਘਰਸ਼ ਵਿਚ ਜ਼ਿਆਦਾ ਤਰ ਕਿਸਾਨ ਪੰਜਾਬ ਨਾਲ ਸਬੰਧਤ ਹਨ, ਜੋ ਖ਼ਬਰਾਂ ਲਈ ਵਿਸ਼ੇਸ਼ ਤੌਰ 'ਤੇ 'ਰੋਜ਼ਾਨਾ ਸਪੋਕਸਮੈਨ' ਪੜ੍ਹਦੇ ਹਨ। ਪੱਪੂ ਸਿੰਘ ਸਰਪੰਚ, ਜੀਤ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ, ਛੋਟੂ ਲਾਲ, ਕੁਲਵੰਤ ਸਿੰਘ, ਗੁਰਸੇਵਕ ਸਿੰਘ, ਬਲਜੀਤ ਸਿੰਘ, ਰਣਧੀਰ ਸਿੰਘ, ਕਾਲਾ ਸਿੰਘ, ਸਰਬਜੀਤ ਸਿੰਘ ਆਦਿ ਨੇ ਦਸਿਆ ਕਿ ਉਹ ਹੋਰ ਅਖ਼ਬਾਰਾਂ ਵੀ ਪੜ੍ਹਦੇ ਹਨ ਪਰ 'ਰੋਜ਼ਾਨਾ ਸਪੋਕਸਮੈਨ' ਵਲੋਂ ਕੀਤੀ ਜਾ ਰਹੀ ਰਿਪੋਰਟਿੰਗ ਤੋਂ ਜ਼ਿਆਦਾ ਪ੍ਰਭਾਵਤ ਹਨ।

ਇਸ ਲਈ 'ਰੋਜ਼ਾਨਾ ਸਪੋਕਸਮੈਨ' ਪੜ੍ਹਨ ਤੋਂ ਬਗ਼ੈਰ ਸੰਤੁਸ਼ਟੀ ਨਹੀਂ ਹੁੰਦੀ। ਬਾਕੀ ਸਿਆਸੀ ਖੇਤਰ ਦੇ ਧਾਕੜਾਂ ਵਲੋਂ ਪਿਛਲੇ ਸਮੇਂ ਦੌਰਾਨ 'ਰੋਜ਼ਾਨਾ ਸਪੋਕਸਮੈਨ' ਵਿਰੁਧ ਕੀਤੀਆਂ ਗਈਆਂ ਸਖ਼ਤੀਆਂ ਦੌਰਾਨ ਵੀ ਇਸ ਨੇ ਅਪਣੀਆਂ ਨੀਤੀਆਂ ਨਹੀਂ ਛਡੀਆਂ ਜਿਸ ਕਾਰਨ ਲੋਕ ਇਸ 'ਤੇ ਵਿਸ਼ਵਾਸ ਕਰਦੇ ਹਨ ਤੇ ਇਸ ਦੀ ਰਿਪੋਰਟਿੰਗ ਵੀ ਵਧੇਰੇ ਪ੍ਰਭਾਵਤ ਕਰਦੀ ਹੈ।  

'ਰੋਜ਼ਾਨਾ ਸਪੋਕਸਮੈਨ ਅਖ਼ਬਾਰ' ਨਿਭਾਅ ਰਿਹੈ ਕਿਸਾਨੀ ਸੰਘਰਸ਼ ਵਿਚ ਕਾਬਲੇ ਤਾਰੀਫ਼ ਭੂਮਿਕਾ : ਮੂੰਗੋ, ਹੱਲਾ

ਨਾਭਾ (ਬਲਵੰਤ ਹਿਆਣਾ) : ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ ਪ੍ਰਬੰਧਕਾਂ ਤੇ ਪੱਤਰਕਾਰਾਂ ਨੇ ਇਤਿਹਾਸ ਵਿਚ ਸੱਭ ਤੋਂ ਵੱਡੇ ਕਿਸਾਨ ਸੰਘਰਸ਼ ਲਈ ਧੜੱਲੇ ਨਾਲ ਕਵਰੇਜ ਕਰਦਿਆਂ ਇਤਿਹਾਸ ਰਚਿਆ ਹੈ ਜੋ ਕਾਬਲੇ ਤਾਰੀਫ਼ ਹੈ। ਇਹ ਵਿਚਾਰ ਸਾਬਕਾ ਸਰਪੰਚ ਰਵਿੰਦਰ ਸਿੰਘ ਮੂੰਗੋ ਤੇ ਸੰਮਤੀ ਮੈਂਬਰ ਰਾਜ ਕੁਮਾਰ ਭੱਲਾ ਨੇ ਸਪੋਕਸਮੈਨ ਦੇ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਸਾਂਝੇ ਕੀਤੇ।

ਉਨ੍ਹਾਂ ਕਿਹਾ ਕਿ ਸਾਰੇ ਵਰਗਾਂ ਨੂੰ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਇਸ ਸੰਘਰਸ਼ ਵਿਚ ਅਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਮੁੜ ਕੇ ਕੋਈ ਸਰਕਾਰ ਦੁਬਾਰਾ ਲੋਕ ਵਿਰੋਧੀ ਕਾਨੂੰਨ ਨੂੰ ਪਾਸ ਕਰਨ ਦੀ ਹਿੰਮਤ ਨਾ ਕਰੇ। ਉਨ੍ਹਾਂ ਨੈਸ਼ਨਲ ਮੀਡੀਆ 'ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੇ ਕਿਸਾਨੀ ਸੰਘਰਸ਼ ਨੂੰ ਅਪਣਾ ਫ਼ਰਜ਼ ਇਮਾਨਦਾਰੀ ਨਾਲ ਨਾ ਦਿਖਾ ਕੇ ਲੋਕਤੰਤਰ ਦੇ ਚੌਥੇ ਥੰਮ੍ਹ ਮੀਡੀਆ ਦਾ ਸਿਰ ਨੀਵਾਂ ਕੀਤਾ ਜੋ ਕਿ ਬਹੁਤ ਸ਼ਰਮਨਾਕ ਹੈ।

ਅੱਜ ਸਮਾਂ ਹੈ ਕਿ ਹਰ ਇਕ ਨੂੰ ਸੱਚਾਈ ਦਾ ਸਾਥ ਦੇ ਕੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਖ਼ਾਤਮਾ ਕਰਨਾ ਚਾਹੀਦਾ ਹੈ ਕਿਉਂਕਿ ਲੋਕ ਰਾਇ ਤੋਂ ਵੱਡੀ ਕੋਈ ਤਾਕਤ ਨਹੀਂ ਹੁੰਦੀ। ਦੇਸ਼ ਦੇ ਕਿਸਾਨ ਹੁਣ ਕੇਂਦਰ ਸਰਕਾਰ ਨੂੰ ਝੁਕਾ ਕੇ ਹੀ ਦਮ ਲੈਣਗੇ।