ਜੇਕਰ ਨਵਜੋਤ ਸਿੱਧੂ ਪ੍ਰਧਾਨ ਰਿਹਾ ਤਾਂ ਪਾਰਟੀ ਦਾ ਟੁੱਟਣਾ ਤੈਅ ਹੈ - ਬਲੀਏਵਾਲ
'ਅੱਜ ਪਾਰਟੀ ਅਹੁਦੇ ਤੋਂ ਅਸਤੀਫ਼ਾ ਦੇ ਕੇ ਖੁੱਲ੍ਹ ਕੇ ਬੋਲ ਰਿਹਾ ਹਾਂ, ਇਨ੍ਹਾਂ ਵਾਂਗੂ ਘਰ ਵਿਚ ਬੈਠ ਕੇ ਘਰ ਨੂੰ ਢਾਹ ਨਹੀਂ ਰਿਹਾ'
ਟਾਈਟਲਰ ਨੂੰ ਕਿਉਂ ਅਹੁਦਾ ਦਿਤਾ, ਕਿਉਂ ਗੋਲੀਆਂ ਚਲਾਉਣ ਵਾਲੇ ਪਾਕਿ ਲੀਡਰਾਂ ਨੂੰ ਵੱਡਾ ਭਰਾ ਆਖਦੇ ਹੋ? -ਬਲੀਏਵਾਲ
ਕਿਹਾ- ਜੇਕਰ ਸਾਡੀ ਪਾਰਟੀ ਅੱਜ ਵੀ ਸੁਧਰ ਜਾਵੇ ਤਾਂ ਮੈਨੂੰ ਕੋਈ ਸ਼ਿਕਾਇਤ ਨਹੀਂ ਹੋਵੇਗੀ
ਜੇਕਰ ਹੋ ਸਕਦਾ ਹੈ ਤਾਂ ਪਾਰਟੀ ਨੂੰ ਬਚਾ ਲਉ ਨਹੀਂ ਤਾਂ ਨਵਜੋਤ ਸਿੱਧੂ ਪਾਰਟੀ ਨੂੰ ਖੇਰੂੰ ਖੇਰੂੰ ਕਰ ਦੇਣਗੇ ਅਤੇ ਆਉਣ ਵਾਲੇ ਕੁੱਝ ਹੀ ਦਿਨਾਂ ਵਿਚ ਕਾਂਗਰਸ ਦੇ ਕਈ ਚਿਹਰੇ ਪਾਰਟੀ ਛੱਡ ਜਾਣਗੇ -ਬਲੀਏਵਾਲ
ਕਿਹਾ, ਫਿਲਹਾਲ ਮੇਰੀ ਕਿਸੇ ਵੀ ਪਾਰਟੀ ਨਾਲ ਕੋਈ ਗੱਲ ਨਹੀਂ ਹੋ ਹੈ ਪਰ ਮੇਰੀ ਸਾਰਿਆਂ ਨਾਲ ਮਿੱਤਰਤਾਈ ਹੈ ਜੋ ਵੀ ਪੰਜਾਬ ਅਤੇ ਪੰਜਾਬੀਅਤ ਦੇ ਭਲੇ ਲਈ ਕੰਮ ਕਰੇਗਾ ਮੈਂ ਉਨ੍ਹਾਂ ਦਾ ਸਾਥ ਦੇਵਾਂਗਾ
ਇਨ੍ਹਾਂ ਦੀ ਲਾਲਸਾ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਸਾਰੇ ਕੁਰਸੀ ਪਿੱਛੇ ਪਏ ਹੋਏ ਹਨ -ਬਲੀਏਵਾਲ
ਲੁਧਿਆਣਾ (ਰਾਜਵਿੰਦਰ ਸਿੰਘ) : ਪੰਜਾਬ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਵਲੋਂ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਗਿਆ ਹੈ ਅਤੇ ਇਸ ਬਾਬਤ ਉਨ੍ਹਾਂ ਨਾਲ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਬਹੁਤ ਦਿਨਾਂ ਤੋਂ ਇਹ ਗੱਲਾਂ ਚੱਲ ਰਹੀਆਂ ਸਨ ਅਤੇ ਸਾਢੇ ਚਾਰ ਸਾਲ ਪਹਿਲਾਂ ਪਾਰਟੀ ਵਿਚ ਆਏ ਲੋਕਾਂ ਨੂੰ ਵੱਡੇ ਵੱਡੇ ਅਹੁਦਿਆਂ ਨਾਲ ਨਿਵਾਜ਼ਿਆ ਗਿਆ ਹੈ ਜਦਕਿ ਇਹ ਨਹੀਂ ਦੇਖਿਆ ਗਿਆ ਕਿ ਇਸ ਤੋਂ 40 ਸਾਲ ਪਹਿਲਾਂ ਤੋਂ ਵੀ ਕਈ ਜਾਣੇ ਪਾਰਟੀ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਹੁਦੇ ਦੇਣ ਲੱਗਿਆਂ ਇਹ ਨਹੀਂ ਦੇਖਿਆ ਗਿਆ ਕਿ ਕਿਸ 'ਤੇ ਕਿੰਨੇ ਪਰਚੇ ਦਰਜ ਹਨ ਸਗੋਂ ਉਹ ਲੋਕ ਅਹੁਦੇਦਾਰੀਆਂ ਮਾਣ ਰਹੇ ਹਨ, ਜਿਹੜੀ ਸਭ ਤੋਂ ਵੱਡੀ ਰੋਸ ਵਾਲੀ ਗੱਲ ਹੈ। ਬਲੀਏਵਾਲ ਨੇ ਕਿਹਾ ਕਿ ਇਹ ਸਭ ਕਰ ਕੇ ਇਹ ਪਾਰਟੀ ਨੂੰ ਖ਼ਤਮ ਕਰਨਾ ਚਾਹੁੰਦੇ ਹਨ।
ਉਨ੍ਹਾਂ ਕਿਹਾ, ''ਇਨ੍ਹਾਂ ਦੀ ਲਾਲਸਾ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਸਾਰੇ ਕੁਰਸੀ ਪਿੱਛੇ ਪਏ ਹੋਏ ਹਨ ਇਹ ਕਹਿੰਦੇ ਹਨ ਕਿ ਕੁਰਸੀ ਮੈਨੂੰ ਮਿਲ ਜਾਵੇ ਤਾਂ ਕੰਮ ਹੋਵੇਗਾ, ਕਿਉਂ ਬਾਕੀ ਜਾਣੇ ਕੰਮ ਨਹੀਂ ਕਰ ਸਕਦੇ? ਪਹਿਲਾਂ ਇਨ੍ਹਾਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਟਵਿਟਰ 'ਤੇ ਜੰਗ ਹੁੰਦੀ ਰਹੀ ਅਤੇ ਲੋਕ ਟਿੱਚਰਾਂ ਕਰਦੇ ਸਨ ਪਰ ਅਸੀਂ ਚੁੱਪ ਰਹੇ। ਫਿਰ ਸੁਨੀਲ ਜਾਖੜ ਨਾਲ ਪੰਗਾ ਪਿਆ ਜਿਸ ਦਾ ਸੁਨੀਲ ਜਾਖੜ ਨੇ ਆਪਣੇ ਤਰੀਕੇ ਨਾਲ ਜਵਾਬ ਦਿਤਾ ਪਰ ਇਹ ਤਕਰਾਰ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ।
ਹੁਣ ਉਹ (ਨਵਜੋਤ ਸਿੰਘ ਸਿੱਧੂ) ਚੰਨੀ ਸ੍ਹਾਬ 'ਤੇ ਵੀ ਸਵਾਲ ਚੁੱਕਦੇ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਿੱਧੂ ਉਨ੍ਹਾਂ ਨਾਲ ਸਟੇਜ ਸਾਂਝੀ ਕਰਦੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਦੇ ਵਿਰੁੱਧ ਟਵੀਟ ਕਰਦੇ ਹਨ। ਸਰਕਾਰ ਵੀ ਆਪਣੀ ਹੈ ਅਤੇ ਪਾਰਟੀ ਵੀ ਤਾਂ ਫਿਰ ਇਹ ਦੋਹਰਾ ਸਟੈਂਡ ਕਿਉਂ ਲਿਆ ਜਾ ਰਿਹਾ ਹੈ। ਜੇਕਰ ਭਾਂਡੇ ਰੋਜ਼ ਖੜਕਾਈ ਜਾਓਗੇ ਤਾਂ ਲੋਕ ਟਿੱਚਰਾਂ ਬਹੁਤ ਕਰਦੇ ਹਨ । ਲੋਕ ਪੁੱਛਦੇ ਹਨ ਕਿ ਸਿੱਧੂ ਕਿਸ ਪਾਸੇ ਹਨ ਕਾਂਗਰਸ ਦੇ ਨਾਲ ਤਾਂ ਨਹੀਂ ਹਨ। ਇਸ ਲਈ ਉਨ੍ਹਾਂ ਨੇ ਪਾਰਟੀ ਦਾ ਨੁਕਸਾਨ ਹੀ ਕੀਤਾ ਹੈ।
ਬਲੀਏਵਾਲ ਨੇ ਨਵਜੋਤ ਸਿੰਘ ਸਿੱਧੂ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਸਿੱਧੂ ਕਹਿੰਦੇ ਹਨ ਕਿ ਉਹ ਮੁੱਦਿਆਂ ਦੀ ਅਤੇ ਪੰਜਾਬ ਦੀ ਰਾਜਨੀਤੀ ਕਰਦੇ ਹਨ ਪਰ ਜਦੋਂ ਜਗਦੀਸ਼ ਟਾਈਟਲਰ ਨੂੰ ਅਹੁਦਾ ਦਿਤਾ ਗਿਆ ਸੀ ਤਾਂ ਉਹ ਚੁੱਪ ਕਿਉਂ ਰਹੇ? ਜੇ ਕੋਈ ਮੈਨੂੰ ਪੁੱਛੇ ਕਿ ਮੈਂ ਮਹੀਨਾ ਇੱਕ ਚੁੱਪ ਕਿਉਂ ਰਿਹਾ ਤਾਂ ਉਸ ਦਾ ਜਵਾਬ ਹੈ ਕਿ ਹਰ ਇੱਕ ਨੂੰ ਸੁਧਰਨ ਦਾ ਸਮਾਂ ਦਿਤਾ ਜਾਂਦਾ ਹੈ ਪਰ ਇਹ ਸਾਡੀ ਲੀਡਰਸ਼ਿਪ ਦੀ ਆਵਾਜ਼ ਨਹੀਂ ਸੀ।
ਜਦੋਂ ਪਹਿਲਾਂ ਜਗਦੀਸ਼ ਟਾਈਟਲਰ ਦੀ ਟਿਕਟ ਕੱਟੀ ਗਈ ਸੀ ਤਾਂ ਕੈਪਟਨ ਅਮਰਿੰਦਰ, ਮਨਮੋਹਨ ਸਿੰਘ, ਸੁਨੀਲ ਜਾਖੜ ਆਦਿ ਨੇ ਆਵਾਜ਼ ਚੁੱਕੀ ਸੀ ਅਤੇ ਇਸ ਦਾ ਵਿਰੋਧ ਕੀਤਾ ਸੀ ਪਰ ਅੱਜ ਫਿਰ ਟਾਈਟਲਰ ਨੂੰ ਪਾਰਟੀ ਵਿਚ ਅਹੁਦੇ ਦੇ ਕੇ ਨਿਵਾਜ਼ਿਆ ਜਾ ਰਿਹਾ ਹੈ ਤਾਂ ਫਿਰ ਅਸੀਂ ਆਵਾਜ਼ ਕਿਉਂ ਨਾ ਚੁੱਕੀਏ?
ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਦੇ ਸ਼ਹੀਦਾਂ ਦਾ ਉਨ੍ਹਾਂ ਨੂੰ ਵੀ ਬਹੁਤ ਦੁੱਖ ਹੈ ਪਰ ਹੁਣ ਜੋ ਵੀ ਹੋ ਰਿਹਾ ਹੈ ਉਹ ਸਿਰਫ਼ ਸਿਆਸਤ ਹੈ ਇਹ ਪਾਰਟੀ ਨੂੰ ਤੋੜਨਾ ਚਾਹੁੰਦੇ ਹਨ ਪਰ ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਪਾਰਟੀ ਨੂੰ ਟੁੱਟਦਾ ਹੋਇਆ ਨਹੀਂ ਦੇਖ ਸਕਦਾ।
ਇਹ ਕਹਿੰਦੇ ਹਨ ਕਿ ਪਾਰਟੀ ਵਿਚ ਵਰਕਰਾਂ ਨੂੰ ਮਾਣ ਸਨਮਾਨ ਦਿਤਾ ਜਾਵੇਗਾ ਪਰ ਮੈਨੂੰ ਦੱਸਣ ਕਿ ਪਾਰਟੀ ਦੇ ਕਿਹੜੇ ਵਰਕਰ ਨੂੰ ਸਤਿਕਾਰ ਮਿਲਿਆ ਹੈ? ਸਿਰਫ਼ ਇਕ ਜਾਂ ਦੋ ਪ੍ਰਵਾਰਾਂ ਨੂੰ ਮਿਲਿਆ ਹੈ। ਉਨ੍ਹਾਂ ਵਿਚੋਂ ਇੱਕ ਇਨ੍ਹਾਂ ਦਾ ਸਲਾਹਕਾਰ ਹੈ ਜਿਸ ਦੀ ਘਰਵਾਲੀ ਨੂੰ ਕੈਬਿਨਟ ਮੰਤਰੀ ਬਣਾਇਆ ਗਿਆ ਹੈ ।ਜਦੋਂ ਇਨ੍ਹਾਂ ਦੇ ਹੱਕ ਵਿਚ ਉਨ੍ਹਾਂ ਨੇ ਅਸਤੀਫ਼ਾ ਦਿਤਾ ਤਾਂ ਉਨ੍ਹਾਂ ਦੀ ਨੂੰਹ ਨੂੰ ਵੀ ਚੇਅਰਮੈਨੀ ਦਿਤੀ ਗਈ। ਪਾਰਟੀ ਨੂੰ ਉਨ੍ਹਾਂ ਦੀ ਕੀ ਦੇਣ ਹੈ? ਕੀ ਕਾਂਗਰਸ ਪਾਰਟੀ ਵਿਚ ਹੋਰ ਕੋਈ ਪਰਵਾਰ ਨਹੀਂ ਹੈ ਜਿਸ ਨੂੰ ਵਕਫ਼ ਬੋਰਡ ਦੀ ਚੇਅਰਮੈਨੀ ਦਿਤੀ ਜਾ ਸਕੇ? ਇਨ੍ਹਾਂ ਸਾਰੀਆਂ ਗੱਲਾਂ ਤੋਂ ਦੁੱਖ ਹੋਇਆ ਜਿਸ ਕਾਰਨ ਮੈਂ ਇਹ ਫ਼ੈਸਲਾ ਲਿਆ ਹੈ।
ਬਲੀਏਵਾਲ ਨੇ ਅੱਗੇ ਕਿਹਾ ਕਿ ਇੱਕ ਦਿਨ ਮੈਨੂੰ ਇੱਕ ਸ਼ਹੀਦ ਦੇ ਘਰ ਜਾਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਦੇ ਪਰਵਾਰ ਦੀਆਂ ਗੱਲਾਂ ਨੇ ਮੈਨੂੰ ਝੰਜੋੜ ਕੇ ਰੱਖ ਦਿਤਾ। ਸ਼ਹੀਦ ਦੇ ਪਿਤਾ ਨੇ ਮੈਨੂੰ ਕਿਹਾ ਕਿ ਨਵਜੋਤ ਸਿੱਧੂ ਨੂੰ ਇਹ ਪੁੱਛਿਓ ਕਿ ਮੇਰਾ ਪੁੱਤ ਤਿਰੰਗੇ ਵਿਚ ਲਿਪਟ ਕੇ ਆਇਆ ਸੀ ਅਤੇ ਉਸ ਦੇ ਜਿਹੜੀ ਗੋਲੀ ਵੱਜੀ ਸੀ ਉਹ ਪਾਕਿਸਤਾਨ ਦੀ ਸੀ। ਮੇਰਾ ਪੁੱਤ ਪਾਕਿਸਤਾਨ ਦੀ ਗੋਲੀ ਨਾਲ ਸ਼ਹੀਦ ਹੋਇਆ ਸੀ ਅਤੇ ਸਿੱਧੂ ਉਸ ਪਾਕਿਸਤਾਨ ਦੇ ਲੀਡਰਾਂ ਨੂੰ ਆਪਣਾ ਵੱਡਾ ਭਰਾ ਕਹਿ ਰਹੇ ਹਨ।
ਗੋਲੀ ਅਤੇ ਬੋਲੀ ਦੀ ਗੱਲ ਇਕੱਠੀ ਨਹੀਂ ਚੱਲ ਸਕਦੀ। ਇਸ ਬਾਰੇ ਲੀਡਰਸ਼ਿਪ ਨੂੰ ਸੋਚਣਾ ਪਵੇਗਾ ਕਿ ਉਨ੍ਹਾਂ ਨੂੰ ਪਾਰਟੀ ਤੋੜਨ ਵਾਲੇ ਚਾਹੀਦੇ ਹਨ ਜਾਂ ਉਹ ਵਰਕਰ ਜਿਨ੍ਹਾਂ ਨੇ ਸਿਦਕ ਨਾਲ ਪਾਰਟੀ ਲਈ ਕੰਮ ਕੀਤਾ। ਇਹ ਹੁਣ ਪਾਰਟੀ ਨੇ ਵਿਚਾਰ ਕਰਨਾ ਹੈ। ਬਲੀਏਵਾਲ ਨੇ ਕਿਹਾ ਕਿ ਜਦੋਂ ਉਹ ਪਾਰਟੀ ਵਿਚ ਅਹੁਦੇਦਾਰ ਸਨ ਤਾਂ ਉਹ ਪਾਰਟੀ ਦੀ ਇਕਜੁਟਦਾ ਦੀ ਗੱਲ ਕਰਦੇ ਸਨ ਕਿਉਂਕਿ ਉਹ ਪਾਰਟੀ ਦੇ ਖ਼ੈਰ-ਖੁਆਰ ਸਨ ਅਤੇ ਹੁਣ ਵੀ ਪਾਰਟੀ ਦਾ ਭਲਾ ਲੋਚਦੇ ਹਨ।
ਇਸ ਲਈ ਹੁਣ ਵੀ ਇਕੱਠੇ ਹੋਣ ਦਾ ਹੋਕਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਨੂੰ ਖ਼ੂਨ ਪਸੀਨੇ ਨਾਲ ਬਣਾਇਆ ਹੋਵੇ ਉਸ ਨੂੰ ਆਪਣੀ ਅੱਖੀਂ ਟੁੱਟਦਾ ਨਹੀਂ ਦੇਖ ਸਕਦਾ। ਪਾਰਟੀ ਨੂੰ ਮਜ਼ਬੂਤ ਕਰਨ ਲਈ ਨਰਿੰਦਰ ਮੋਦੀ ਨਾਲ ਆਹਮੋ ਸਾਹਮਣੀ ਲੜਾਈ ਲੜੀ, ਕਿਰਸਾਨੀ ਸੰਘਰਸ਼ ਦੌਰਾਨ ਕਈ ਨੋਟਿਸ ਆਏ ਪਰ ਅਸੀਂ ਡਟੇ ਰਹੇ। ਉਨ੍ਹਾਂ ਕਿਹਾ ਕਿ ਮੇਰੇ ਕੋਲ ਵੱਡਾ ਅਹੁਦਾ ਸੀ ਪਰ ਪਾਰਟੀ ਦਾ ਹੋ ਰਿਹਾ ਨਿਘਾਰ ਨਹੀਂ ਦੇਖ ਸਕਦਾ।
ਇਸ ਮੌਕੇ ਬਲੀਏਵਾਲ ਨੇ ਨਵਜੋਤ ਸਿੰਘ ਸਿੱਧੂ 'ਤੇ ਤੰਜ਼ ਕਰਦਿਆਂ ਕਿਹਾ ਕਿ ਜੇਕਰ ਮੈਂ ਵੀ ਸਿੱਧੂ ਵਰਗਾ ਹੁੰਦਾ ਤਾਂ ਕਦੋਂ ਦਾ ਖਿਲਾਰਾ ਪਾਈ ਰੱਖਦਾ। ਉਨ੍ਹਾਂ ਕਿਹਾ ਕਿ ਅੱਜ ਪਾਰਟੀ ਛੱਡਣ ਤੋਂ ਬਾਅਦ ਇੱਕ ਵਾਰ ਫਿਰ ਪਾਰਟੀ ਨੂੰ ਸੰਭਲਣ ਦਾ ਮੌਕਾ ਦਿੰਦਾ ਹਾਂ ਅਤੇ ਅਪੀਲ ਕਰਦਾ ਹਾਂ ਕਿ ਪਾਰਟੀ ਦੇ ਵਰਕਰਾਂ ਦਾ ਮਾਣ ਸਨਮਾਨ ਬਹਾਲ ਕੀਤਾ ਜਾਵੇ।
ਜਿਹੜੇ ਬੰਦੇ ਸਿਰਫ਼ ਸਾਢੇ ਚਾਰ ਸਾਲ ਪਹਿਲਾਂ ਪਾਰਟੀ ਵਿਚ ਆਏ ਹਨ ਉਨ੍ਹਾਂ ਨੂੰ ਕਿਨਾਰੇ ਕਰ ਕੇ ਵਧੀਆ ਬੰਦਿਆਂ ਨੂੰ ਮੌਕਾ ਦਿਤਾ ਜਾਵੇ ਜਿਨ੍ਹਾਂ ਨੇ ਪਾਰਟੀ ਲਈ ਕੁਰਬਾਨੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਅਤੇ ਉਨ੍ਹਾਂ ਦੇ ਪਰਵਾਰ ਦੀ ਘਾਲਣਾ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ।
ਇਨ੍ਹਾਂ ਹੀ ਨਹੀਂ ਬਲੀਏਵਾਲ ਨੇ ਕਿਹਾ ਕਿ 42 ਸਾਲ ਬਹੁਤ ਲੰਬਾ ਅਰਸਾ ਹੁੰਦਾ ਹੈ ਜੋ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਨੂੰ ਦਿਤਾ ਹੈ ਪਰ ਜਦੋਂ ਉਹ ਪਾਰਟੀ ਛੱਡ ਕੇ ਗਏ ਤਾਂ ਉਨ੍ਹਾਂ ਨੂੰ ਪੁੱਛਿਆ ਵੀ ਨਹੀਂ ਗਿਆ। ਉਨ੍ਹਾਂ ਕਿਹਾ ਕਿ ਇਹ ਸਭ ਸਵਾਲਾਂ ਦੇ ਜਵਾਬ ਲੋਕਾਂ ਦੀ ਕਚਹਿਰੀ ਵਿਚ ਦੇਣੇ ਪੈਂਦੇ ਹਨ ਅਤੇ ਜੇਕਰ ਆਉਣ ਵਾਲੇ ਦਿਨਾਂ ਵਿਚ ਵੀ ਇਹ ਨਾ ਹਟੇ ਤਾਂ ਇਨ੍ਹਾਂ ਦਾ ਜਵਾਬ ਕਾਂਗਰਸ ਨੂੰ ਦੇਣਾ ਪਵੇਗਾ।
ਅਗਲੇ ਸਿਆਸੀ ਸਫ਼ਰ ਬਾਰੇ ਪੁੱਛੇ ਸਵਾਲ 'ਤੇ ਬਲੀਏਵਾਲ ਨੇ ਕਿਹਾ ਕਿ ਅਜੇ ਕਿਸੇ ਵੀ ਪਾਰਟੀ ਵਿਚ ਜਾਣ ਦਾ ਇਰਾਦਾ ਨਹੀਂ ਹੈ। ਮੇਰਾ ਅਸਤੀਫ਼ਾ ਦੇਣਾ ਸਿਰਫ਼ ਪਾਰਟੀ ਨੂੰ ਹੋਕਾ ਦੇਣਾ ਹੈ ਕਿ ਉਹ ਅਜੇ ਵੀ ਸੰਭਲ ਜਾਵੇ ਕਿਉਂਕਿ ਜਿਂਵੇਂ ਕੈਪਟਨ ਅਮਰਿੰਦਰ ਨੇ ਨਵੀਂ ਪਾਰਟੀ ਬਣਾਈ ਹੈ ਅਤੇ ਹੋਰ ਵੀ ਕਈ ਸਿਆਸੀ ਧਿਰਾਂ ਹਨ ਪਰ ਜੇਕਰ ਸਾਡੀ ਪਾਰਟੀ ਅੱਜ ਵੀ ਸੁਧਰ ਜਾਵੇ ਤਾਂ ਮੈਨੂੰ ਕੋਈ ਸ਼ਿਕਾਇਤ ਨਹੀਂ ਹੋਵੇਗੀ।
ਉਨ੍ਹਾਂ ਕਿਹਾ ਕਿ ਪਾਰਟੀ ਦਫ਼ਤਰ ਨੂੰ ਇਸ ਸਮੇਂ ਤਾਲਾ ਲੱਗਾ ਹੋਇਆ ਹੈ ਪਰ ਜਦੋਂ ਕੈਪਟਨ ਅਮਰਿੰਦਰ ਸੱਤਾ ਵਿਚ ਸਨ ਤਾਂ ਹਰ ਰੋਜ਼ ਪਾਰਟੀ ਵਰਕਰਾਂ ਦੀ ਮਿਲਣੀ ਹੁੰਦੀ ਸੀ। ਜਦੋਂ ਦੇ ਨਵਜੋਤ ਸਿੱਧੂ ਅਤੇ ਚਰਨਜੀਤ ਚੰਨੀ ਦੇ ਹੱਥ ਵਿਚ ਕਮਾਨ ਆਈ ਹੈ ਉਦੋਂ ਦਾ ਇਸ ਦੇ ਉਲਟ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਕੈਪਟਨ,ਸੁਨੀਲ ਜਾਖੜ ਅਤੇ ਚੰਨੀ ਸ੍ਹਾਬ ਦੀ ਤਾਰੀਫ਼ ਕੀਤੀ ਹੈ ਅਤੇ ਮੈਂ ਮੰਨਦਾ ਹਾਂ ਕਿ ਚੰਨੀ ਸ੍ਹਾਬ ਚੰਗਾ ਕੰਮ ਕਰ ਰਹੇ ਹਨ ਪਰ ਜਦੋਂ ਤੱਕ ਪਾਰਟੀ ਪ੍ਰਧਾਨ ਉਨ੍ਹਾਂ ਦੇ ਵਿਰੁੱਧ ਬੋਲਦੇ ਰਹਿਣਗੇ ਅਤੇ ਉਨ੍ਹਾਂ ਨੂੰ ਠਿੱਠ ਕਰੀ ਜਾਣਗੇ ਤਾਂ ਕਿਸੇ ਨੂੰ ਤਾਂ ਆਵਾਜ਼ ਚੁੱਕਣੀ ਹੀ ਪਵੇਗੀ।
ਪਹਿਲਾਂ ਮੈਂ ਜਾਬਤੇ ਵਿਚ ਸੀ ਪਰ ਅੱਜ ਪਾਰਟੀ ਅਹੁਦੇ ਤੋਂ ਅਸਤੀਫ਼ਾ ਦੇ ਕੇ ਖੁੱਲ੍ਹ ਕੇ ਬੋਲ ਰਿਹਾ ਹਾਂ, ਇਨ੍ਹਾਂ ਵਾਂਗੂ ਘਰ ਵਿਚ ਬੈਠ ਕੇ ਘਰ ਨੂੰ ਢਾਹ ਨਹੀਂ ਰਿਹਾ। ਬਲੀਏਵਾਲ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹੋ ਸਕਦਾ ਹੈ ਤਾਂ ਪਾਰਟੀ ਨੂੰ ਬਚਾ ਲਉ ਨਹੀਂ ਤਾਂ ਨਵਜੋਤ ਸਿੱਧੂ ਪਾਰਟੀ ਨੂੰ ਖੇਰੂੰ ਖੇਰੂੰ ਕਰ ਦੇਣਗੇ ਅਤੇ ਆਉਣ ਵਾਲੇ ਕੁੱਝ ਹੀ ਦਿਨਾਂ ਵਿਚ ਕਾਂਗਰਸ ਦੇ ਕਈ ਚਿਹਰੇ ਪਾਰਟੀ ਛੱਡ ਜਾਣਗੇ।
ਬਲੀਏਵਾਲ ਨੇ ਕਿਹਾ ਕਿ ਫਿਲਹਾਲ ਮੇਰੀ ਕਿਸੇ ਵੀ ਪਾਰਟੀ ਨਾਲ ਕੋਈ ਗੱਲ ਨਹੀਂ ਹੋ ਹੈ ਪਰ ਮੇਰੀ ਸਾਰਿਆਂ ਨਾਲ ਮਿੱਤਰਤਾਈ ਹੈ। ਜੋ ਵੀ ਪੰਜਾਬ ਅਤੇ ਪੰਜਾਬੀਅਤ ਦੇ ਭਲੇ ਲਈ ਕੰਮ ਕਰੇਗਾ ਮੈਂ ਉਨ੍ਹਾਂ ਦਾ ਸਾਥ ਦੇਵਾਂਗਾ। ਕਾਂਗਰਸ ਵਿਚ ਵਾਪਸੀ 'ਤੇ ਬੋਲਦਿਆਂ ਬਲੀਏਵਾਲ ਨੇ ਦੱਸਿਆ ਕਿ ਸਿੱਧੂ ਨੂੰ ਤਕਰੀਬਨ ਪੰਜ ਮਹੀਨੇ ਹੋ ਗਏ ਹਨ ਅਹੁਦਾ ਸੰਭਾਲੇ ਨੂੰ ਪਰ ਅਜੇ ਤਕ ਇਕ ਵਾਰ ਵੀ ਮੁਲਾਕਾਤ ਨਹੀਂ ਕੀਤੀ।
ਉਨ੍ਹਾਂ ਦੱਸਿਆ ਕਿ ਮੇਰੀ ਇਕ ਨਿਜੀ ਚੈਨਲ 'ਤੇ ਡਿਬੇਟ ਸੀ ਪਰ ਨਵਜੋਤ ਸਿੱਧੂ ਨੇ ਉਥੇ ਜਾਣ ਤੋਂ ਮਨ੍ਹਾ ਕਰ ਦਿਤਾ ਅਤੇ ਜਦੋਂ ਮੈਂ ਕਿਹਾ ਕਿ ਮੈਂ ਪਹਿਲਾਂ ਹੀ ਸਮਾਂ ਦੇ ਚੁੱਕਾ ਹੈ ਤਾਂ ਸਿੱਧੂ ਦਾ ਕਹਿਣਾ ਸੀ ਕਿ 'ਇਹ ਇੱਕ ਪ੍ਰਧਾਨ ਦਾ ਹੁਕਮ ਹੈ, ਉਸ ਡਿਬੇਟ ਵਿਚ ਹਿੱਸਾ ਨਹੀਂ ਲਾਓਗੇ'। ਉਨ੍ਹਾਂ ਕਿਹਾ ਕਿ ਇਹ ਸਾਡੇ '84 ਦੇ ਪੀੜਤਾਂ ਅਤੇ ਸ਼ਹੀਦ ਫ਼ੌਜੀਆਂ ਦੇ ਪ੍ਰਵਾਰਾਂ ਦਾ ਦਰਦ ਹੈ ਜੋ ਮੈਂ ਮਹਿਸੂਸ ਕੀਤਾ ਅਤੇ ਇਹ ਫ਼ੈਸਲਾ ਲਿਆ ਜੇਕਰ ਪਾਰਟੀ ਅਜੇ ਵੀ ਨਾ ਸੰਭਲੀ ਅਤੇ ਨਵਜੋਤ ਸਿੱਧੂ ਇਸ ਦਾ ਪ੍ਰਧਾਨ ਰਿਹਾ ਤਾਂ ਆਉਣ ਵਾਲੇ ਦਿਨਾਂ ਵਿਚ ਇਸ ਦਾ ਟੁੱਟਣਾ ਤੈਅ ਹੈ।