ਖ਼ਰਾਬ ਮੌਸਮ ਕਾਰਨ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਉ ਤੋਂ ਘਬਰਾਈ 'ਆਪ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਜ਼ਾਦ ਭਾਰਤ ਦੇ ਅੰਨਾ ਹਜ਼ਾਰੇ ਦੇ ਸਭ ਤੋਂ ਕਰੜੇ ਅੰਦੋਲਨ 'ਚੋਂ ਉਪਜੀ ਆਮ ਆਦਮੀ ਪਾਰਟੀ (ਆਪ) ਪੰਜਾਬ 'ਚ ਖ਼ਰਾਬ ਮੌਸਮ ਤੋਂ ਘਬਰਾ ਗਈ ਹੈ।

Photo

ਮਹਿੰਗੀ ਬਿਜਲੀ ਵਿਰੁਧ ਰੋਸ ਪ੍ਰਦਰਸ਼ਨ ਦਾ ਮਾਮਲਾ
ਅੰਨਾ ਹਜ਼ਾਰੇ ਦੇ ਕਰੜੇ ਅੰਦੋਲਨ 'ਚੋਂ ਉਪਜੀ ਪਾਰਟੀ ਪ੍ਰੋਗਰਾਮ ਮੁਲਤਵੀ

ਚੰਡੀਗੜ੍ਹ (ਨੀਲ ਭਾਲਿੰਦਰ ਸਿੰਘ): ਆਜ਼ਾਦ ਭਾਰਤ ਦੇ ਅੰਨਾ ਹਜ਼ਾਰੇ ਦੇ ਸਭ ਤੋਂ ਕਰੜੇ ਅੰਦੋਲਨ 'ਚੋਂ ਉਪਜੀ ਆਮ ਆਦਮੀ ਪਾਰਟੀ (ਆਪ) ਪੰਜਾਬ 'ਚ ਖ਼ਰਾਬ ਮੌਸਮ ਤੋਂ ਘਬਰਾ ਗਈ ਹੈ।

'ਆਪ' ਵਲੋਂ ਬਿਜਲੀ ਦੀਆਂ ਬੇਤਹਾਸ਼ਾ ਮਹਿੰਗੀਆਂ ਦਰਾਂ ਵਿਰੁਧ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ 7 ਜਨਵਰੀ ਨੂੰ ਕੀਤੇ ਜਾਣ ਵਾਲਾ ਘਿਰਾਉ ਖ਼ਰਾਬ ਮੌਸਮ ਕਾਰਨ ਅੱਗੇ ਪਾ ਦਿਤਾ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਲਦ ਹੀ ਪਾਰਟੀ ਲੀਡਰਸ਼ਿਪ ਵਲੋਂ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦੇ ਘਿਰਾਉ ਦੀ ਨਵੀਂ ਤਾਰੀਖ਼ ਦਾ ਐਲਾਨ ਕਰੇਗੀ।

ਦਸਣਯੋਗ ਹੈ ਕਿ ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਸੱਤਾ 'ਤੇ ਕਬਜ਼ਾ ਨਾ ਹੋ ਸਕਣ ਤੋਂ ਹੀ ਸੂਬੇ 'ਚ ਪਾਰਟੀ ਦੇ ਹੌਂਸਲੇ ਪਸਤ ਹੋਣੇ ਸ਼ੁਰੂ ਹੋ ਗਏ ਸਨ।
ਪਾਰਟੀ ਵਲੋਂ ਥਾਪੇ ਗਏ ਪਲੇਠੇ ਨੇਤਾ ਵਿਰੋਧੀ ਧਿਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਹੀ ਪਹਿਲੇ ਸਾਲ 'ਚ ਹੀ ਨਾ ਸਿਰਫ਼ ਅਹੁਦਾ ਛੱਡ ਦਿਤਾ ਬਲਕਿ ਲੱਗੇ ਹੱਥ ਵਿਧਾਇਕੀ ਤੋਂ ਵੀ ਅਸਤੀਫ਼ਾ ਦੇ ਮਾਰਿਆ।

ਮਗਰੋਂ ਕਾਂਗਰਸ 'ਚੋਂ ਆਏ ਤੇਜ਼ ਤਰਾਰ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੂੰ ਵਿਧਾਇਕ ਦਲ ਦੀ ਅਗਵਾਈ ਸੌਂਪੀ ਗਈ। ਪਰ ਪਾਰਟੀ ਉੱਤੇ ਦਿੱਲੀ ਇਕਾਈ ਖਾਸਕਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰਾਜ ਸਭਾ ਮੈਂਬਰ ਸੰਜੇ ਸਿੰਘ, ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਕੁਝ ਹੋਰਨਾਂ ਦਿੱਲੀ ਪੱਖੀ ਪੰਜਾਬ ਦੇ ਵਿਧਾਇਕਾਂ ਦਾ ਗਲਬਾ ਇੰਨਾ ਭਾਰੀ ਸੀ ਕਿ ਉਹ ਖਹਿਰਾ ਨੂੰ ਬਰਦਾਸ਼ਤ ਹੀ ਨਹੀਂ ਕਰ ਸਕੇ।

ਪਾਰਟੀ ਹਾਈਕਮਾਨ ਨੇ ਖਹਿਰਾ ਨੂੰ ਜਿਉਂ ਹੀ ਨੇਤਾ ਵਿਰੋਧੀ ਧਿਰ ਦੇ ਅਹੁਦੇ ਤੋਂ ਲਾਂਭੇ ਕੀਤਾ ਤਾਂ ਪਾਰਟੀ ਦੋਫਾੜ ਹੋ ਗਈ। ਪੰਜਾਬ ਦੀਆਂ ਜ਼ਿਮਨੀ ਚੋਣਾਂ ਤੇ ਲੋਕ ਸਭਾ ਚੋਣਾਂ ਵਿਚ 'ਜ਼ਮਾਨਤ ਜ਼ਬਤ ਪਾਰਟੀ' ਦਾ ਠੱਪਾ ਲਵਾ ਚੁੱਕੀ 'ਆਪ' ਹੁਣ ਮੁੜ ਪੰਜਾਬ ਵਿਚ ਦਿੱਲੀ ਚੋਣਾਂ ਦੇ ਬਹਾਨੇ ਸਿਆਸੀ ਜ਼ਮੀਨ ਤਲਾਸ਼ ਕਰਦੀ ਪ੍ਰਤੀਤ ਹੋ ਰਹੀ ਹੈ। ਜਿਸ ਦਾ ਹੀ ਸਿੱਟਾ ਹਨ ਕਿ ਇਹ ਸੰਕੇਤਕ ਰੋਸ ਵਿਖਾਵੇ ਤੇ ਧਰਨੇ ਮੁਜ਼ਾਹਰੇ ਜੋ ਕਿ ਸਰਦੀ ਦੀ ਪਹਿਲੀ ਹੀ ਮੌਸਮੀ ਬਾਰਸ਼ ਨੇ ਭਿਉ ਅਤੇ ਠਾਰ ਦਿਤੇ।