ਇਰਾਨ ਨਾਲ ਅਮਰੀਕਾ ਦੀ ਹੋ ਸਕਦੀ ਹੈ ਜੰਗ ! ਅਮਰੀਕਾ ਨੇ ਆਪਣੇ 3 ਹਜ਼ਾਰ ਸੈਨਿਕ ਕੀਤੇ ਰਵਾਨਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਹਵਾਈ ਹਮਲੇ ਵਿਚ ਇਰਾਨੀ ਕਮਾਂਡਰ ਦੀ ਹੋਈ ਸੀ ਮੌਤ

File Photo

ਨਵੀਂ ਦਿੱਲੀ : ਅਮਰੀਕਾ ਦੇ ਹਵਾਈ ਹਮਲੇ ਵਿਚ ਇਰਾਨੀ ਕਮਾਡਰ ਦੀ ਹੋਈ ਮੌਤ ਤੋਂ ਬਾਅਦ ਪੱਛਮੀ ਏਸ਼ੀਆ ਵਿਚ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਪਹਿਲਾਂ ਤੋਂ ਹੀ ਤਣਾਅ ਪੂਰਨ ਹਲਾਤਾਂ ਵਿਚੋਂ ਗੁਜ਼ਰ ਰਹੇ ਇਰਾਨ ਅਤੇ ਅਮਰੀਕਾ ਵਿਚਾਲੇ ਸਥਿਤੀ ਹੋਰ ਵੀ ਗੰਭੀਰ ਹੁੰਦੀ ਜਾ ਰਹੀ ਹੈ।

ਇਕ ਪਾਸੇ ਜਿੱਥੇ ਇਰਾਨ ਆਪਣੇ ਕਮਾਂਡਰ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਕਹਿ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਸਥਿਤੀ ਨੂੰ ਵੇਖਦੇ ਹੋਏ ਅਮਰੀਕਾ ਆਪਣੇ ਤਿੰਨ ਹਜ਼ਾਰ ਸੈਨਿਕ ਪੱਛਮੀ ਏਸ਼ੀਆ ਵੱਲ ਭੇਜ ਰਿਹਾ ਹੈ। ਅਮਰੀਕਾ ਦੇ ਰੱਖਿਆ ਮੰਤਰਾਲੇ ਪੈਂਟਾਗਨ ਨੇ ਅਜੇ ਇਸ ਫੈਸਲੇ ਦੀ ਅਧਿਕਾਰਕ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਹੈ ਪਰ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਖਬਰ ਮਿਲ ਰਹੀ ਹੈ ਕਿ ਇਰਾਨ ਨਾਲ ਨਜਿੱਠਣ ਲਈ ਅਮਰੀਕਾ ਇਹ ਕਦਮ ਚੁੱਕਣ ਜਾ ਰਿਹਾ ਹੈ।

ਅਮਰੀਕਾ ਨੇ ਇਸ ਤੋਂ ਪਹਿਲਾਂ ਮਈ ਵਿਚ 14 ਹਜ਼ਾਰ ਸੈਨੀਕਾ ਦੀ ਪੱਛਮੀ ਏਸ਼ੀਆ ਵਿਚ ਤਾਇਨਾਤੀ ਕੀਤੀ ਸੀ। ਮਈਂ ਵਿਚ ਟਰੰਪ ਪ੍ਰਸ਼ਾਸਨ ਨੇ ਅਧਿਕਾਰਤ ਰੂਪ ਵਿਚ ਇਹ ਦਾਅਵਾ ਕੀਤਾ ਸੀ ਕਿ ਇਰਾਨ ਅਮਰੀਕੀ ਹਿੱਤਾ 'ਤੇ ਹਮਲੇ ਦੀ ਯੋਜ਼ਨਾ ਬਣਾ ਰਿਹਾ ਹੈ।  ਦੱਸ ਦਈਏ ਕਿ ਅਮਰੀਕੀ ਫੌਜ਼ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮ 'ਤੇ ਇਰਾਨ ਦੇ ਮੇਜਰ ਜਨਰਲ ਕਾਸਿਮ ਸੁਲੇਮਾਨੀ ਨੂੰ ਬਗਦਾਦ ਦੇ ਏਅਰਪੋਰਟ ਨੇੜੇ ਹਵਾਈ ਹਮਲੇ ਵਿਚ ਮਾਰ ਦਿੱਤਾ ਸੀ।

ਜਨਰਲ ਸੁਲੇਮਾਨੀ ਦੀ ਇਰਾਨ ਵਿਚ ਇਕ ਵੱਡੀ ਪਹਿਚਾਣ ਸੀ। ਉਸ ਨੂੰ ਆਉਣ ਵਾਲੇ ਸਮੇਂ ਵਿਚ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਵੀ ਮੰਨਿਆ ਜਾ ਰਿਹਾ ਸੀ। ਸੁਲੇਮਾਮ ਨੂੰ ਇਰਾਨ ਦੀ ਸੁਰੱਖਿਆ ਨੀਤੀ ਦਾ ਵੱਡਾ ਕਾਰਗੁਜ਼ਾਰ ਵੀ ਕਿਹਾ ਜਾਂਦਾ ਸੀ ਜਿਸ ਕਰਕੇ ਉਸ ਦੀ ਮੌਤ ਤੋਂ ਬਾਅਦ ਇਰਾਨ ਵਿਚ ਵਿਰੋਧ ਪ੍ਰਦਰਸ਼ਨਾਂ ਦਾ ਦੌਰ ਲਗਾਤਾਰ ਜਾਰੀ ਹੈ।