ਭਾਜਪਾ ਆਗੂਆਂ ਦੇ ‘ਵਿਗੜੇ ਬੋਲ’, ਅਖੇ, ਵੱਖਰੀ ਸਿਆਸੀ ਧਿਰ ਬਣਾਉਣਾ ਚਾਹੁੰਦੇ ਨੇ ਕਿਸਾਨ ਆਗੂ!
ਕਿਹਾ, ਜਾਣਬੁਝ ਕੇ ਮਸਲਾ ਹੱਲ ਨਹੀਂ ਹੋਣ ਦੇ ਰਹੇ ਕਿਸਾਨ ਆਗੂ, ਕੇਜਰੀਵਾਲ ਵਾਂਗ ਸਿਆਸਤ ਵਿਚ ਆਉਣਾ ਚਾਹੁੰਦੇ ਨੇ...
ਚੰਡੀਗੜ੍ਹ : ਕਿਸਾਨੀ ਘੋਲ ਦੀ ਤੀਬਰਤਾ ਨੇ ਭਾਜਪਾ ਆਗੂਆਂ ਦੀ ਨੀਂਦ ਉਡਾ ਦਿਤੀ ਹੈ। ਪੰਜਾਬ ਨਾਲ ਸਬੰਧਤ ਦੋ ਭਾਜਪਾ ਆਗੁੂਆਂ ਦੀ ਨਵੇਂ-ਨਵੇਂ ਬਿਆਨਾਂ ਕਾਰਨ ਇੰਨੀ ਦਿਨੀਂ ਰੱਜ ਦੇ ਜੱਗ-ਹਸਾਈ ਹੋ ਰਹੀ ਹੈ। ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਤੋਂ ਬਾਅਦ ਇਨ੍ਹਾਂ ਆਗੂਆਂ ਦੀ ਟੂਨ ਬਿਲਕੁਲ ਬਦਲ ਚੁੱਕੀ ਹੈ। ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਅਤੇ ਹਰਜੀਤ ਸਿੰਘ ਗਰੇਵਾਲ ਵਲੋਂ ਦਿਤੇ ਜਾ ਰਹੇ ਬਿਆਨਾਂ ’ਤੇ ਕਿਸਾਨ ਆਗੂਆਂ ਵਲੋਂ ਵੱਡੇ ਸਵਾਲ ਉਠਾਏ ਜਾ ਰਹੇ ਹਨ।
ਬੀਤੇ ਕੱਲ੍ਹ ਸੁਰਜੀਤ ਜਿਆਣੀ ਨੇ ਕਿਹਾ ਸੀ ਕਿ ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨੀ ਸੰਘਰਸ਼ ਲੀਡਰਲੈਂਸ ਹੋ ਚੁੱਕਾ ਹੈ ਅਤੇ ਸੰਘਰਸ਼ ਨੂੰ ਇਸ ਵੇਲੇ ਕਮਿਊਨਿਸਟ ਅਤੇ ਮਾਊਵਾਦੀ ਕਿਸਮ ਦੇ ਆਗੂ ਚਲਾ ਰਹੇ ਹਨ। ਜਿਆਣੀ ਦੇ ਇਸ ਬਿਆਨ ਦੀ ਸੰਘਰਸ਼ੀ ਧਿਰਾਂ ਦਰਮਿਆਨ ਰੱਜ ਕੇ ਜੱਗ-ਹਸਾਈ ਹੋਈ। ਇਸੇ ਦੌਰਾਨ ਉਨ੍ਹਾਂ ਦਾ ਅੱਜ ਇਕ ਨਵਾਂ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਸਾਹਮਣੇ ਕਿਸਾਨ ਆਗੂ ‘ਮੁੜ ਪ੍ਰਗਟ’ ਹੋ ਗਏ ਹਨ। ਜਿਆਣੀ ਮੁਤਾਬਕ ਸੰਘਰਸ਼ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਨਹੀਂ ਚਾਹੁੰਦੇ ਕਿ ਕਿਸਾਨਾਂ ਦਾ ਮਸਲਾ ਹੱਲ ਹੋਵੇ।
ਜਿਆਣੀ ਮੁਤਾਬਕ ਇਹ ਕਿਸਾਨ ਆਗੂ ਚਾਹੰੁਦੇ ਹਨ ਕਿ ਸਰਕਾਰ ਉਨ੍ਹਾਂ ਨੂੰ ਫੜ ਕੇ ਜੇਲ੍ਹਾਂ ਅੰਦਰ ਸੁੱਟ ਦੇਵੇ ਅਤੇ ਧਰਨਾਕਾਰੀਆਂ ਨੂੰ ਇੱਥੋਂ ਭਜਾ ਦੇਵੇ। ਫਿਰ ਜਦੋਂ ਇਹ ਦੋ-ਤਿੰਨ ਮਹੀਨੇ ਬਾਅਦ ਰਿਹਾਅ ਹੋ ਕੇ ਪਰਤਣ ਤਾਂ ਲੋਕ ਇਨ੍ਹਾਂ ਨੂੰ ਅਪਣੇ ਹੀਰੋ ਮੰਨ ਕੇ ਗਲਾਂ ਵਿਚ ਹਾਰ ਪਾਉਣ ਅਤੇ ਫਿਰ ਇਹ ਅਪਣੀ ਪਾਰਟੀ ਬਣਾ ਕੇ ਚੋਣਾਂ ਲੜਨ। ਜਿਆਣੀ ਨੇ ਆਪਣੀਆਂ ਸ਼ੰਕਾਵਾਂ ਨੂੰ ਸਹੀ ਸਾਬਤ ਕਰਨ ਲਈ ਅੰਨਾ ਹਜ਼ਾਰੇ ਦੇ ਅੰਦੋਲਨ ਦਾ ਜ਼ਿਕਰ ਵੀ ਕੀਤਾ ਜਿਸ ਵਿਚੋਂ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਅਤੇ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਬਣੇ।
ਜਿਆਣੀ ਮੁਤਾਬਕ ਜਦੋਂ ਵੀ ਕੋਈ ਵੱਡਾ ਅੰਦੋਲਨ ਹੁੰਦਾ ਹੈ ਤਾਂ ਉਸ ਵਿਚੋਂ ਨਵੀਂ ਸਿਆਸੀ ਧਿਰ ਖੜ੍ਹੀ ਹੋਣ ਦੀ ਸੰਭਾਵਨਾ ਹੰੁਦੀ ਹੈ। ਕਿਸਾਨ ਆਗੂ ਵੀ ਅਜੋਕੇ ਸੰਘਰਸ਼ ਵਿਚੋਂ ਅਪਣੀਆਂ ਸਿਆਸੀ ਰਾਹਾਂ ਤਲਾਸ਼ ਰਹੇ ਹਨ, ਵਰਨਾ ਉਹ ਮਸਲੇ ਨੂੰ ਉਲਝਾਉਣ ਦੀ ਬਜਾਏ ਸਰਕਾਰ ਦੇ ਖੇਤੀ ਕਾਨੂੰਨਾਂ ਵਿਚਲੀਆਂ ਕਮੀਆਂ ਨੂੰ ਦੂਰ ਕਰਨ ਦੀ ਗੱਲ ਮੰਨ ਕੇ ਅੰਦੋਲਨ ਸਮਾਪਤ ਕਰ ਦਿੰਦੇ। ਜਿਆਣੀ ਦੇ ਇਸ ਬਿਆਨ ਦੀ ਵੀ ਕੱਲ੍ਹ ਵਾਲੇ ਬਿਆਨ ਵਾਂਗ ਜੱਗ-ਹਸਾਈ ਸ਼ੁਰੂ ਹੋ ਗਈ ਹੈ। ਕਿਸਾਨੀ ਸੰਘਰਸ਼ ਨਾਲ ਜੁੜੇ ਚਿੰਤਕਾਂ ਮੁਤਾਬਕ ਜਿਆਣੀ ਕੱਲ੍ਹ ਤਕ ਜਿਸ ਅੰਦੋਲਨ ਨੂੰ ਆਗੂ-ਵਿਹੂਣਾ ਕਹਿ ਰਹੇ ਸਨ, ਅੱਜ ਉਸੇ ਅੰਦੋਲਨ ਦੇ ਆਗੂਆਂ ਨੂੰ ਵੱਡੀ ਸਿਆਸੀ ਧਿਰ ਸਥਾਪਤ ਕਰਨ ਦੇ ਕਾਬਲ ਸਮਝ ਰਹੇ ਹਨ। ਕਿਸਾਨ ਆਗੂ ਸਵਾਲ ਉਠਾ ਰਹੇ ਹਨ ਕਿ ਜਿਆਣੀ ਦੇ ਕਹਿਣ ਮੁਤਾਬਕ ਜਿਹੜੇ ਆਗੂ ਕੱਲ੍ਹ ਤਕ ਕਿਸਾਨੀ ਸੰਘਰਸ਼ ਦੀ ਅਗਵਾਈ ਵੀ ਚੰਗੀ ਤਰ੍ਹਾਂ ਨਹੀਂ ਸਨ ਕਰ ਪਾ ਰਹੇ, ਅੱਜ ਉਹ ਇਕ ਸਿਆਸੀ ਧਿਰ ਸਥਾਪਤ ਕਰ ਕੇ ਚੋਣਾਂ ਲੜਨ ਦੇ ਕਾਬਲ ਕਿਵੇਂ ਹੋ ਸਕਦੇ ਹਨ?
ਕਾਬਲੇਗੌਰ ਹੈ ਕਿ ਭਲਕੇੇ 8 ਤਰੀਕ ਨੂੰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਵਲੋਂ ਅੱਜ ਦਿੱਲੀ ਦੀਆਂ ਸਰਹੱਦਾਂ ’ਤੇ ਵਿਸ਼ਾਲ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਮੁਤਾਬਕ ਇਹ ਟਰੈਕਟਰ ਮਾਰਚ ਇਕ ਰਿਹਸਲ ਹੈ। ਜੇਕਰ ਸਰਕਾਰ ਨੇ ਕਿਸਾਨਾਂ ਦਾ ਮਸਲਾ ਹੱਲ ਨਾ ਕੀਤਾ ਤਾਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਵਲੋਂ ਵਿਸ਼ਾਲ ਟਰੈਕਟਰ ਰੈਲੀ ਕੱਢੀ ਜਾਵੇਗੀ। ਅੱਜ ਦੀ ਟਰੈਕਟਰ ਰੈਲੀ ਦੀ ਸਫ਼ਲਤਾ ਤੋਂ ਬਾਅਦ ਭਾਜਪਾ ਆਗੂਆਂ ਦੇ ਤਿੱਖੇ ਬਿਆਨ ਆਉਣੇ ਸ਼ੁਰੂ ਹੋ ਗਏ ਹਨ।
ਜਿਆਣੀ ਤੋਂ ਇਲਾਵਾ ਕੇਂਦਰੀ ਖੇਤੀ ਰਾਜ ਮੰਤਰੀ ਦਾ ਬਿਆਨ ਵੀ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਸਿਰੇ ਤੋਂ ਨਕਾਰਦਿਆਂ ਖਦਸ਼ਾ ਜਾਹਰ ਕੀਤਾ ਹੈ ਕਿ ਖੇਤੀ ਕਾਨੂੰਨ ਰੱਦ ਕਰਨ ਦੀ ਸੂਰਤ ਵਿਚ ਅਜਿਹੇ ਅੰਦੋਲਨਾਂ ਦੀ ਝੜੀ ਲੱਗ ਜਾਵੇਗੀ। ਧਾਰਾ 370 ਅਤੇ ਸੀਏਏ ਵਰਗੇ ਮੁੱਦਿਆਂ ’ਤੇ ਵੀ ਅੰਦੋਲਨ ਹੋਣ ਦਾ ਡਰ ਹੈ। ਭਾਜਪਾ ਆਗੂਆਂ ਦੇ ਅਜਿਹੇ ਬਿਆਨਾਂ ਨੂੰ ਕਿਸਾਨੀ ਸੰਘਰਸ਼ ਦੇ ਭਾਰੀ ਦਬਾਅ ਦੇ ਪ੍ਰਤੀਕਰਮ ਵਜੋਂ ਲਿਆ ਜਾ ਰਿਹਾ ਹੈ।