ਕਿਸਾਨਾਂ ਦਾ ਟਰੈਕਟਰ ਮਾਰਚ ਜਾਰੀ, ਪੁਲਿਸ ਨਾਲ ਹੱਥੋਪਾਈ ਦੌਰਾਨ ਕਈ ਕਿਸਾਨ ਜ਼ਖ਼ਮੀ
ਗਾਜ਼ੀਪੁਰ ਬਾਰਡਰ ਤੋਂ 119 ਟਰੈਕਟਰ, 15 ਕਾਰਾਂ ਤੇ ਇਕ ਬਾਈਕ ‘ਤੇ 500 ਕਿਸਾਨ ਹੋਏ ਰਵਾਨਾ
ਨਵੀਂ ਦਿੱਲੀ: ਕਿਸਾਨਾਂ ਦੇ ਟਰੈਕਟਰ ਮਾਰਚ ਨੂੰ ਸਫਲ ਬਣਾਉਣ ਲਈ ਕੇਜੀਪੀ-ਕੇਐਮਪੀ ਨੇੜੇ ਤਿੰਨ ਹਜ਼ਾਰ ਤੋਂ ਜ਼ਿਆਦਾ ਟਰੈਕਟਰ ਲੈ ਕੇ ਕਿਸਾਨ ਇਕੱਠੇ ਹੋਏ। ਇਸ ਤੋਂ ਬਾਅਦ ਇੱਥੋਂ ਕਿਸਾਨਾਂ ਦਾ ਮਾਰਚ ਸ਼ੁਰੂ ਹੋਇਆ। ਤਿੰਨ ਖੇਤੀ ਕਾਨੂੰਨਾਂ ਤੇ ਐਮਐਸਪੀ ਦੇ ਮੁੱਦੇ ‘ਤੇ ਸਰਕਾਰ ਨਾਲ 8ਵੇਂ ਗੇੜ ਦੀ ਬੈਠਕ ਤੋਂ ਇਕ ਦਿਨ ਪਹਿਲਾਂ ਅੱਜ ਕਿਸਾਨਾਂ ਨੇ ਯੂਪੀ ਗੇਟ ਤੋਂ ਟਰੈਕਟਰ ਮਾਰਚ ਕੱਢਿਆ ਹੈ।
ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦੀ ਅਗਵਾਈ ਵਿਚ ਕਿਸਾਨ ਯੂਪੀ ਗੇਟ ਤੋਂ ਕਰੀਬ 10 ਵਜੇ ਸਵੇਰੇ ਰਵਾਨਾ ਹੋਏ। ਇਸ ਦੌਰਾਨ ਕਿਸਾਨ ਅਪਣੇ ਹੋਰ ਵਾਹਨ ਲੈ ਕੇ ਵੀ ਸ਼ਾਮਲ ਹੋਏ। ਕਿਸਾਨਾਂ ਦਾ ਕਾਫਲਾ ਦਿੱਲੀ ਮੇਰਠ ਐਕਸਪ੍ਰੈਸਵੇ ਤੋਂ ਇੰਦਰਾਪੁਰਮ ਗੌਰ ਅਵੈਨਿਊ, ਨੋਇਡਾ ਸੈਕਟਰ 62, ਛਿਜਾਰਸੀ ਹਿੰਡਨ ਨਹਿਰ ਪੁਲ ਤੋਂ ਹੁੰਦੇ ਹੋਏ ਵਿਜੈਨਗਰ ਨੂੰ ਪਾਰ ਕਰ ਰਿਹਾ ਹੈ।
ਇਸ ਦੌਰਾਨ ਗੁਰੂਗ੍ਰਾਮ ਵਿਚ ਧਰਨਾ ਦੇ ਰਹੇ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰਾਂ ਨੇ ਵੀ ਟਰੈਕਟਰ ਰੈਲੀ ਕੱਢਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਦਿੱਲੀ ਵਿਚ ਵੱਖ-ਵੱਖ ਥਾਵਾਂ ‘ਤੇ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ।
ਬੁਰਾੜੀ ਗਰਾਊਂਡ ਵਿਚ ਬੈਠੇ ਕਿਸਾਨਾਂ ਨੂੰ ਟਰੈਕਟਰ ਮਾਰਚ ਵਿਚ ਸ਼ਾਮਲ ਹੋਣ ਤੋਂ ਰੋਕਣ ਲਈ ਪੁਲਿਸ ਵੱਲੋਂ ਬੈਰੀਕੇਡਿੰਗ ਵੀ ਕੀਤੀ ਗਈ ਪਰ ਕਿਸਾਨ ਬੈਰੀਕੇਡ ਤੋੜ ਕੇ ਬਾਹਰ ਨਿਕਲ ਗਏ। ਇਸ ਤੋਂ ਇਲਾਵਾ ਪੁਲਿਸ ਤੇ ਕਿਸਾਨਾਂ ਵਿਚਕਾਰ ਹਲਕੀ ਝੜਪ ਦੀਆਂ ਵੀ ਖ਼ਬਰਾਂ ਆ ਰਹੀਆਂ ਹਨ। ਜਿਸ ਵਿਚ ਕਈ ਕਿਸਾਨ ਜ਼ਖਮੀ ਦੱਸੇ ਜਾ ਰਹੇ ਹਨ।