'ਛੋਟੇ ਬਾਦਲ ਨੂੰ ਅੱਜ ਤਮੀਜ਼ ਸਿੱਖਣ ਦੀ ਲੋੜ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਬੀਰ ਬਾਦਲ 2022 'ਚ ਮੁੱਖ ਮੰਤਰੀ ਬਣਨ ਦਾ ਸੁਪਨਾ ਭੁੱਲ ਜਾਣ: ਬ੍ਰਹਮਪੁਰਾ

Photo

ਚੋਹਲਾ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਆਗੂ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ 21 ਫ਼ਰਵਰੀ ਨੂੰ ਜ਼ਿਲ੍ਹਾ ਪਧਰੀ 'ਤੇ ਹੋਣ ਜਾ ਰਹੀ ਪਿੰਡ ਠਠੀਆਂ ਮਹੰਤਾਂ ਸਤਿਕਾਰ ਪੈਲੇਸ ਵਿਖੇ ਅਕਾਲੀ ਦਲ ਟਕਸਾਲੀ ਦੀ ਕਾਨਫ਼ਰੰਸ ਸਬੰਧੀ ਹਲਕਾ ਖਡੂਰ ਸਾਹਿਬ ਦੇ ਵਰਕਰਾਂ ਨੂੰ ਲਾਮਬੰਦ ਕੀਤਾ।

ਇਹ ਮੀਟਿੰਗ ਪਿੰਡ ਪੱਖੋਪੁਰਾ ਵਿਖੇ ਕੀਤੀ ਗਈ ਜਿਸ ਵਿਚ ਭਾਰੀ ਗਿਣਤੀ ਵਿਚ ਵਰਕਰਾਂ ਨੇ ਹਿੱਸਾ ਲਿਆ ਅਤੇ ਕਾਨਫ਼ਰੰਸ ਨੂੰ ਸਫ਼ਲ ਬਣਾਉਣ ਲਈ ਪ੍ਰਣ ਕੀਤਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਰੁਧ ਜਮ ਕੇ ਭੜਾਸ ਕੱਢੀ।

ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਬਹੁਤ ਅਫ਼ਸੋਸ ਹੈ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜੋ ਅੱਜ ਕਲ ਫ਼ਰਜ਼ੀ ਅਕਾਲੀ ਦਲ ਦੇ ਪ੍ਰਧਾਨ ਵੀ ਹਨ, ਅਪਣੀ ਜ਼ੁਬਾਨ ਤੋਂ ਫਿਸਲਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਅਪਣੇ ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ ਚਾਹੀਦਾ ਹੈ, ਅੱਜ ਵੀ ਸਿੱਖਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ 2022 ਵਿਚ ਮੁੱਖ ਮੰਤਰੀ ਬਣਨ ਦਾ ਖ਼ਵਾਬ ਭੁੱਲ ਜਾਣ ਕਿਉਂਕਿ ਇਕ ਪੰਥਕ ਪਾਰਟੀ ਨੂੰ ਨਿਜੀ ਜਾਇਦਾਦ ਬਣਾਉਣ ਨਾਲ ਸਿੱਖ ਕੌਮ ਦਾ ਵੱਡਾ ਨੁਕਸਾਨ ਹੋਇਆ ਹੈ ਜੋ ਕਿਸੇ ਵੀ ਕੀਮਤ 'ਤੇ ਪੂਰਾ ਨਹੀਂ ਕੀਤਾ ਜਾ ਸਕਦਾ ਅਤੇ ਪੰਜਾਬ ਦੇ ਲੋਕਾਂ ਨੂੰ ਇਸ ਤਰ੍ਹਾਂ ਦਾ ਤਾਨਾਸ਼ਾਹੀ ਰਵਈਆ ਮਨਜ਼ੂਰ ਨਹੀਂ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਬਹੁਤ ਦੁਖੀ ਹੋ ਚੁੱਕੇ ਹਨ ਕਿਉਂਕਿ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਸਾਫ਼ ਝੂਠ ਬੋਲਿਆ ਗਿਆ ਹੈ ਕਿ ਕਾਂਗਰਸ ਸਰਕਾਰ ਦੇ ਤਿੰਨਾਂ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਨਾਲ ਸਾਰੇ ਵਾਅਦੇ ਪੂਰੇ ਕਰ ਦਿਤੇ ਹਨ ਜੋ ਪੂਰੀ ਤਰ੍ਹਾਂ ਝੂਠ ਹੈ।