ਵਿਦੇਸ਼ ਵਾਪਸ ਜਾਣ ਲਈ ਨੌਜਵਾਨਾਂ ਨੇ ਲਗਾਇਆ ਅਜਿਹਾ ਜੁਗਾੜ ਕਿ ਖਾਣੀ ਪਈ ਜੇਲ੍ਹ ਦੀ ਹਵਾ

ਏਜੰਸੀ

ਖ਼ਬਰਾਂ, ਪੰਜਾਬ

ਤਰਨਤਾਰਨ ਤੋਂ ਖ਼ਰੀਦ ਕੇ ਦੁੱਗਣੇ ਭਾਅ 'ਤੇ ਗਾਹਕਾਂ ਨੂੰ ਵੇਚਦੇ ਸਨ ਹੈਰੋਇਨ 

Punjab News

ਜਲੰਧਰ: ਅਪਰਾਧਿਕ ਮਾਮਲੇ ਇੰਨੇ ਵੱਧ ਗਏ ਹਨ ਕਿ ਅੱਜ ਕੱਲ੍ਹ ਆਪਣੇ ਸ਼ੌਕ ਦੀ ਪੂਰਤੀ ਲਈ ਲੋਕ ਕੁਝ ਵੀ ਕਰ ਜਾਂਦੇ ਹਨ। ਇਨ੍ਹਾਂ ਅਪਰਾਧਿਕ ਘਟਨਾਵਾਂ ਵਿਚ ਜ਼ਿਆਦਾਤਰ ਨੌਜਵਾਨ ਸ਼ਾਮਲ ਹੁੰਦੇ ਹਨ। ਅਜਿਹਾ ਹੀ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿਥੇ ਸੀ. ਆਈ. ਏ. ਸਟਾਫ-1 ਨੇ ਹੈਰੋਇਨ ਸਮੇਤ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। 

ਇਹ ਵੀ ਪੜ੍ਹੋ: ਥਾਣਾ ਅਜਨਾਲਾ ਮੁਖੀ ਸਪਿੰਦਰ ਕੌਰ ਸਸਪੈਂਡ, ਪ੍ਰਬੰਧਕੀ ਰੂਪ 'ਚ ਅੰਦਰੂਨੀ ਕਾਰਨਾਂ ਕਰ ਕੇ ਹੋਈ ਕਾਰਵਾਈ

ਫੜੇ ਗਏ ਨੌਜਵਾਨਾਂ ਨੇ ਮੰਨਿਆ ਕਿ ਉਹ ਦੁਬਈ ਵਾਪਸ ਜਾਣਾ ਚਾਹੁੰਦੇ ਸਨ ਪਰ ਪੈਸੇ ਨਾ ਹੋਣ ਕਾਰਨ ਉਨ੍ਹਾਂ ਨੇ ਨਸ਼ਾ ਵੇਚਣਾ ਸ਼ੁਰੂ ਕਰ ਦਿੱਤਾ। ਇਸ ਲਈ ਉਹ ਪਾਕਿਸਤਾਨੀ ਤਸਕਰਾਂ ਨਾਲ ਸਬੰਧ ਰੱਖਣ ਵਾਲੇ ਤਰਨਤਾਰਨ ਦੇ ਸਮੱਗਲਰਾਂ ਤੋਂ ਹੈਰੋਇਨ ਖਰੀਦ ਕੇ ਅੱਗੇ ਵੇਚਦੇ ਸਨ। ਉਹੀ ਸਮੱਗਲਰ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦੇ ਸਨ।

ਇਹ ਵੀ ਪੜ੍ਹੋ:ਤੁਰਕੀ-ਸੀਰੀਆ 'ਚ ਹੁਣ ਤੱਕ 4300 ਤੋਂ ਵੱਧ ਮੌਤਾਂ: ਮਲਬੇ ਹੇਠ ਦੱਬੇ ਹਜ਼ਾਰਾਂ ਲੋਕ 

ਸੀ. ਆਈ. ਏ. ਸਟਾਫ ਦੇ ਇੰਚਾਰਜ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਹ ਕਾਰਵਾਈ ਗੁਪਤ ਸੂਚਨਾ ਦੇ ਅਧਾਰ 'ਤੇ ਕੀਤੀ ਗਈ ਹੈ। ਅੰਮ੍ਰਿਤ ਸਿੰਘ ਪੁੱਤਰ ਤਜਿੰਦਰ ਸਿੰਘ ਨਿਵਾਸੀ ਸਰਹਾਲੀ (ਫਿਰੋਜ਼ਪੁਰ) ਅਤੇ ਹਰਬੰਸ ਸਿੰਘ ਪੁੱਤਰ ਲਖਵਿੰਦਰ ਸਿੰਘ ਨਿਵਾਸੀ ਚੰਗਾਲੀ ਕਦੀਮ ਤਰਨਤਾਰਨ ਨੂੰ  ਟਰਾਂਸਪੋਰਟ ਨਗਰ ਤੋਂ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਹੈ ਜਦੋਂ ਉਹ ਸਵਿਫਟ ਡਿਜ਼ਾਈਰ ਗੱਡੀ ਵਿਚ ਹੈਰੋਇਨ ਦੀ ਸਪਲਾਈ ਦੇਣ ਆਏ ਸਨ। ਮੁਲਜ਼ਮਾਂ ਦੇ ਕਬਜ਼ੇ ਵਿਚੋਂ 150 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ।

ਰਿਮਾਂਡ ਦੌਰਾਨ ਪੁਲਿਸ ਵਲੋਂ ਕੀਤੀ ਪੁੱਛਗਿੱਛ ਵਿਚ ਖ਼ੁਲਾਸਾ ਹੋਇਆ ਕਿ ਮੁਲਜ਼ਮ ਕਾਫੀ ਲੰਮੇ ਸਮੇਂ ਤੋਂ ਬਿਆਸ ਅਤੇ ਜਲੰਧਰ ਵਿਚ ਹੈਰੋਇਨ ਸਪਲਾਈ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਉਹ ਤਰਨਤਾਰਨ ਤੋਂ 2500 ਰੁਪਏ ਪ੍ਰਤੀ ਗ੍ਰਾਮ ਦੇ ਭਾਅ ’ਤੇ ਹੈਰੋਇਨ ਖਰੀਦਦੇ ਸਨ ਅਤੇ ਆਪਣੇ ਗਾਹਕਾਂ ਨੂੰ 4200 ਰੁਪਏ ਵਿਚ ਵੇਚ ਦਿੰਦੇ ਸਨ। ਫਿਲਹਾਲ ਰਿਮਾਂਡ ਖ਼ਤਮ ਹੋਣ ਮਗਰੋਂ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।