ਡਾ. ਨਵਜੋਤ ਕੌਰ ਸਿੱਧੂ ਹੋ ਸਕਦੇ ਹਨ ਕਾਂਗਰਸ ਦੇ ਆਨੰਦਪੁਰ ਸਾਹਿਬ ਤੋਂ ਉਮੀਦਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਅਤੇ ਕਾਂਗਰਸੀ ਆਗੂ ਜੈ ਵੀਰ ਸ਼ੇਰਗਿੱਲ ਵੀ ਟਿਕਟ ਲਈ ਦੌੜ 'ਚ ਸ਼ਾਮਲ

Dr: Navjot Kaur Sidhu

ਚੰਡੀਗੜ੍ਹ : ਡਾ. ਨਵਜੋਤ ਕੌਰ ਸਿੱਧੂ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹੋ ਸਕਦੇ ਹਨ। ਹਾਲਾਂਕਿ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਅਤੇ ਕਾਂਗਰਸੀ ਆਗੂ ਜੈ ਵੀਰ ਸ਼ੇਰਗਿੱਲ ਵੀ ਹਾਲ ਦੀ ਘੜੀ ਇਸ ਟਿਕਟ ਲਈ ਦੌੜ 'ਚ ਹਨ ਪਰ ਚੰਡੀਗੜ੍ਹ ਤੋਂ ਡਾ. ਸਿੱਧੂ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਉਨ੍ਹਾਂ ਵੱਲੋਂ ਦਿੱਤਾ ਜਾ ਰਿਹਾ ਹਲੀਮੀ ਦਾ ਸਬੂਤ ਕਿਤੇ ਨਾ ਕਿਤੇ ਉਨ੍ਹਾਂ ਦੀ ਗੱਲਬਾਤ ਪਾਰਟੀ ਹਾਈਕਮਾਨ ਨਾਲ ਕਿਸੇ ਨਾ ਕਿਨੇ ਫ਼ਾਰਮੂਲੇ 'ਤੇ ਜਾਰੀ ਹੋਣ ਵੱਲ ਇਸ਼ਾਰਾ ਕਰਦਾ ਆ ਰਿਹਾ ਹੈ।

ਦਿੱਲੀ 'ਚ ਕਾਂਗਰਸ ਪਾਰਟੀ ਦੇ ਸੂਤਰਾਂ ਦੇ ਹਵਾਲੇ ਨਾਲ ਮਿਲ ਰਹੀ ਜਾਣਕਾਰੀ ਮੁਤਾਬਕ ਪੰਜਾਬ ਕਾਂਗਰਸ ਖ਼ਾਸ ਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 4 ਮੌਜੂਦਾ ਐਮ.ਪੀ. ਅਤੇ ਪਤਨੀ ਪਰਨੀਤ ਕੌਰ ਦੇ ਦੁਬਾਰਾ ਉਨ੍ਹਾਂ ਦੇ ਹੀ ਹਲਕੇ ਤੋਂ ਚੋਣ ਮੈਦਾਨ 'ਚ ਉਤਾਰੇ ਜਾਣ ਦੀ ਸਿਫ਼ਾਰਸ਼ ਮੰਨ ਲਏ ਜਾਣ ਤੋਂ ਬਾਅਦ ਪਾਰਟੀ ਹਾਈਕਮਾਨ ਖ਼ਾਸ ਕਰ ਕੇਂਦਰੀ ਚੋਣ ਕਮੇਟੀ ਬਾਕੀ ਹਲਕਿਆਂ ਲਈ ਆਪਣੇ ਪੱਧਰ ਉੱਤੇ ਸਰਵੇਖਣਾਂ ਮੁਤਾਬਕ ਤਰਜ਼ੀਹੀ ਉਮੀਦਵਾਰ ਉਤਾਰਨਾ ਚਾਹੁੰਦੀ ਹੈ। ਅਜਿਹੇ 'ਚ ਸਿੱਧੂ ਜੋੜੇ ਵੱਲੋਂ ਪਿਛਲੇ ਦੋ ਦਿਨਾਂ ਤੋਂ ਦਿੱਲੀ ਡੇਰੇ ਲਗਾਏ ਹੋਏ ਹਨ ਅਤੇ ਨਵਜੋਤ ਸਿੰਘ ਸਿੱਧੂ ਨੇ ਅੱਜ 10 ਅਪ੍ਰੈਲ ਤੋਂ ਉੱਤਰ ਪ੍ਰਦੇਸ਼ ਤੋਂ ਪਾਰਟੀ ਦੇ ਸਟਾਰ ਪ੍ਰਚਾਰਕ ਵਜੋਂ ਫ਼ਰੰਟ ਸੰਭਾਲਣ ਦਾ ਐਲਾਨ ਵੀ ਕਰ ਦਿੱਤਾ ਹੈ। ਮਿਲ ਰਹੀ ਜਾਣਕਾਰੀ ਮੁਤਾਬਕ ਕੌਮੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਸਿੱਧੂ ਦੀ ਅੱਜ ਦੀ ਮੀਟਿੰਗ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਆਨੰਦਪੁਰ ਸਾਹਿਬ ਬਾਰੇ ਪੁੱਛਿਆ ਜਾ ਚੁੱਕਾ ਹੈ। 

ਹਾਲਾਂਕਿ ਇਸ ਬਾਰੇ ਨਾ ਤਾਂ ਆਖ਼ਰੀ ਫ਼ੈਸਲਾ ਹੋਇਆ ਹੈ ਅਤੇ ਨਾ ਹੀ ਡਾ. ਨਵਜੋਤ ਕੌਰ ਸਿੱਧੂ ਦੀ ਕੋਈ ਰਜ਼ਾਮੰਦੀ ਮਿਲੀ ਹੋਣ ਬਾਰੇ ਕੋਈ ਭਿਣਕ ਹੈ ਪਰ ਆਨੰਦਪੁਰ ਸਾਹਿਬ ਨੂੰ ਕਾਂਗਰਸ ਆਪਣੇ ਸੁਰੱਖਿਅਤ ਹਲਕਿਆਂ 'ਚੋਂ ਮੰਨ ਰਹੀ ਹੈ, ਕਿਉਂਕਿ ਆਨੰਦਪੁਰ ਸਾਹਿਬ ਲੋਕ ਸਭਾ ਖੇਤਰ ਅੰਦਰ ਪੈਂਦੇ 9 ਵਿਧਾਨ ਸਭਾ ਹਲਕਿਆਂ 'ਚੋਂ 6 ਮੋਹਾਲੀ, ਚਮਕੌਰ ਸਾਹਿਬ, ਬੰਗਾ, ਆਨੰਦਪੁਰ ਸਾਹਿਬ, ਬਲਾਚੌਰ ਅਤੇ ਨਵਾਂ ਸ਼ਹਿਰ ਉੱਤੇ ਕਾਂਗਰਸ ਪਹਿਲਾਂ ਹੀ ਕਾਬਜ਼ ਹੈ, ਜਦਕਿ ਬਾਕੀ ਤਿੰਨ ਹਲਕਿਆਂ ਖਰੜ, ਰੋਪੜ ਤੇ ਗੜ੍ਹਸ਼ੰਕਰ ਉੱਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੈ। ਪਰ ਇਨ੍ਹਾਂ ਤਿੰਨਾਂ ਹਲਕਿਆਂ 'ਤੇ ਆਪ ਬੁਰੀ ਤਰ੍ਹਾਂ ਪਾਟੋਧਾੜ ਦਾ ਸ਼ਿਕਾਰ ਹੈ। ਕਾਂਗਰਸ ਪਾਰਟੀ ਪੰਜਾਬ 'ਚ 9 ਹਲਕਿਆਂ ਤੋਂ ਉਮੀਦਵਾਰ ਐਲਾਨ ਚੁੱਕੀ ਹੈ। ਬਾਕੀ ਰਹਿੰਦੇ ਬਠਿੰਡਾ, ਸੰਗਰੂਰ, ਫ਼ਿਰੋਜਪੁਰ ਦੇ ਨਾਲ ਹੀ ਆਨੰਦਪੁਰ ਸਾਹਿਬ ਬਾਰੇ ਉਮੀਦਵਾਰਾਂ ਦਾ ਫ਼ੈਸਲਾ ਆਉਂਦੇ ਹਫ਼ਤੇ ਦੇ ਪਹਿਲੇ ਦੋ-ਤਿੰਨ ਦਿਨਾਂ 'ਚ ਹੋਣ ਦੀ ਪੱਕੀ ਸੰਭਾਵਨਾ ਹੈ।