ਅਨਿਲ ਵਿਜ ਦੀ ਹਰਕਤ 'ਤੇ ਭੜਕਿਆ ਸਿੱਖਾਂ ਦਾ ਗੁੱਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਨਿਲ ਵਿਜ ਨੇ ਵਿਰੋਧ ਕਰ ਰਹੇ ਸਿੱਖਾਂ ਨੂੰ ਕੱਢੀ ਗੰਦੀ ਗਾਲ਼

Anil Vij

ਹਰਿਆਣਾ- ਲੋਕ ਸਭਾ ਚੋਣਾਂ ਦੇ ਚਲਦਿਆਂ ਭਾਜਪਾ ਉਮੀਦਵਾਰਾਂ ਦੀ ਬਦਜ਼ੁਬਾਨੀ ਵੀ ਲਗਾਤਾਰ ਜਾਰੀ ਹੈ। ਇਹ ਘਟਨਾ ਹਰਿਆਣਾ ਦੇ ਅੰਬਾਲਾ ਦੀ ਦੱਸੀ ਜਾ ਰਹੀ ਹੈ ਜਿੱਥੇ ਖੱਟੜ ਸਰਕਾਰ ਦੇ ਇਕ ਮੰਤਰੀ ਅਨਿਲ ਵਿਜ ਉਸ ਸਮੇਂ ਬੁਰੀ ਤਰ੍ਹਾਂ ਮੁਸੀਬਤ ਵਿਚ ਘਿਰ ਗਏ ਜਦੋਂ ਉਨ੍ਹਾਂ ਨੇ ਅਪਣਾ ਵਿਰੋਧ ਕਰਨ ਵਾਲੇ ਸਿੱਖਾਂ ਅਤੇ ਹੋਰ ਲੋਕਾਂ ਨੂੰ ਸ਼ਰ੍ਹੇਆਮ ਗੰਦੀ ਗਾਲ ਕੱਢ ਦਿਤੀ।

ਮੰਤਰੀ ਦੇ ਗਾਲ ਕੱਢਦਿਆਂ ਹੀ ਵਿਰੋਧ ਕਰ ਰਹੇ ਸਿੱਖਾਂ ਅਤੇ ਹੋਰ ਲੋਕਾਂ ਦਾ ਗੁੱਸਾ ਭੜਕ ਗਿਆ ਪਰ ਅਨਿਲ ਵਿਜ ਅਪਣੇ ਸੁਰੱਖਿਆ ਗਾਰਡਾਂ ਦੇ ਪਿੱਛੇ ਲੁਕਦੇ ਹੋਏ ਗੱਡੀ ਵਿਚ ਬੈਠ ਗਏ। ਭੜਕੇ ਲੋਕਾਂ ਨੇ ਉਨ੍ਹਾਂ ਦੀ ਗੱਡੀ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਗਾਰਡ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਨੂੰ ਉਥੋਂ ਕੱਢ ਕੇ ਲੈ ਗਏ। ਹਰਿਆਣਾ ਸਰਕਾਰ ਵਿਚ ਭਾਜਪਾ ਦੇ ਮੰਤਰੀ ਅਨਿਲ ਵਿਜ ਵਲੋਂ ਕੀਤੀ ਗਈ ਇਸ ਹਰਕਤ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਜਾ ਰਹੀ ਹੈ।

ਜੇਕਰ ਸੁਰੱਖਿਆ ਗਾਰਡ ਅਨਿਲ ਵਿਜ ਦਾ ਬਚਾਅ ਨਾ ਕਰ ਪਾਉਂਦੇ ਤਾਂ ਭਾਜਪਾ ਦਾ ਇਹ ਮੰਤਰੀ ਭੜਕੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਸਕਦਾ ਸੀ ਕਿਉਂਕਿ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਨਾ ਸਾਰਿਆਂ ਦਾ ਹੱਕ ਹੈ ਪਰ ਜੇਕਰ ਕੋਈ ਜਨਤਾ ਦਾ ਚੁਣਿਆ ਨੁਮਾਇੰਦਾ ਜਨਤਾ ਨੂੰ ਹੀ ਗਾਲ ਦੇਵੇ ਤਾਂ ਜਨਤਾ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੀ।