ਕੇਂਦਰ ਨੇ ਕੋਰੋਨਾ ਸੰਕਟ ਦੌਰਾਨ ਸੂਬਿਆਂ ਅਤੇ ਲੋਕਾਂ ਨੂੰ ਅਧਵਾਟੇ ਛੱਡਿਆ : ਰਾਣਾ ਸੋਢੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੀ ਇਹ ਭਾਰਤ ਨੂੰ ਆਤਮਨਿਰਭਰ ਬਣਾਉਣ ਦਾ ਤਰੀਕਾ ਹੈ?: ਖੇਡ ਮੰਤਰੀ

Centre abandoned states and citizens amidst crisis, says Rana Sodhi

ਚੰਡੀਗੜ੍ਹ: ਕੋਵਿਡ-19 ਦੇ ਮੁੜ ਉਭਾਰ, ਜਿਸ ਨੇ ਦੇਸ਼ ਭਰ ਵਿੱਚ ਵਿਆਪਕ ਤਬਾਹੀ ਮਚਾ ਦਿੱਤੀ ਹੈ, ਨਾਲ ਨਜਿੱਠਣ ਸਬੰਧੀ ਤਿਆਰੀ ਕਰਨ ਵਿੱਚ ਬੁਰੀ ਤਰਾਂ ਅਸਫਲ ਰਹਿਣ ਲਈ ਕੇਂਦਰ ਨੂੰ ਕਰੜੇ ਹੱਥੀਂ ਲੈਂਦਿਆਂ ਪੰਜਾਬ ਦੇ ਖੇਡ, ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਇਹ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਕਰੋਨਾ ਕਾਰਨ ਪੈਦਾ ਹੋਈ ਇਸ ਸੰਕਟਕਾਲੀ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਸਾਰੇ ਰਾਜਾਂ ਨਾਲ ਤਾਲਮੇਲ ਬਣਾ ਕੇ ਕੰਮ ਕਰੇ, ਭਾਵੇਂ ਸੂਬਿਆਂ ਵਿੱਚ ਕਿਸੇ ਵੀ ਪਾਰਟੀ ਦੀਆਂ ਸਰਕਾਰ ਹੋਣ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਦੋਸ਼ ਲਗਾਉਂਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਕੋਵਿਡ-19 ਕਾਰਨ ਹਾਲਾਤ ਹੁਣ ਪੂਰੀ ਤਰਾਂ ਬੇਕਾਬੂ ਹੋ ਗਏ ਹਨ ਅਤੇ ਕੇਂਦਰ ਸਰਕਾਰ ਨੇ ਅਜਿਹੀ ਔਖੀ ਘੜੀ ਵਿੱਚ ਰਾਜਾਂ ਅਤੇ ਲੋਕਾਂ ਨੂੰ ਰੱਬ ਭਰੋਸੇ ਛੱਡ ਦਿੱਤਾ ਹੈ। ਉਨਾਂ ਤਲਖ਼ੀ ਨਾਲ ਪੁੱਛਿਆ ‘‘ਕੀ ਇਹ ਸੂਬਿਆਂ ਅਤੇ ਲੋਕਾਂ ਨੂੰ ‘ਆਤਮਨਿਰਭਰ ’ ਬਣਾਉਣ ਦਾ ਤਰੀਕਾ ਹੈ?”

ਜਾਰੀ ਪ੍ਰੈੱਸ ਬਿਆਨ ਵਿੱਚ ਰਾਣਾ ਸੋਢੀ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਮਾਹਰਾਂ ਅਤੇ ਹੋਰ ਦੇਸ਼ਾਂ ਦੇ ਵਾਰ-ਵਾਰ ਸੁਝਾਅ ਦੇਣ ਦੇ ਬਾਵਜੂਦ ਮਹਾਂਮਾਰੀ ਦੀ ਗੰਭੀਰਤਾ ਨੂੰ ਸਮਝਣ ਅਤੇ ਇਸ ਨਾਲ ਨਜਿੱਠਣ ਵਿੱਚ ਪੂਰੀ ਤਰਾਂ ਅਸਫਲ ਰਹੀ ਹੈ। ਪਰਵਾਸੀ ਭਾਰਤੀ ਮਾਮਲੇ ਮੰਤਰੀ ਨੇ ਪਰਵਾਸੀ ਭਾਈਚਾਰੇ ਨੂੰ ਸੰਕਟ ਦੀ ਇਸ ਘੜੀ ਵਿੱਚ ਸਹਾਇਤਾ ਲਈ ਅੱਗੇ ਆਉਣ ਲਈ ਅਪੀਲ ਕਰਦਿਆਂ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨੇ ਥੋੜੀ ਜਲਦੀ ਹੀ ਕਰੋਨਾ ਉੱਤੇ ਜਿੱਤ ਪ੍ਰਾਪਤ ਕਰਨ ਦੀ ਸ਼ੇਖੀ ਮਾਰਦਿਆਂ ਖੁਦ ਹੀ ਆਪਣੀ ਪਿੱਠ ਥਾਪੜ ਲਈ ਸੀ।

ਉਹਨਾਂ ਕਿਹਾ ਕਿ ਪ੍ਰਚਾਰ ਲਈ ਅਪਣਾਈਆਂ ਅਜਿਹੀਆਂ ਕੋਝੀਆਂ ਚਾਲਾਂ ਨੇ ਕੇਂਦਰ ਸਰਕਾਰ ਦਾ ਪਰਦਾਫਾਸ਼ ਕੀਤਾ ਹੈ। ਲੋਕ ਆਕਸੀਜਨ ਦੀ ਘਾਟ, ਹਸਪਤਾਲਾਂ ਵਿੱਚ ਬੈੱਡਾਂ ਦੀ ਥੁੜ ਅਤੇ ਟੀਕੇ ਦੀ ਘਾਟ ਕਾਰਨ ਸਾਹ ਲੈਣ ਤੋਂ ਵੀ ਮੁਥਾਜ ਹਨ। ਰਾਣਾ ਸੋਢੀ ਨੇ ਕਿਹਾ ਕਿ ਕਿਸੇ ਸਮੇਂ ਦੁਨੀਆਂ ਦੀ ਫਾਰਮੇਸੀ ਅਖਵਾਉਣ ਵਾਲੇ ਭਾਰਤ ਦੀ ਅੱਜ ਇਹ ਹਾਲਤ ਹੋ ਗਈ ਹੈ ਕਿ ਮੈਡੀਕਲ ਸਪਲਾਈ ਲਈ ਅਸੀਂ ਪੂਰੀ ਤਰਾਂ ਵਿਦੇਸ਼ਾਂ ਦੀ ਸਹਾਇਤਾ ‘ਤੇ ਨਿਰਭਰ ਹਾਂ।

ਉਹਨਾਂ ਤੰਨਜ ਕਸਦਿਆਂ ਪੁੱਛਿਆ ‘‘ ਕੀ ਭਾਰਤ ਵਿਸ਼ਵ ਗੁਰੂ ਬਣ ਗਿਆ ਹੈ?”ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਮਾਰੂ ਦੌਰ ਵਿੱਚ ਅਜਿਹੀਆਂ ਸ਼ੇਖੀਆਂ ਬਿਲਕੁਲ ਹੋਛੀਆਂ ਜਾਪਦੀਆਂ ਹਨ ਕਿਉਂਕਿ ਭਾਰਤ ਵਿੱਚ ਕਰੋਨਾ ਦੇ ਕੇਸਾਂ ਅਤੇ ਮੌਤਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਉਹਨਾਂ ਚਿੰਤਾ ਪ੍ਰਗਟਾਈ ਕਿ ਹਸਪਤਾਲਾਂ ਵਿੱਚ ਬਿਸਤਰੇ ਅਤੇ ਦਵਾਈ ਦੀ ਘਾਟ ਹੈ ਅਤੇ ਸਰਕਾਰ ਸਿਰਫ ਪ੍ਰਚਾਰ ਭਰੋਸੇ ਹੈ।