ਐਂਬੂਲੈਂਸ ’ਚ ਨਸ਼ਾ ਤਸਕਰੀ ਕਰਨ ਵਾਲੇ ਦੋ ਵਿਅਕਤੀ ਕਾਬੂ, 1 ਲੱਖ 33 ਹਜ਼ਾਰ 500 ਗੋਲੀਆਂ ਬਰਾਮਦ
ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ
ਲੁਧਿਆਣਾ (ਰਾਜ ਸਿੰਘ): ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ , ਜਦੋਂ ਪੁਲਿਸ ਵੱਲੋਂ ਮਹਾਂਮਾਰੀ ਦਾ ਫਾਇਦਾ ਚੁੱਕ ਕੇ ਐਂਬੂਲੈਂਸ ਰਾਹੀਂ ਡਰੱਗ ਦੀ ਤਸਕਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹਨਾਂ ਕੋਲੋਂ 133500 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ।
ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਲੋਕਾਂ ਨੇ ਆਪਣੇ ਕਾਲੇ ਧੰਦੇ ਨੂੰ ਜਾਰੀ ਰੱਖਣ ਲਈ ਸਪੈਸ਼ਲ ਐਂਬੂਲੈਂਸ ਖਰੀਦੀ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਦੋ ਸਾਥੀ ਅਜੇ ਫਰਾਰ ਹਨ, ਜਿਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਲੁਧਿਆਣਾ ਦੇ ਡੀਸੀਪੀ ਸਿਮਰਤਪਾਲ ਢੀਂਡਸਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਮੁਲਜ਼ਮ ਐਂਬੂਲੈਂਸ ਦੀ ਵਰਤੋਂ ਕਰਕੇ ਨਸ਼ਾ ਸਪਲਾਈ ਕਰ ਰਹੇ ਸਨ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿਚ ਕਰਮਜੀਤ ਸਿੰਘ ਅਤੇ ਇੰਦਰਜੀਤ ਸਿੰਘ ਸ਼ਾਮਲ ਹੈ, ਇਹਨਾਂ ਮੁਲਜ਼ਮਾਂ ਨੂੰ ਚੌਂਕ ਭੈਣੀ ਸਾਹਿਬ ਚੰਡੀਗੜ੍ਹ ਰੋਡ ਲੁਧਿਆਣਾ ਤੋਂ ਨਾਕੇਬੰਦੀ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਚੈਕਿੰਗ ਦੌਰਾਨ ਇਹਨਾਂ ਕੋਲੋਂ ਵੱਡੀ ਤਦਾਦ ਵਿਚ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਉਹਨਾਂ ਦੱਸਿਆ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ’ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹੈ।ਦੱਸ ਦਈਏ ਕਿ ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਅਨੇਕਾਂ ਲੋਕ ਅਪਣੀ ਜਾਨ ਗੁਆ ਬੈਠੇ ਹਨ। ਅਜਿਹੀ ਮੁਸ਼ਕਿਲ ਘੜੀ ਵਿਚ ਕੁਝ ਲੋਕ ਅਜਿਹੇ ਹਨ ਜੋ ਆਪਦਾ ਨੂੰ ਅਵਸਰ ਦੇ ਰੂਪ ਵਿਚ ਦੇਖਦੇ ਹੋਏ ਪੈਸਾ ਕਮਾਉਣ ਵਿਚ ਲੱਗੇ ਹੋਏ ਹਨ।