ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੂੰ ਝਟਕਾ , ਪੰਜਾਬ ਸਰਕਾਰ ਨੇ ਅਸਤੀਫ਼ਾ ਕੀਤਾ ਨਾਮਨਜ਼ੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰ ਨੇ ਡਿਊਟੀ 'ਤੇ ਤੁਰੰਤ ਹਾਜ਼ਰ ਹੋਣ ਦੇ ਜਾਰੀ ਕੀਤੇ ਹੁਕਮ

Parampal Kaur Sidhu

Bathinda News : ਭਾਜਪਾ ਦੀ ਬਠਿੰਡਾ ਤੋਂ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੂੰ ਪੰਜਾਬ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ। ਪੰਜਾਬ ਸਰਕਾਰ ਨੇ ਉਨ੍ਹਾਂ ਦਾ ‘ਅਸਤੀਫ਼ਾ’ ਨਾਮਨਜ਼ੂਰ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਤੁਰੰਤ ਡਿਊਟੀ 'ਤੇ ਹਾਜ਼ਰ ਹੋਣ ਦੇ ਹੁਕਮ ਜਾਰੀ ਕੀਤੇ ਹਨ। 

ਪ੍ਰਾਪਤ ਜਾਣਕਾਰੀ ਅਨੁਸਾਰ ਆਈ.ਏ.ਐੱਸ. ਅਧਿਕਾਰੀ ਪਰਮਪਾਲ ਕੌਰ ਸਿੱਧੂ ਵੱਲੋਂ ਸਵੈ ਇੱਛਕ ਸੇਵਾ ਮੁਕਤੀ ਲਈ ਦਿੱਤੀ ਗਈ ਅਰਜ਼ੀ ਨਾਮਨਜ਼ੂਰ ਕਰ ਦਿੱਤੀ ਗਈ ਹੈ। ਸਰਕਾਰ ਨੇ ਉਨ੍ਹਾਂ ਦਾ ਅਸਤੀਫ਼ਾ ਤੁਰੰਤ ਪ੍ਰਭਾਵ ਨਾਲ ਰੱਦ ਕਰਦਿਆਂ ਉਨ੍ਹਾਂ ਨੂੰ ਡਿਊਟੀ ’ਤੇ ਹਾਜ਼ਰ ਹੋਣ ਬਾਰੇ ਨੋਟਿਸ ਜਾਰੀ ਕੀਤਾ ਹੈ। 

ਇਹ ਵੀ ਪੜੋ: ਪਤਨੀ ਨੇ ਬਜ਼ੁਰਗ ਸੱਸ ਨਾਲ ਰਹਿਣ ਤੋਂ ਕੀਤਾ ਇਨਕਾਰ; ਹਾਈਕੋਰਟ ਨੇ ਤਲਾਕ ਦੀ ਦਿੱਤੀ ਮਨਜ਼ੂਰੀ

ਸੂਤਰਾਂ ਦਾ ਕਹਿਣਾ ਹੈ ਕਿ ਨੌਕਰੀ ਛੱਡਣ ਲਈ ਨੋਟਿਸ ਪੀਰੀਅਡ ਤਿੰਨ ਮਹੀਨੇ ਹੈ ਅਤੇ ਨੌਕਰੀ ਛੱਡਣ ਲੱਗਿਆਂ 3 ਮਹੀਨੇ ਦਾ ਨੋਟਿਸ ਨਹੀਂ ਦਿੱਤਾ ਗਿਆ। ਸਰਕਾਰ ਦਾ ਤਰਕ ਹੈ ਕਿ ਅਧਿਕਾਰੀਆਂ ਦੀ ਪਹਿਲਾਂ ਹੀ ਕਾਫ਼ੀ ਘਾਟ ਹੈ ਅਤੇ ਇਸ ਤਰ੍ਹਾਂ ਕਿਸੇ ਅਧਿਕਾਰੀ ਨੂੰ ਬਿਨਾਂ ਨੋਟਿਸ ਪੀਰੀਅਡ ਪੂਰਾ ਕੀਤਿਆਂ ਫ਼ਾਰਗ ਨਹੀਂ ਕੀਤਾ ਜਾ ਸਕਦਾ। 

ਇਹ ਵੀ ਪੜੋ: ਰਵਨੀਤ ਸਿੰਘ ਬਿੱਟੂ ਨੇ ਗਊ ਨੂੰ 'ਰਾਸ਼ਟਰ ਮਾਤਾ' ਦਾ ਦਰਜਾ ਦਿਵਾਉਣ ਲਈ ਸ਼ੰਕਰਾਚਾਰੀਆ ਨੂੰ ਲਿਖੀ ਚਿੱਠੀ

ਇਹ ਵੀ ਕਿਹਾ ਗਿਆ ਹੈ ਕਿ ਵੀ.ਆਰ.ਐੱਸ. ਲੈਣ ਲਈ ਗ਼ਲਤ ਆਧਾਰ ਪੇਸ਼ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਵੱਲੋਂ ਆਪਣੇ ਅਸਤੀਫ਼ੇ ਲਈ ਦਿੱਤੇ ਕਾਰਨਾਂ ਅਤੇ ਵਿਹਾਰਕ ਸਥਿਤੀ ਵਿੱਚ ਫ਼ਰਕ ਦਾ ਵੀ ਸਰਕਾਰ ਹਵਾਲਾ ਦੇ ਰਹੀ ਹੈ।
 

ਜ਼ਿਕਰਯੋਗ ਹੈ ਕਿ ਪਰਮਪਾਲ ਕੌਰ ਸਿੱਧੂ ਨੇ ਬੀਤੇ ਦਿਨੀਂ ਆਈ.ਏ.ਐੱਸ. ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਭਾਜਪਾ 'ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਨੂੰ ਪਾਰਟੀ ਵੱਲੋਂ ਬਠਿੰਡਾ ਹਲਕੇ ਤੋਂ ਟਿਕਟ ਵੀ ਦੇ ਦਿੱਤੀ ਗਈ ਸੀ। ਉਨ੍ਹਾਂ ਦਾ ਅਸਤੀਫ਼ਾ ਕੇਂਦਰ ਸਰਕਾਰ ਵੱਲੋਂ ਮਨਜ਼ੂਰ ਕਰ ਲਿਆ ਗਿਆ ਸੀ ਪਰ ਪੰਜਾਬ ਸਰਕਾਰ ਨੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।