ਵਿਆਹ ਤੋਂ ਬਾਅਦ ਪੰਜਾਬੀ ਮੁਟਿਆਰ 25 ਲੱਖ ਦੀ ਠੱਗੀ ਮਾਰ ਹੋਈ ਕੈਨੇਡਾ ਫਰਾਰ, ਮਾਮਲਾ ਦਰਜ

ਏਜੰਸੀ

ਖ਼ਬਰਾਂ, ਪੰਜਾਬ

ਲੜਕੀ ਨੇ ਪਹਿਲਾਂ ਵਿਆਹ ਕਰਵਾਇਆ ਅਤੇ ਉਸ ਤੋਂ ਬਾਅਦ ਕੈਨੇਡਾ ਵਿਚ ਸਟੱਡੀ ਕਰਨ...

Canada

ਖਰੜ: ਲੜਕੀ ਨੇ ਪਹਿਲਾਂ ਵਿਆਹ ਕਰਵਾਇਆ ਅਤੇ ਉਸ ਤੋਂ ਬਾਅਦ ਕੈਨੇਡਾ ਵਿਚ ਸਟੱਡੀ ਕਰਨ ਦੀ ਜਿੱਦ ਦੇ ਚਲਦੇ ਅਪਣੇ ਪਤੀ ਕੋਲੋਂ 25 ਲੱਖ ਰੁਪਏ ਠੱਗ ਲਏ। ਉਸ ਤੋਂ ਬਾਅਦ ਪਤੀ ਨੂੰ ਬਗੈਰ ਦੱਸੇ ਕੈਨੇਡਾ ਚਲੀ ਗਈ। ਇਸ ਸਬੰਧ ਵਿਚ ਖਰੜ ਸਦਰ ਪੁਲਿਸ ਨੇ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਸੁਖਵਿੰਦਰ ਸਿੰਘ, ਮਨਿੰਦਰ ਕੌਰ, ਸਹੁਰਾ ਜਗਤਾਰ ਸਿੰਘ, ਸੱਸ ਸੁਰਿੰਦਰ ਕੌਰ ਅਤੇ ਸਾਲੇ ਇੰਦਰਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਨੇ ਕਰੀਬ 25 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। ਪੀੜਤ ਨੇ ਦੱਸਿਆ ਕਿ ਉਸ ਦਾ ਵਿਆਹ ਮਨਿੰਦਰ ਕੌਰ ਦੇ ਨਾਲ ਗੁਰਦੁਆਰਾ ਸਿੰਘ ਸ਼ਹੀਦਾਂ, ਪਿੰਡ ਦੁਬਾਲੀ ਵਿਚ 6 ਮਈ 2018 ਨੂੰ ਹੋਇਆ ਸੀ। ਮਨਿੰਦਰ ਕੌਰ ਨੇ ਉਸ ਨੂੰ ਕਿਹਾ ਸੀ ਕਿ ਉਹ ਵਿਆਹ ਤੋਂ ਬਾਅਦ ਕੈਨੇਡਾ ਜਾਵੇਗੀ।

ਜਿਸ ਦੇ ਚਲਦਿਆਂ ਉਸ ਨੇ ਆਈਲੈਟਸ ਦਾ ਪੇਪਰ ਪਾਸ ਕੀਤਾ। ਉਹ ਕੈਨੇਡਾ ਦੇ ਕਾਲਜ ਵਿਚ ਪੜ੍ਹਨ ਜਾਵੇਗੀ। ਵਿਆਹ ਦੇ ਤੁਰੰਤ ਬਾਅਦ ਮਨਿੰਦਰ ਕੋਰ ਨੇ  14-5-2018 ਨੂੰ ਉਸ ਕੋਲੋਂ ਕੁੱਲ 11 ਲੱਖ 10 ਹਜ਼ਾਰ  500 ਰੁਪਏ ਲਏ। ਮਨਿੰਦਰ ਕੌਰ ਦੇ ਅਕਾਊਂਟ ਵਿਚ 7 ਅਗਸਤ 2018 ਨੂੰ 1 ਲੱਖ 42 ਹਜ਼ਾਰ ਰੁਪਏ ਖ਼ਰਚੇ ਦੇ ਲਈ ਟਰਾਂਸਫਰ ਕੀਤੇ ਗਏ। ਇਸ ਖ਼ਰਚੇ ਤੋਂ ਇਲਾਵਾ 6 ਲੱਖ ਦੇ ਕਰੀਬ ਰੁਪਏ ਨਕਦ ਵੀ ਉਸ ਨੇ ਮਨਿੰਦਰ ਕੌਰ ਨੂੰ ਦਿੱਤੇ। ਵਿਆਹ ਤੋਂ ਬਾਅਦ ਮਨਿੰਦਰ ਕੋਰ ਉਸ ਦੇ ਨਾਲ ਸਿਰਫ ਇੱਕ ਹਫਤਾ ਹੀ ਰਹੀ। ਜਿਸ ਤੋਂ ਬਾਅਦ ਉਹ ਅਪਣੇ ਪੇਕੇ ਮਾਪਿਆਂ ਦੇ ਕੋਲ ਚਲੀ ਗਈ ਅਤੇ ਆਈਲੈਟਸ ਦੀ ਤਿਆਰੀ ਕਰਨ ਲੱਗੀ। ਵੀਕਐਂਡ ਵਿਚ ਛੁੱਟੀ ਵਾਲੇ ਦਿਨ ਹੀ ਸਹੁਰੇ ਆਉਂਦੀ ਸੀ।

ਸਤੰਬਰ 2018 ਨੂੰ ਉਸ ਨੂੰ ਸੂਚਨਾ ਮਿਲੀ ਕਿ ਮਨਿੰਦਰ ਕੌਰ ਦਾ ਵੀਜ਼ਾ ਐਪਲੀਕੇਸ਼ਨ ਰਿਜੈਕਟ ਹੋ ਗਿਆ। ਹੁਣ ਉਹ ਮੁੜ ਆਈਲੈਟਸ ਦਾ ਪੇਪਰ ਦੇਣ ਵਾਲੀ ਹੈ ਜਦ ਉਸ ਨੇ ਮਨਿੰਦਰ ਕੋਲੋਂ ਇਸ ਬਾਰੇ ਪੁਛਿਆ ਤਾਂ ਉਹ ਬਹਾਨੇ ਬਾਜ਼ੀ ਕਰਨ ਲੱਗੀ। ਅਕਤੂਬਰ 2018 ਵਿਚ ਮਨਿੰਦਰ ਕੌਰ ਉਸ ਦੇ ਕੋਲ ਆਈ ਅਤੇ ਕਹਿਣ ਲੱਗੀ ਕਿ ਉਹ  ਅਪਣੇ ਕਿਸੇ ਰਿਸ਼ਤੇਦਾਰ ਦੇ ਘਰ ਵਿਆਹ ਵਿਚ ਜਾਣਾ ਚਾਹੁੰਦੀ ਹੈ। ਜਿਸ ਦੇ ਲਈ ਗਹਿਣਿਆਂ ਦੀ ਜ਼ਰੂਰਤ ਹੈ। ਉਹ ਅਪਣੇ ਸਾਰੇ ਗਹਿਣੇ ਅਤੇ ਉਸ ਦੇ ਘਰ ਤੋਂ ਲੈ ਗਈ ਜਿਨ੍ਹਾਂ ਦੀ ਕੀਮਤ ਸਾਢੇ 3 ਲੱਖ ਸੀ। ਉਸ ਦੀ ਮਾਂ ਦੇ ਕਰੀਬ ਸਾਢੇ 3 ਲੱਖ ਦੇ ਗਹਿਣੇ ਵੀ ਮਨਿੰਦਰ ਅਪਣੇ ਨਾਲ ਲੈ ਗਈ। ਜਿਸ ਤੋਂ ਬਾਅਦ ਉਹ ਮੁੜ ਕਦੇ ਉਸ ਦੇ ਨਾਲ ਨਹੀਂ ਰਹੀ। ਜਦ ਵੀ ਉਹ ਮਨਿੰਦਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਬਹਾਨੇਬਾਜ਼ੀ ਕਰਦੀ।

27 ਮਾਰਚ 2019 ਨੂੰ ਉਹ ਅਪਣੇ ਪਿਤਾ ਦੇ ਨਾਲ ਮਨਿੰਦਰ ਕੌਰ ਦੇ ਘਰ ਗਿਆ। ਜਿੱਥੇ ਮਨਿੰਦਰ ਦੇ ਘਰ ਵਾਲੇ ਮਿਲੇ ਅਤੇ ਕਿਹਾ ਕਿ ਮਨਿੰਦਰ ਨੂੰ ਵਾਪਸ ਭੇਜ ਦਿਓ। ਮਨਿੰਦਰ ਦੇ ਪਿਤਾ ਜਗਤਾਰ ਸਿੰਘ ਨੇ ਉਸ ਨਾਲ ਵਾਅਦਾ ਕੀਤਾ ਕਿ ਮਨਿੰਦਰ 15 ਦਿਨ ਵਿਚ ਵਾਪਸ ਸਹੁਰੇ ਆ ਜਾਵੇਗੀ। ਲੇਕਿਨ ਉਸ ਤੋਂ ਬਾਅਦ ਮਨਿੰਦਰ ਕੌਰ ਨੇ ਉਸ ਦਾ ਫੋਨ ਵੀ ਚੁੱਕਣਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਬਗੈਰ ਦੱਸੇ ਕੈਨੇਡਾ ਚਲੀ ਗਈ। ਉਸ ਨੇ ਦੋਸ਼ ਲਾਇਆ ਕਿ ਮਨਿੰਦਰ ਕੌਰ ਨੇ ਵਿਦੇਸ਼ ਜਾਣ ਦੇ ਲਈ ਅਪਣਾ ਖ਼ਰਚਾ ਕੱਢਣ ਲਈ ਉਸ ਦੇ ਨਾਲ ਵਿਆਹ ਕੀਤਾ ਅਤੇ ਧੋਖੇ ਨਾਲ ਉਸ ਕੋਲੋਂ ਰੁਪਏ ਅਤੇ ਗਹਿਣੇ ਲੈ ਕੇ ਚਲੀ ਗਈ। ਇਸ ਧੋਖਾਧੜੀ ਵਿਚ ਮਨਿੰਦਰ ਕੌਰ ਦੇ ਘਰ ਵਾਲੇ ਵੀ ਸ਼ਾਮਲ ਹਨ। ਪੁਲਿਸ ਨੇ ਜਾਂਚ ਤੋਂ ਬਾਅਦ ਪਤਨੀ ਮਨਿੰਦਰ ਕੌਰ, ਉਸ ਦੇ ਮਾਤਾ ਪਿਤਾ ਅਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।