ਨੌਜਵਾਨ ਨੇ ਮੁਟਿਆਰ ਦੀ ਪੱਤ ਮਧੋਲੀ
ਇਥੋਂ ਦੇ ਮਾਤਾ ਰਾਣੀ ਚੌਂਕ ਇਲਾਕੇ 'ਚ ਸਥਿਤ ਇੱਕ ਹੋਟਲ ਵਿਚ ਨੌਜਵਾਨ ਵੱਲੋਂ ਮੁਟਿਆਰ ਦੀ ਪੱਤ ਰੋਲਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ..................
ਲੁਧਿਆਣਾ : ਇਥੋਂ ਦੇ ਮਾਤਾ ਰਾਣੀ ਚੌਂਕ ਇਲਾਕੇ 'ਚ ਸਥਿਤ ਇੱਕ ਹੋਟਲ ਵਿਚ ਨੌਜਵਾਨ ਵੱਲੋਂ ਮੁਟਿਆਰ ਦੀ ਪੱਤ ਰੋਲਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ ਜਿਸ 'ਤੇ ਪੀੜਤਾ ਨੇ ਥਾਣਾ ਡਵੀਜ਼ਨ ਨੰਬਰ 1ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ 28 ਸਾਲਾ ਪੀੜਤ ਵਿਆਹੁਤਾ ਔਰਤ ਨੇ ਦੱਸਿਆ ਕਿ ਉਹ ਸਵੇਰ ਸਮੇਂ ਕਰੀਬ ਛੇ ਵਜੇ ਕੰਮਕਾਰ ਦੇ ਸਬੰਧ ਵਿੱਚ ਪਿੰਡ ਤੋਂ ਸ਼ਹਿਰ ਆਈ ਸੀ।
ਜਿਵੇਂ ਹੀ ਉਹ ਜਲੰਧਰ ਬਾਈਪਾਸ ਪੁੱਜੀ ਉਸ ਦੇ ਪਿੰਡ ਦਾ ਰਹਿਣ ਵਾਲਾ ਕੇਵਲ ਸਿੰਘ ਨੌਜਵਾਨ ਉਸ ਨੂੰ ਮਿਲ ਗਿਆ ਤੇ ਉਸ ਨੇ ਅਪਣੀਆਂ ਗੱਲਾਂ ਵਿੱਚ ਉਲਝਾ ਲਿਆ। ਗੱਲਾਂ ਹੀ ਗੱਲਾਂ 'ਚ ਉਹ ਉਸ ਨੂੰ ਅਪਣੇ ਨਾਲ ਘੰਟਾ ਘਰ ਨੇੜਲੇ ਮਾਤਾ ਰਾਣੀ ਚੌਂਕ ਸਥਿਤ ਇਕ ਹੋਟਲ ਵਿਚ ਲੈ ਗਿਆ ਜਿਥੇ ਨੌਜਵਾਨ ਨੇ ਕਥਿਤ ਉਸਦੀ ਮਰਜ਼ੀ ਤੋਂ ਬਿਨਾਂ ਉਸ ਨਾਲ ਜਿਸਮਾਨੀ ਸਬੰਧ ਕਾਇਮ ਕੀਤੇ। ਜਦ ਉਸ ਨੇ ਉਸ ਦਾ ਵਿਰੋਧ ਕੀਤਾ ਤਾਂ ਉਕਤ ਵਿਅਕਤੀ ਨੇ ਉਸਨੂੰ ਧਮਕੀਆਂ ਦਿਤੀਆਂ।
ਇਸ ਸਬੰਧੀ ਉਸ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਦਰਜ ਕਰਾ ਦਿਤੀ ਹੈ। ਥਾਣਾ ਡਵੀਜ਼ਨ ਨੰਬਰ 1 ਦੇ ਤਫ਼ਤੀਸ਼ੀ ਅਫ਼ਸਰ ਏ.ਐਸ.ਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਵਿਰੁਧ ਕਾਨੂੰਨੀ ਕਾਰਵਾਈ ਕਰਦਿਆ ਮਾਮਲਾ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।