ਸੁਖਬੀਰ ਧਰਨਿਆਂ ਰੂਪੀ ਡਰਾਮਾ ਕਰਨ ਤੋਂ ਪਹਿਲਾਂ ਅਪਣੇ ਅਤੀਤ 'ਤੇ ਝਾਤੀ ਮਾਰਨ : ਸੁਨੀਲ ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੇਰਾ ਮੁੱਖੀ ਵਿਰੁਧ ਕੇਸ ਵਾਪਿਸ ਲੈਣ ਵਾਲੀ ਸਰਕਾਰ ਵਿਚ ਸੁਖਬੀਰ ਸਿੰਘ ਸਨ ਉਪ ਮੁੱਖ ਮੰਤਰੀ

Sunil Jakhar

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਪਟਿਆਲਾ ਵਿਚ ਲਗਾਇਆ ਧਰਨਾ ਉਸੇ ਤਰ੍ਹਾਂ ਦਾ ਇਕ ਸਵਾਂਗ ਹੈ ਜਿਸ ਤਰ੍ਹਾਂ ਕਿ ਡੇਰਾ ਮੁਖੀ ਨੇ ਸਿੱਖ ਮਰਿਆਦਾਵਾਂ ਦਾ ਘਾਣ ਕਰਨ ਲਈ ਡੇਰਾ ਸਲਾਬਤਪੁਰਾ ਵਿਚ ਕੀਤਾ ਸੀ।

ਸੁਬਾ ਕਾਂਗਰਸ ਪ੍ਰਧਾਨ ਨੇ ਅੱਜ ਇਥੋਂ ਜਾਰੀ ਬਿਆਨ ਵਿਚ ਕਿਹਾ ਕਿ ਧਰਨੇ 'ਤੇ ਅੱਜ ਉਹੀ ਬੰਦੇ ਬੈਠੇ ਹਨ ਜਿੰਨਾਂ ਦੇ ਰਾਜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕਰ ਕੇ ਸ਼ਰੇਆਮ ਪੋਸ਼ਟਰ ਲਗਾਏ ਗਏ ਸਨ ਅਤੇ ਜਿਨ੍ਹਾਂ ਦੀ ਸਰਕਾਰ ਨੇ ਖੁਦ ਡੇਰਾ ਮੁਖੀ ਵਿਰੁਧ ਦਰਜ ਕੀਤਾ ਕੇਸ ਵਾਪਿਸ ਲਿਆ ਸੀ।

ਉਨ੍ਹਾਂ ਨੇ ਸਵਾਲ ਕੀਤਾ ਕਿ ਸ: ਸੁਖਬੀਰ ਸਿੰਘ ਬਾਦਲ ਦੱਸਣ ਕਿ ਕੀ ਉਕਤ ਹਿਰਦੇ ਵੰਲੂਧਰਨ ਵਾਲਿਆਂ ਮੰਦਭਾਗੀਆਂ ਘਟਨਾਵਾਂ ਸਮੇਂ ਸ. ਸੁਖਬੀਰ ਸਿੰਘ ਬਾਦਲ ਸੂਬੇ ਦੇ ਉਪ ਮੁੱਖ ਮੰਤਰੀ ਸਨ ਜਾਂ ਨਹੀਂ, ਜਾਂ ਕੀ ਉਨਾਂ ਕੋਲ ਸੂਬੇ ਦੇ ਗ੍ਰਹਿ ਵਿਭਾਗ ਦਾ ਕਾਰਜਭਾਰ ਸੀ ਜਾਂ ਨਹੀਂ ਸੀ ਅਤੇ ਕੀ ਉਨ੍ਹਾਂ ਦੀ ਪਾਰਟੀ ਪੰਥਕ ਪਾਰਟੀ ਹੈ ਸੀ ਜਾਂ ਨਹੀਂ ਸੀ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀਆਂ ਏਂਜਸੀਆਂ ਤਾਂ ਬੇਅਦਬੀ ਅਤੇ ਗੋਲੀਕਾਂਡ ਨਾਲ ਜੁੜੇ ਬਹੁਤ ਸਾਰੇ ਕੇਸਾਂ ਨੂੰ ਹੱਲ ਕਰਨ ਦੇ ਨੇੜੇ ਪੁੱਜ ਗਈਆਂ ਹਨ ਪਰ ਅੱਜ ਵੀ ਅਕਾਲੀ ਦਲ ਹੀ ਸੀਬੀਆਈ ਰਾਹੀਂ ਉਕਤ ਕੇਸਾਂ ਦੀ ਜਾਂਚ ਵਿਚ ਅੜਿਕੇ ਡਾਹ ਰਿਹਾ ਹੈ।

ਉਨਾਂ ਨੇ ਕਿਹਾ ਕਿ ਹੁਣ ਵੀ ਜਿਥੇ ਵੀ ਕੋਈ ਮਾੜੀ ਘਟਨਾ ਹੋਵੇਗੀ ਕਾਨੂੰਨ ਸਖ਼ਤੀ ਨਾਲ ਕੰਮ ਕਰੇਗਾ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਧਰਨਿਆਂ ਦਾ ਸਵਾਂਗ ਕਰਨ ਤੋਂ ਪਹਿਲਾਂ ਆਪਣੇ ਅਤੀਤ ਨੂੰ ਜ਼ਰੂਰ ਯਾਦ ਕਰ ਲੈਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।