ਅਕਾਲੀਆਂ ਨੇ ਪੰਥ ਦੀ ਪਿੱਠ 'ਚ ਛੁਰਾ ਖੋਭਿਆ : ਸੁਨੀਲ ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੇਰਾ ਬਾਬਾ ਨਾਨਕ ਵਿਖੇ ਚੋਣ ਮੀਟਿੰਗ ਨੂੰ ਕੀਤਾ ਸੰਬੋਧਨ

Dera Baba Nanak Raiily Sunil Jakhar

ਕਲਾਨੌਰ/ਡੇਰਾ ਬਾਬਾ ਨਾਨਕ :ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੇ ਅੱਜ ਡੇਰਾ ਬਾਬਾ ਨਾਨਕ ਦੇ ਕੋਟਲੀ ਸੂਰਤ ਮੱਲ੍ਹੀ ਵਿਖੇ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ । ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਸ਼ੇਸ਼ ਤੌਰ ਤੇ ਮੌਜੂਦ ਇਸ ਮੌਕੇ ਅਕਾਲੀਆਂ ਨੂੰ ਆੜੇ ਹੱਥੀਂ ਰਹਿੰਦਿਆਂ ਜਾਖੜ ਨੇ ਕਿਹਾ ਕਿ ਅਕਾਲੀਆਂ ਦੇ ਰਾਜ ਵਿੱਚ ਪੰਜਾਬ ਵਿੱਚ ਚਿੱਟੇ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ। ਅਕਾਲੀ-ਭਾਜਪਾ ਗਠਜੋੜ ਨੇ ਪੰਥ ਦੀ ਪਿੱਠ ਵਿੱਚ ਛੁਰਾ ਖੋਭਿਆ।

ਅਕਾਲੀਆਂ ਨੇ ਸਰਕਾਰ ਨੂੰ ਵਪਾਰ ਬਣਾ ਕੇ ਰੱਖ ਦਿੱਤਾ ਸੀ। ਸੇਵਾ ਦੇ ਨਾਮ ਤੇ ਸਿਰਫ ਆਪਣੇ ਬੱਚਿਆਂ ਦੀ ਸੇਵਾ ਕੀਤੀ ਨਾ ਕਿ ਪੰਜਾਬ ਦੀ। ਕਰਤਾਰਪੁਰ ਲਾਂਘੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਲਾਂਘਾ ਖੁੱਲ੍ਹਣ ਤੋਂ ਬਾਅਦ ਬਹੁਤ ਵੱਡੀ ਗਿਣਤੀ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਆ ਕੇ ਡੇਰਾ ਬਾਬਾ ਨਾਨਕ ਰਾਹੀਂ ਓਥੇ ਜਾ ਕੇ ਮੱਥਾ ਟੇਕਣਗੇ।  ਇਸ ਨਾਲ ਨਾ ਕੇਵਲ ਇਲਾਕੇ ਦਾ ਤੇਜ਼ੀ ਨਾਲ ਵਿਕਾਸ ਹੋਵੇਗਾ ਬਲਕਿ ਰੋਜ਼ਗਾਰ ਅਤੇ ਕਾਰੋਬਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ।

ਆਪਣੇ ਸੰਬੋਧਨ ਵਿੱਚ ਜਾਖੜ ਨੇ ਕਿਹਾ ਕਿ ਵੋਟਰ ਅਜਿਹੇ ਲੀਡਰ ਚੁਣ ਕੇ ਪਾਰਲੀਮੈਂਟ ਵਿੱਚ ਭੇਜਣ ਜੋ ਫਿਲਮੀ ਗੱਲਾਂ ਨਾ ਕਰਨ ਬਲਕਿ ਸਮਾਜ ਦੀ ਗੱਲ ਕਰਨ, ਸੁਧਾਰ ਦੀ ਗੱਲ ਕਰਨ, ਵਿਕਾਸ ਦੀ ਗੱਲ ਕਰਨ, ਰੋਜ਼ਗਾਰ ਦੀ ਗੱਲ ਕਰਨ। ਉਨ੍ਹਾਂ ਲੋਕਾਂ ਨੂੰ ਗੱਲਾਂ ਜਾਂ ਫ਼ਿਲਮੀ ਡਾਇਲੋਗ ਨਹੀਂ ਕੰਮਾਂ ਦੇ ਆਧਾਰ ਤੇ ਵੋਟ ਕਰਨ ਦੀ ਅਪੀਲ ਕੀਤੀ।

ਵੱਡੀ ਗਿਣਤੀ ਵਿੱਚ ਮੌਜੂਦ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਜਾਖੜ ਨੇ ਕਿਹਾ ਕਿ ਉਨ੍ਹਾਂ ਨੂੰ ਮਤਾਵਾਂ ਅਤੇ ਭੈਣਾਂ ਵੱਲੋਂ ਅਸ਼ੀਰਵਾਦ ਵੋਟਾਂ ਦੇ ਰੂਪ ਵਿੱਚ ਪਹਿਲਾਂ ਵੀ ਮਿਲਦਾ ਰਿਹਾ ਹੈ ਤੇ ਅੱਗੇ ਵੀ ਮਿਲਦਾ ਰਹੇਗਾ। ਜਾਖੜ ਨੇ 'ਮਾਵਾਂ ਠੰਢੀਆਂ ਛਾਵਾਂ' ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਕੱਠ ਵਿੱਚ ਬੈਠੀਆਂ ਬਜ਼ੁਰਗ ਔਰਤਾਂ ਦਾ ਅਸ਼ੀਰਵਾਦ ਉਨ੍ਹਾਂ ਲਈ ਵੋਟਾਂ ਤੋਂ ਕਿਤੇ ਵੱਧ ਕੇ ਹੈ ।ਇਸ ਮੌਕੇ  ਵੱਡੀ  ਗਿਣਤੀ ਵਰਕਰ  ਹਾਜਰ ਸਨ।