ਪੰਥ ਦੇ ਨਾਂਅ 'ਤੇ ਰਾਜਨੀਤੀ ਕਰਨ ਵਾਲਾ ਬਾਦਲ ਪਰਵਾਰ ਸੰਕਟ 'ਚ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਗਾਤਾਰ 10 ਸਾਲ ਸੱਤਾ ਦਾ ਆਨੰਦ ਮਾਣਦਿਆਂ ਬਾਦਲਾਂ ਨੂੰ ਇਹ ਅੰਦਾਜ਼ਾ ਕਦੇ ਨਾ ਹੋਇਆ ਕਿ ਇਕ ਦਿਨ ਹੱਥਾਂ ਨਾਲ ਦਿਤੀਆਂ ਗੰਢਾਂ ਮੂੰਹ ਨਾਲ ਖੋਲ੍ਹਣ ਦੀ ਨੌਬਤ ਆ ਸਕਦੀ ਹੈ......

Parkash Singh Badal

ਕੋਟਕਪੂਰਾ : ਲਗਾਤਾਰ 10 ਸਾਲ ਸੱਤਾ ਦਾ ਆਨੰਦ ਮਾਣਦਿਆਂ ਬਾਦਲਾਂ ਨੂੰ ਇਹ ਅੰਦਾਜ਼ਾ ਕਦੇ ਨਾ ਹੋਇਆ ਕਿ ਇਕ ਦਿਨ ਹੱਥਾਂ ਨਾਲ ਦਿਤੀਆਂ ਗੰਢਾਂ ਮੂੰਹ ਨਾਲ ਖੋਲ੍ਹਣ ਦੀ ਨੌਬਤ ਆ ਸਕਦੀ ਹੈ। ਸੱਤਾਧਾਰੀ ਧਿਰ ਕੋਲ ਅਪਣੀਆਂ ਕਮੀਆਂ-ਪੇਸ਼ੀਆਂ ਲੁਕਾਉਣ, ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਸਾਬਤ ਕਰਨ ਦੇ ਢੰਗ ਤਰੀਕੇ ਅਤੇ ਤਾਕਤਾਂ ਉਸ ਨੂੰ ਇਹ ਸੋਚਣ ਦਾ ਮੌਕਾ ਨਹੀਂ ਦਿੰਦੀਆਂ ਕਿ ਇਕ ਦਿਨ ਲੋਕਾਂ ਦੀ ਕਚਹਿਰੀ 'ਚ ਜਵਾਬਦੇਹ ਹੋਣਾ ਪਵੇਗਾ ਅਰਥਾਤ ਅਪਣੇ ਵਿਰੋਧੀਆਂ ਤੇ ਆਮ ਲੋਕਾਂ ਨਾਲ ਤਾਕਤ ਦੇ ਨਸ਼ੇ 'ਚ ਕੀਤੀਆਂ ਧੱਕੇਸ਼ਾਹੀਆਂ ਤੇ ਜ਼ਿਆਦਤੀਆਂ ਦਾ ਖ਼ਮਿਆਜ਼ਾ ਵੀ ਭੁਗਤਣਾ ਪਵੇਗਾ।

ਪਿਛਲੀ ਅੱਧੀ ਸਦੀ ਤੋਂ ਵਿਰੋਧੀਆਂ ਨੂੰ ਕਾਂਗਰਸ ਦੇ ਏਜੰਟ ਜਾਂ ਪੰਥ ਵਿਰੋਧੀ ਸ਼ਕਤੀਆਂ ਦੇ ਮੁਖ਼ਬਰ ਕਹਿ ਕੇ ਸਿਆਸਤ ਕਰਦੇ ਆ ਰਹੇ ਬਾਦਲ ਪਰਵਾਰ ਦਾ ਇਹ ਹਥਿਆਰ ਹੁਣ ਖੁੰਢਾ ਹੋ ਗਿਆ ਹੈ ਕਿਉਂਕਿ ਸਿੱਖ ਸੰਗਤਾਂ ਅਤੇ ਆਮ ਲੋਕ ਹੁਣ ਉਸ ਗੱਲ ਦਾ ਅਸਰ ਕਬੂਲਣ ਲਈ ਤਿਆਰ ਨਹੀਂ। ਇਸ ਵਾਰ ਬੀਤੀ 2 ਸਤੰਬਰ ਦਿਨ ਐਤਵਾਰ ਨੂੰ 'ਰੋਜ਼ਾਨਾ ਸਪੋਕਸਮੈਨ' ਦੇ 'ਮੇਰੀ ਨਿਜੀ ਡਾਇਰੀ' ਦੇ ਪੰਨਿਆਂ 'ਚ ਵੀ ਸਪਸ਼ਟ ਕੀਤਾ ਗਿਆ ਸੀ ਕਿ 28 ਅਗੱਸਤ ਦੇ ਪੰਜਾਬ ਅਸੈਂਬਲੀ ਸ਼ੈਸ਼ਨ ਮਗਰੋਂ ਅਕਾਲੀਆਂ, ਉਨ੍ਹਾਂ ਦੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਸਪੋਕਸਮੈਨ ਨਾਲ ਸਮੇਂ ਸਮੇਂ ਕੀਤੇ

ਇਤਿਹਾਸਕ ਧੱਕੇ ਅਤੇ ਅਨਿਆਂ ਦਾ ਪਸ਼ਚਾਤਾਪ ਜ਼ਰੂਰ ਕਰਨਾ ਚਾਹੀਦੈ ਨਹੀਂ ਤਾਂ ਰੱਬ ਤਾਂ ਨਿਆਂ ਕਰੇਗਾ ਹੀ! ਲਗਾਤਾਰ 10 ਸਾਲ ਜਿਹੜੇ ਟਕਸਾਲੀ ਅਕਾਲੀ ਆਗੂਆਂ ਨੂੰ ਬਾਦਲ ਪਿਉ-ਪੁੱਤ ਨੇ ਖੂੰਝੇ ਲਾ ਕੇ ਰਖਿਆ, ਹੁਣ ਬਚਾਅ ਲਈ ਉਨ੍ਹਾਂ ਟਕਸਾਲੀ ਅਕਾਲੀਆਂ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਕਾਲੀ ਦਲ ਬਾਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਵਲੋਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਬਦਲਣ ਦੇ ਦਿਤੇ ਸੰਕੇਤ ਦੇ ਪ੍ਰਤੀਕਰਮ ਵਜੋਂ ਕਾਂਗਰਸ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਵਾਲ ਕਰ ਦਿਤਾ ਕਿ ਕੀ ਢੀਂਡਸਾ ਦੇ ਉਕਤ ਬਿਆਨ ਨਾਲ ਇਹ ਸਪਸ਼ਟ ਨਹੀਂ ਹੋ ਜਾਂਦਾ

ਕਿ ਤਖ਼ਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰ੍ਰਧਾਨ ਬਾਦਲਾਂ ਦੇ ਲਿਫ਼ਾਫ਼ਿਆਂ 'ਚੋਂ ਨਿਕਲਦੇ ਹਨ? ਕੀ ਤਖ਼ਤਾਂ ਦੇ ਜਥੇਦਾਰਾਂ ਨੇ ਆਮ ਲੋਕਾਂ ਨੂੰ ਗੁਮਰਾਹ ਕਰਨ ਲਈ ਬਾਦਲ ਨੂੰ ਫ਼ਖ਼ਰ-ਇ-ਕੌਮ ਅਤੇ ਪੰਥ ਰਤਨ ਦੇ ਖ਼ਿਤਾਬ ਦਿਤੇ? ਭਾਵੇਂ ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੀ ਅੱਧੀ ਸਦੀ ਤੋਂ ਅਪਣੇ ਵਿਰੋਧੀਆਂ ਨੂੰ ਖੂੰਜੇ ਲਾ ਕੇ ਰਖਿਆ ਤੇ ਹਰ ਇਕ ਨੂੰ ਕਾਂਗਰਸ ਦਾ ਏਜੰਟ ਕਹਿ ਕੇ ਭੰਡਿਆ, ਸਿਆਸੀ ਰੋਟੀਆਂ ਸੇਕੀਆਂ, ਪੰਥ ਖਤਰੇ 'ਚ ਹੈ ਦਾ ਰੌਲਾ ਪਾ ਕੇ ਲਗਾਤਾਰ 5 ਵਾਰ ਮੁੱਖ ਮੰਤਰੀ ਦੀ ਕੁਰਸੀ ਦਾ ਆਨੰਦ ਮਾਣਿਆ ਪਰ ਇਸ ਵਾਰ ਬੇਅਦਬੀ ਕਾਂਡ ਦੇ ਮੁੱਦੇ ਨੇ ਜਿਥੇ ਬਾਦਲ ਪਰਵਾਰ ਦਾ ਪਿਛਲੇ ਲੰਮੇ ਸਮੇਂ ਦਾ ਬਣਿਆ ਅਕਸ ਧੁੰਦਲਾ ਹੀ ਨਹੀਂ ਕੀਤਾ

ਬਲਕਿ ਬੇਨਕਾਬ ਕਰ ਦਿਤਾ ਹੈ ਤੇ ਅਕਾਲੀ ਦਲ ਉਪਰ ਪਾਇਆ ਗਲਬਾ ਵੀ ਖੁਸਦਾ ਨਜ਼ਰ ਆ ਰਿਹਾ ਹੈ। ਟਕਸਾਲੀ ਅਕਾਲੀਆਂ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਵੀ ਕਿਸੇ ਖ਼ਤਰੇ ਦੇ ਘੁੱਗੂ ਤੋਂ ਘੱਟ ਨਹੀਂ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਮਾ ਤਾਰਾ ਸਿੰਘ ਦੀ ਦੋਹਤੀ ਕਿਰਨਜੋਤ ਕੌਰ ਦੇ ਸਖ਼ਤ ਬਿਆਨਾਂ ਨੇ ਬਾਦਲਾਂ ਲਈ ਮੁਸ਼ਕਲ ਖੜੀ ਕਰ ਦਿਤੀ ਹੈ। 

ਬਾਦਲ ਪਰਵਾਰ ਵਲੋਂ ਪਿਛਲੇ ਲੰਮੇਂ ਸਮੇਂ ਤੋਂ ਪੰਥਕ ਵਿਦਵਾਨਾਂ, ਸਿੱਖ ਇਤਿਹਾਸਕਾਰਾਂ ਅਤੇ ਪੰਥਦਰਦੀਆਂ ਨੂੰ ਜ਼ਲੀਲ ਕਰਨ, ਪੰਥ ਵਿਰੋਧੀ ਸ਼ਕਤੀਆਂ ਅਤੇ ਡੇਰੇਦਾਰਾਂ ਨਾਲ ਤਾਲਮੇਲ ਰੱਖ ਕੇ ਵੋਟ ਰਾਜਨੀਤੀ ਦਾ ਲਾਹਾ ਲੈ ਕੇ ਪੰਥ ਦਾ ਘਾਣ ਕਰਨ ਵਾਲੀਆਂ ਗੁੱਝੀਆਂ ਗੱਲਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰੀਪੋਰਟ ਅਤੇ ਸੋਸ਼ਲ ਮੀਡੀਏ ਰਾਹੀਂ ਹੋਰ ਬਹੁਤ ਕੁੱਝ ਸਾਹਮਣੇ ਆ ਜਾਣ ਨਾਲ ਅਗਾਮੀ ਦਿਨਾਂ 'ਚ ਬਾਦਲ ਦਲ ਉਪਰ ਮੰਡਰਾਏ ਸੰਕਟ ਦੇ ਬੱਦਲਾਂ ਨੂੰ ਹੋਰ ਸੰਘਣੇ ਹੋਣ ਤੋਂ ਕੋਈ ਨਹੀਂ ਰੋਕ ਸਕਦਾ।