ਮੋਦੀ ਤੇ ਬਾਦਲ ਪਰਵਾਰ ਨੂੰ ਸਜ਼ਾ ਦੇਣ ਜਥੇਦਾਰ: ਬੈਂਸ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਅਤੇ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਅਕਾਲ ਤਖ਼ਤ ਦੇ ਜਥੇਦਾਰ...........

Balwinder Singh Bains

ਲੁਧਿਆਣਾ :  ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਅਤੇ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮਲੋਟ ਵਿਖੇ ਹੋਈ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਗੜੀ ਦਾ ਨਿਰਾਦਰ ਕੀਤਾ ਹੈ ਜਿਸ ਲਈ ਜਿਥੇ ਨਰਿੰਦਰ ਮੋਦੀ ਜ਼ਿੰਮੇਵਾਰ ਹਨ, ਉਥੇ ਮੰਚ 'ਤੇ ਮੌਜੂਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਬਰਾਬਰ ਦੇ ਦੋਸ਼ੀ ਹਨ।

ਇਸ ਲਈ ਮੋਦੀ ਸਮੇਤ ਬਾਦਲ ਪਰਵਾਰ ਨੂੰ ਅਕਾਲ ਤਖ਼ਤ 'ਤੇ ਬੁਲਾ ਕੇ ਸਖ਼ਤ ਸਜ਼ਾ ਦਿਤੀ ਜਾਵੇ। ਬੈਂਸ ਨੇ ਕਿਹਾ ਕਿ ਪਗੜੀ ਸਿੱਖੀ ਦੀ ਪ੍ਰਤੀਕ ਹੈ ਅਤੇ ਇਸ ਪਗੜੀ ਲਈ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਥੇ ਇਕ ਪਾਸੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਪੰਜ ਪਿਆਰੇ ਸਾਜ ਕੇ ਅਪਣੇ ਸਿੱਖਾਂ ਨੂੰ ਪੰਜ ਕਕਾਰਾਂ ਦੇ ਧਾਰਣੀ ਬਣਾਇਆ, ਉਥੇ ਅਪਣੇ ਕੇਸਾਂ ਦੀ ਰਾਖੀ ਲਈ ਸਿਰ 'ਤੇ ਪਗੜੀ ਬੰਨ੍ਹਣ ਦਾ ਮਾਣ ਬਖ਼ਸ਼ਿਆ। ਵਿਦੇਸ਼ਾਂ ਵਿਚ ਸਿੱਖਾਂ ਦੀ ਵਖਰੀ ਪਛਾਣ ਹੈ ਅਤੇ ਪਗੜੀ ਨੂੰ ਵੀ ਉਥੇ ਪੂਰਾ ਮਾਣ ਸਨਮਾਨ ਮਿਲਦਾ ਹੈ ਅਤੇ ਕਈ ਦੇਸ਼ਾਂ ਵਿਚ ਪਗੜੀ ਬੰਨ੍ਹ ਕੇ ਹੀ ਸਿੱਖ ਪੁਲਿਸ ਅਤੇ ਫ਼ੌਜ ਤਕ ਦੀ ਨੌਕਰੀ ਕਰਦੇ ਹਨ।