ਲੁਧਿਆਣਾ ’ਚ ਦੁਕਾਨਾਂ ’ਤੇ ਚੱਲਿਆ ਪ੍ਰਸ਼ਾਸਨ ਦਾ ‘ਪੀਲਾ ਪੰਜਾ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਲਾਂ ਵਿਚ ਹੀ ਦਰਜਨਾਂ ਦੁਕਾਨਾਂ ਕੀਤੀਆਂ ਢਹਿ ਢੇਰੀ

Dozens of shops have collapsed

ਲੁਧਿਆਣਾ (ਵਿਸ਼ਾਲ): ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਜਮਾਲਪੁਰ ਚੌਂਕ ਸਥਿਤ ਨਾਜਾਇਜ਼ ਕਬਜ਼ੇ ਵਾਲੀਆਂ ਦੁਕਾਨਾਂ ’ਤੇ ਨਗਰ ਨਿਗਮ ਦਾ ‘ਪੀਲਾ ਪੰਜਾ’ ਚੱਲਿਆ।  ਦੇਖਦੇ ਹੀ ਦੇਖਦੇ ਦਰਜਨਾਂ ਦੁਕਾਨਾਂ  ਢਹਿ ਢੇਰੀ ਕਰ ਦਿੱਤੀਆਂ ਗਈਆਂ। ਜਾਣਕਾਰੀ ਅਨੁਸਾਰ ਜਿਨ੍ਹਾਂ ਦੁਕਾਨਾਂ ’ਤੇ ਇਹ ਕਾਰਵਾਈ ਕੀਤੀ ਗਈ ਹੈ, ਉਹ ਨਾਜਾਇਜ਼ ਤੌਰ ’ਤੇ ਗਲਾਡਾ ਦੀ ਜ਼ਮੀਨ ’ਤੇ ਬਣੀਆਂ ਹੋਈਆਂ ਸਨ। ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਨਗਰ ਨਿਗਮ ਦੀ ਕਰੇਨ ਕਿਵੇਂ ਧੜਾਧੜ ਦੁਕਾਨਾਂ ਨੂੰ ਸੁੱਟ ਰਹੀ ਹੈ ਅਤੇ ਦੁਕਾਨਦਾਰਾਂ ਦਾ ਸਾਰਾ ਸਮਾਨ ਰੋਡ ’ਤੇ ਪਿਆ ਨਜ਼ਰ ਆ ਰਿਹਾ ਹੈ।

ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਵੱਡੀ ਗਿਣਤੀ ਵਿਚ ਪੁਲਸ ਫੋਰਸ ਵੀ ਮੌਜੂਦ ਸੀ। ਪੁਲਿਸ ਦੀ ਹਾਜ਼ਰੀ ਵਿਚ ਹੀ ਇਹ ਕਾਰਵਾਈ ਕੀਤੀ ਗਈ।  ਕਾਰਵਾਈ ਕਰਨ ਤੋਂ ਪਹਿਲਾਂ ਸਾਰੇ ਦੁਕਾਨਦਾਰਾਂ ਨੂੰ ਬਕਾਇਦਾ ਨੋਟਿਸ ਜਾਰੀ ਕੀਤੇ ਗਏ ਸਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਦੁਕਾਨਾਂ ਖ਼ਾਲੀ ਨਹੀਂ ਕੀਤੀਆਂ, ਜਿਸ ਤੋਂ ਬਾਅਦ ਸਵੇਰ ਹੁੰਦਿਆਂ ਸਾਰ ਹੀ ਪ੍ਰਸ਼ਾਸਨ ਦਾ ‘ਪੀਲਾ ਪੰਜਾ’ ਇਨ੍ਹਾਂ ਦੁਕਾਨਾਂ ’ਤੇ ਚੱਲ ਗਿਆ।

ਪ੍ਰਸ਼ਾਸਨ ਦੀ ਇਸ ਕਾਰਵਾਈ ਦੌਰਾਨ ਜਿੱਥੇ ਕੁੱਝ ਦੁਕਾਨਦਾਰ ਅਪਣਾ ਖਿੱਲਰਿਆ ਹੋਇਆ ਸਮਾਨ ਸਾਂਭਣ ਵਿਚ ਲੱਗੇ ਹੋਏ ਸਨ। ਉਥੇ ਕੁੱਝ ਦੁਕਾਨਦਾਰ ਇਸ ਕਾਰਵਾਈ ਦਾ ਵਿਰੋਧ ਵੀ ਕਰਦੇ ਨਜ਼ਰ ਆਏ, ਜੋ ਪ੍ਰਸ਼ਾਸਨ ਤੋਂ ਥੋੜ੍ਹਾ ਹੋਰ ਸਮਾਂ ਮੰਗ ਰਹੇ ਸਨ। ਇਸ ਨੂੰ ਲੈ ਕੇ ਗਲਾਡਾ ਦੇ ਐਸਡੀਓ ਪਰਮਿੰਦਰ ਸਿੰਘ ਨੇ ਕਿਹਾ ਜਿਨ੍ਹਾਂ ਦੁਕਾਨਾਂ ’ਤੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨੂੰ ਪਹਿਲਾਂ ਨੋਟਿਸ ਜਾਰੀ ਕੀਤਾ ਗਿਆ ਸੀ, ਨੋਟਿਸ ਜਾਰੀ ਕਰਨ ਤੋਂ ਬਾਅਦ ਹੀ ਕਾਰਵਾਈ ਕੀਤੀ ਗਈ ਹੈ।

ਉਧਰ ਦੁਕਾਨਦਾਰ ਤਰਵਿੰਦਰ ਸਿੰਘ ਨੇ ਪ੍ਰਸ਼ਾਸਨਿਕ ਕਾਰਵਾਈ ’ਤੇ ਬੋਲਦਿਆਂ ਆਖਿਆ ਕਿ ਉਹ ਇਸ ਜਗ੍ਹਾ ’ਤੇ ਪਿਛਲੇ 30 ਸਾਲਾਂ ਤੋਂ ਬੈਠੇ ਹਨ ਪਰ ਪ੍ਰਸ਼ਾਸਨ ਨੇ ਹੁਣ ਉਨ੍ਹਾਂ ਦੀਆਂ ਦੁਕਾਨਾਂ ਤੋੜ ਦਿੱਤੀਆਂ ਨੇ ਅਤੇ ਸਾਰਾ ਸਮਾਨ ਸੜਕ ’ਤੇ ਸੁੱਟ ਦਿੱਤਾ ਹੈ। ਹਾਲਾਂਕਿ ਉਸ ਨੇ ਰਾਤ ਸਮੇਂ ਪ੍ਰਸ਼ਾਸਨਿਕ ਨੋਟਿਸ ਮਿਲਣ ਦੀ ਗੱਲ ਵੀ ਕਹੀ ਸੀ। ਦੱਸ ਦਈਏ ਕਿ ਲੁਧਿਆਣਾ ਦੇ ਇਸ ਖੇਤਰ ਵਿਚ ਹੀ ਨਹੀਂ ਬਲਕਿ ਹੋਰਨਾਂ ਕਈ ਖੇਤਰਾਂ ਵਿਚ ਵੀ ਕਈ ਥਾਵਾਂ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਪਰ ਦੇਖਣਾ ਹੋਵੇਗਾ ਕਿ ਬਾਕੀ ਨਾਜਾਇਜ਼ ਕਬਜ਼ੇ ਵਾਲੀਆਂ ਥਾਵਾਂ ’ਤੇ ਕਦੋਂ ਕਾਰਵਾਈ ਹੁੰਦੀ ਹੈ। ਨਾਲ ਹੀ ਇਹ ਵੀ ਦੇਖਣਾ ਹੋਵੇਗਾ ਕਿ ਕੀ ਸਰਕਾਰ ਇਨ੍ਹਾਂ ਲੋਕਾਂ ਨੂੰ ਕਿਸੇ ਹੋਰ ਥਾਂ ਜਗ੍ਹਾ ਮੁਹੱਈਆ ਕਰਵਾਏਗੀ ਜਾਂ ਨਹੀਂ ਕਿਉਂਕਿ ਪ੍ਰਸ਼ਾਸਨ ਦੀ ਇਸ ਕਾਰਵਾਈ ਨਾਲ ਇਨ੍ਹਾਂ ਦੁਕਾਨਦਾਰਾਂ ਦੇ ਰੁਜ਼ਗਾਰ ’ਤੇ ਸਿੱਧਾ ਅਸਰ ਪਵੇਗਾ।

ਦੇਖੋ ਵੀਡੀਓ:

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।