ਪ੍ਰਸਾਸ਼ਨ ਨਾ ਪਹੁੰਚਿਆ ਤਾਂ ਪਿੰਡਾਂ ਨੂੰ ਬਚਾਉਣ ਲਈ ਲੋਕ ਖੁਦ ਆਏ ਅੱਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਗਭਗ ਇਕ ਹਫ਼ਤਾ ਬੀਤਣ ਵਾਲਾ ਹੈ ਪਰ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਪੁਲੀ ਨੂੰ ਦੁਬਾਰਾ ਬਣਾਉਣ ਦੀ ਗੱਲ ਨਾ ਆਖੀ।

Pic

ਚੰਡੀਗੜ੍ਹ : ਪੰਜਾਬ 'ਚ ਹੜ੍ਹਾਂ ਦੀ ਮਾਰ ਜਾਰੀ ਹੈ। ਮੀਂਹ ਅਤੇ ਬੰਨ੍ਹਾਂ ਤੋਂ ਪਾਣੀ ਛੱਡਣ ਕਾਰਨ ਕਈ ਜ਼ਿਲ੍ਹਿਆਂ 'ਚ 200 ਤੋਂ ਵੱਧ ਪਿੰਡਾਂ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ। ਪੰਜਾਬ ਸਰਕਾਰ ਮੁਤਾਬਕ ਹੜ੍ਹਾਂ ਕਾਰਨ ਸੂਬੇ ਨੂੰ 1700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪੰਜਾਬ ਦੇ ਦੁਆਬਾ, ਮਾਝਾ ਅਤੇ ਪੁਆਧ ਦੇ ਇਲਾਕੇ ਹੜ੍ਹ ਕਾਰਨ ਪ੍ਰਭਾਵਤ ਹੋਏ ਹਨ। ਸੱਭ ਤੋਂ ਵੱਧ ਪ੍ਰਭਾਵਤ ਹਲਕਾ ਸ੍ਰੀ ਅਨੰਦਪੁਰ ਸਾਹਿਬ ਅਤੇ ਰੋਪੜ ਦਾ ਇਲਾਕਾ ਹੋਇਆ ਹੈ।

ਪਿਛਲੇ ਦਿਨੀਂ ਜਦੋਂ ਸਤਲੁਜ ਦਾ ਪਾਣੀ ਭਾਖੜਾ ਡੈਮ ਤੋਂ ਛੱਡਿਆ ਜਾ ਰਿਹਾ ਸੀ ਤਾਂ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਨਿੱਕੂਵਾਲ 'ਚ ਪੈਂਦੀ ਇਕ ਪੁਲੀ ਟੁੱਟ ਗਈ ਸੀ। ਲਗਭਗ ਇਕ ਹਫ਼ਤਾ ਬੀਤਣ ਵਾਲਾ ਹੈ ਪਰ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਪੁਲੀ ਨੂੰ ਦੁਬਾਰਾ ਬਣਾਉਣ ਦੀ ਗੱਲ ਨਾ ਆਖੀ, ਜਿਸ ਕਾਰਨ ਪਿੰਡ ਵਾਸੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਿੰਡ ਨਿੱਕੂਵਾਲ ਤੋਂ ਜਾਂਦੀ ਇਕ ਸੜਕ ਵਿਚਕਾਰ ਇਹ ਪੁਲੀ ਬਣੀ ਹੋਈ ਸੀ, ਜੋ ਅੱਗੇ 5 ਪਿੰਡਾਂ ਨਾਲ ਜੁੜਦੀ ਹੈ, ਪਰ ਇਸ ਦੇ ਟੁੱਟ ਜਾਣ ਕਾਰਨ ਲੋਕਾਂ ਲਈ ਰਾਹ ਬੰਦ ਹੋ ਗਿਆ ਸੀ। ਅੱਜ ਇਨ੍ਹਾਂ 5-6 ਪਿੰਡਾਂ ਦੇ ਲੋਕਾਂ ਨੇ ਖੁਦ ਇਕੱਠੇ ਹੋ ਕੇ ਇਸ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ। ਲੋਕਾਂ ਨੇ ਮਿੱਟੀ ਅਤੇ ਪੱਥਰਾਂ ਨਾਲ ਇਸ ਰਸਤੇ ਨੂੰ ਭਰਨਾ ਸ਼ੁਰੂ ਕਰ ਦਿੱਤਾ ਹੈ।

ਇਸ ਮੌਕੇ ਇਕ ਬਜ਼ੁਰਗ ਨੇ ਦੱਸਿਆ ਕਿ ਜਿਹੜਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਹੈ, ਉਹ ਖੁਦ ਪਿੰਡ ਦੇ ਲੋਕ ਕਰ ਰਹੇ ਹਨ। ਕਿੰਨੀਆਂ ਹੀ ਸਰਕਾਰਾਂ ਆਈਆਂ ਤੇ ਚਲੀਆਂ ਗਈਆਂ ਪਰ ਇਸ ਥਾਂ 'ਤੇ ਪੱਕੀ ਪੁਲੀ ਬਣਾਉਣ ਦਾ ਕੰਮ ਕਿਸੇ ਨੇ ਨਹੀਂ ਕੀਤਾ। ਇਸ ਬਾਰੇ ਕਈ ਵਾਰ ਲੀਡਰਾਂ ਨੂੰ ਚੇਤੇ ਕਰਵਾਇਆ ਗਿਆ ਪਰ ਮੌਜੂਦਾ ਹਾਲ ਸਾਰਿਆਂ ਦੇ ਸਾਹਮਣੇ ਹੈ।

ਇਕ ਨੌਜਵਾਨ ਨੇ ਦੱਸਿਆ ਕਿ ਪਿਛਲੇ 5-6 ਦਿਨ ਤੋਂ ਇਹ ਪੁਲ ਡਿੱਗਿਆ ਹੋਇਆ ਹੈ, ਜਿਸ ਕਾਰਨ ਪੰਜ-ਛੇ ਪਿੰਡ ਵਾਸੀਆਂ ਦੇ ਸਾਰੇ ਕੰਮ ਰੁਕੇ ਪਏ ਹਨ। ਇਸੇ ਰਸਤੇ ਤੋਂ ਬੱਚਿਆਂ ਨੂੰ ਸਕੂਲ, ਕਾਲਜ, ਨੌਜਵਾਨਾਂ ਨੇ ਦਫ਼ਤਰ ਤੇ ਬਾਜ਼ਾਰ ਆਦਿ ਲਈ ਜਾਣਾ ਹੁੰਦਾ ਹੈ। ਪੁਲੀ ਟੁੱਟਣ ਕਾਰਨ ਕੋਈ ਵੀ ਕੰਮ ਨਹੀਂ ਹੋ ਰਿਹਾ ਅਤੇ ਪਿੰਡ ਵਾਸੀਆਂ ਦੀ ਜ਼ਿੰਦਗੀ ਜਿਵੇਂ ਰੁਕ ਗਈ ਹੈ।

ਹਫ਼ਤਾ ਬੀਤ ਜਾਣ ਮਗਰੋਂ ਜਦੋਂ ਇਥੇ ਕੋਈ ਸਰਕਾਰੀ ਤੰਤਰ ਨਾ ਆਇਆ ਤਾਂ ਪਿੰਡ ਵਾਸੀਆਂ ਨੇ ਖੁਦ ਇਕੱਤਰ ਹੋ ਕੇ ਆਰਜ਼ੀ ਰਸਤਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਨੌਜਵਾਨ ਨੇ ਦੱਸਿਆ ਕਿ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਕਰਨ ਦੇ ਦਾਅਵੇ ਸਿਰਫ਼ ਅਖਬਾਰੀ ਤੇ ਟੀਵੀ ਚੈਨਲਾਂ 'ਤੇ ਹੀ ਨਜ਼ਰ ਆਉਂਦੇ ਹਨ, ਪਰ ਜ਼ਮੀਨੀ ਪੱਧਰ 'ਤੇ ਕੋਈ ਮਦਦ ਨਹੀਂ ਹੋ ਰਹੀ।