ਕਿਸਾਨ ਯੂਨੀਅਨ ਲੱਖੋਵਾਲ ਦੀਆਂ ਵਧੀਆਂ ਮੁਸ਼ਕਲਾਂ, ਕੈਪਟਨ ਨੇ ਚੁਕੇ ਸਵਾਲ, ਅਹੁਦੇਦਾਰ ਦੇਣ ਲੱਗੇ ਅਸਤੀਫ਼ੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤੀ ਕਿਸਾਨ ਯੂੂਨੀਅਨ ਲੱਖੋਵਾਲ ਜ਼ਿਲ੍ਹਾ ਬਰਨਾਲਾ ਦੇ ਸਾਰੇ ਅਹੁਦੇਦਾਰਾਂ ਨੇ ਦਿਤੇ ਅਸਤੀਫ਼ੇ

Ajmer Singh Lakhowal

ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਖੇਤੀ ਕਾਨੂੰਨਾਂ ਖਿਲਾਫ਼ ਸੁਪਰੀਮ ਕੋਰਟ 'ਚ ਪਟੀਸ਼ਨ ਦਾਖ਼ਲ ਕਰਨ ਅਤੇ ਫਿਰ ਵਾਪਸ ਲੈਣ ਤੋਂ ਬਾਅਦ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਜਥੇਬੰਦੀ ਦੇ ਇਸ ਕਦਮ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਅਕਾਲੀ ਦਲ ਦੀ ਸ਼ਹਿ 'ਤੇ ਕੀਤੀ ਗਈ ਬਚਕਾਨਾ ਕਾਰਵਾਈ ਕਰਾਰ ਦਿਤਾ ਹੈ, ਉਥੇ ਜਥੇਬੰਦੀ ਦੇ ਨਰਾਜ਼ ਹੋਏ ਅਹੁਦੇਦਾਰਾਂ ਨੇ ਅਸਤੀਫ਼ੇ ਦੇਣੇ ਸ਼ੁਰੂ ਕਰ ਦਿਤੇ ਹਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਬੀਕੇਯੂ ਲੱਖੋਵਾਲ ਦੇ ਪ੍ਰਧਾਨ ਵਲੋਂ ਪਾਈ ਪਟੀਸ਼ਨ ਵਾਪਸ ਲੈਣ ਤੋਂ ਸਾਬਤ ਹੋ ਜਾਂਦਾ ਹੈ ਕਿ ਉਨ੍ਹਾਂ ਨੇ ਇਹ ਕਦਮ ਸ਼੍ਰੋਮਣੀ ਅਕਾਲੀ ਦਲ ਦੇ ਕਹਿਣ 'ਤੇ ਚੁਕਿਆ ਸੀ। ਲੱਖੋਵਾਲ ਦੇ ਅਕਾਲੀ-ਭਾਜਪਾ ਸਰਕਾਰ ਦੌਰਾਨ ਇਕ ਦਹਾਕੇ ਤਕ ਮੰਡੀ ਬੋਰਡ ਦਾ ਚੇਅਰਮੈਨ ਰਹਿਣ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਦੂਜੀਆਂ ਯੂਨੀਅਨਾਂ ਨੂੰ ਚਿਤਾਵਨੀ ਦਿਤੀ ਕਿ ਉਹ ਅਕਾਲੀਆਂ ਤੋਂ ਸਾਵਧਾਨ ਰਹਿਣ, ਜਿਹੜੇ ਅਪਣੇ ਸਹਿਯੋਗੀ ਭਾਜਪਾ ਦੇ ਹੱਕ 'ਚ ਸਭ ਤੋਂ ਪਹਿਲਾਂ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ 'ਚ ਅਹਿਮ ਭੂਮਿਕਾ ਨਿਭਾਉਣ ਤੋਂ ਬਾਅਦ ਹੁਣ ਵਿਰੋਧ ਦਾ ਡਰਾਮਾ ਕਰ ਰਹੇ ਹਨ।  

ਦੂਜੇ ਪਾਸੇ ਅਜਮੇਰ ਸਿੰਘ ਲੱਖੋਵਾਲ ਦੇ ਇਸ ਕਦਮ ਤੋਂ ਨਾਰਾਜ਼ ਹੋਏ ਲੱਖੋਵਾਲ ਯੂਨੀਅਨ ਦੇ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਸਮੁੱਚੇ ਅਹੁਦੇਦਾਰਾਂ ਨੇ ਅੱਜ ਜੱਥੇਬੰਦੀ ਤੋਂ ਅਸਤੀਫੇ ਦੇ ਦਿਤੇ ਹਨ। ਜਥੇਬੰਦੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਅਗਵਾਈ ਵਿਚ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿਖੇ ਕੀਤੀ ਗਈ, ਜਿਸ ਤੋਂ ਬਾਅਦ ਸਮੁੱਚੇ ਅਹੁਦੇਦਾਰਾਂ ਨੇ ਸਾਂਝੇ ਰੂਪ ਵਿਚ ਅਸਤੀਫ਼ੇ ਦਾ ਫ਼ੈਸਲਾ ਕੀਤਾ ਹੈ।

ਅਸਤੀਫ਼ਾ ਦੇਣ ਵਾਲੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ, ਸਿਕੰਦਰ ਸਿੰਘ ਮਾਨ,  ਸੂਬਾ ਆਗੂ ਮਹਿੰਦਰ ਸਿੰਘ ਵੜੈਚ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦੇ ਵਿਰੋਧ ਵਿਚ ਪੰਜਾਬ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਵਲੋਂ ਏਕਾ ਕਰਕੇ ਰੇਲਵੇ ਟਰੈਕ ਸਮੇਤ ਵੱਖ ਵੱਖ ਕਾਰਪੋਰੇਟ ਘਰਾਣੇ ਦੇ ਘਿਰਾਓ ਕੀਤੇ ਗਏ ਹਨ। ਪਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਆਗੂ ਹਰਿੰਦਰ ਸਿੰਘ ਲੱਖੋਵਾਲ ਵਲੋਂ ਜਥੇਬੰਦੀ ਦੇ ਅਹੁਦੇ ਨਾਲ ਗੱਲਬਾਤ ਕਰਨ ਤੋਂ ਬਿਨਾਂ ਹੀ ਆਪਣੇ ਪੱਧਰ 'ਤੇ ਸੁਪਰੀਮ ਕੋਰਟ ਵਿਚ ਬਿੱਲਾਂ ਦੇ ਵਿਰੋਧ ਵਿਚ ਰਿੱਟ ਦਾਇਰ ਕਰ ਦਿਤੀ ਗਈ। ਜਿਸ ਦਾ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਨਾਲ ਲੱਖੋਵਾਲ ਜਥੇਬੰਦੀ ਦੇ ਅਹੁਦੇਦਾਰਾਂ ਵਲੋਂ ਵੀ ਇਤਰਾਜ਼ ਉਠਾਇਆ ਗਿਆ।

ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ ਸਾਰੇ ਹੀ ਅਹੁਦੇਦਾਰਾਂ ਵਲੋਂ ਇਸ ਫ਼ੈਸਲੇ ਦਾ ਵਿਰੋਧ ਕੀਤਾ ਗਿਆ ਅਤੇ ਇਸ ਸਬੰਧੀ ਸਖ਼ਤ ਐਕਸ਼ਨ ਲੈਣ ਲਈ ਕਿਹਾ ਗਿਆ। ਜਿਸ ਕਰਕੇ ਜ਼ਿਲ੍ਹੇ ਦੇ ਅਹੁਦੇਦਾਰਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ ਅਤੇ ਜ਼ਿਲ੍ਹੇ, ਬਲਾਕਾਂ ਸਮੇਤ ਪਿੰਡਾਂ ਵਿਚਲੀਆਂ ਇਕਾਈਆਂ ਦੇ ਸਮੁੱਚੇ ਅਹੁਦੇਦਾਰਾਂ ਵਲੋਂ ਲੱਖੋਵਾਲ ਯੂਨੀਅਨ ਤੋਂ ਅਸਤੀਫੇ ਦੇ ਦਿਤੇ ਗਏ ਹਨ। ਉਨ੍ਹਾਂ ਕਿਹਾ ਕਿ ਆਰਜ਼ੀ ਤੌਰ 'ਤੇ ਭਾਰਤੀ ਕਿਸਾਨ ਯੂਨੀਅਨ (ਬਰਨਾਲਾ) ਬਣਾ ਕੇ ਖੇਤੀ ਬਿੱਲਾਂ ਦੇ ਵਿਰੋਧ ਵਿਚ ਜ਼ਿਲ੍ਹੇ ਦੇ ਅਹੁਦੇਦਾਰ ਕੰਮ ਕਰਨਗੇ।