ਕਰਤਾਰਪੁਰ ਸਾਹਿਬ 'ਤੇ ਪਾਕਿਸਤਾਨ ਨੇ ਜਾਰੀ ਕੀਤਾ ਗੀਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਨਵਜੋਤ ਸਿੱਧੂ ਅਤੇ ਭਿੰਡਰਾਂਵਾਲੇ ਦਾ ਹੋਇਆ ਜ਼ਿਕਰ

Kartarpur corridor video released by Pakistan

ਇਸਲਾਮਾਬਾਦ : ਕਰਤਾਰਪੁਰ ਸਾਹਿਬ ਲਈ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਸਮਝੌਤੇ ਤੋਂ ਬਾਅਦ ਹੁਣ ਇਸ ਦੇ ਉਦਘਾਟਨ ਦੀਆਂ ਅੰਤਮ ਤਿਆਰੀਆਂ ਚੱਲ ਰਹੀਆਂ ਹਨ। ਇਸ ਦੇ ਲਈ ਪਾਕਿਸਤਾਨ ਵਲੋਂ ਇਕ ਵੀਡੀਓ ਗੀਤ ਵੀ ਜਾਰੀ ਕੀਤਾ ਗਿਆ ਹੈ, ਜੋ ਖ਼ਾਸ ਤੌਰ 'ਤੇ ਕਰਤਾਰਪੁਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਬਣਾਇਆ ਗਿਆ ਹੈ। ਤਿੰਨ ਹਿੱਸਿਆਂ 'ਚ ਪੋਸਟ ਕੀਤੇ ਗਏ ਇਸ ਗੀਤ 'ਚ ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਨੂੰ ਵਿਖਾਇਆ ਗਿਆ ਹੈ। ਇਸ ਤੋਂ ਇਲਾਵਾ ਜਰਨੈਲ ਸਿੰਘ ਭਿੰਡਰਾਂਵਾਲੇ ਸਮੇਤ ਹੋਰ ਖ਼ਾਲਿਸਤਾਨੀ ਆਗੂਆਂ ਦੀਆਂ ਤਸਵੀਰਾਂ ਵੀ ਵੀਡੀਓ 'ਚ ਵਿਖਾਈਆਂ ਗਈਆਂ ਹਨ।

ਪਾਕਿਸਤਾਨ ਸਰਕਾਰ ਵਲੋਂ ਲਗਭਗ 4 ਮਿੰਟ ਦੀ ਵੀਡੀਓ ਜਾਰੀ ਕੀਤੀ ਗਈ ਹੈ, ਜਿਸ 'ਚ ਪਾਕਿਸਤਾਨ ਵਲੋਂ ਕਰਤਾਰਪੁਰ ਸਾਹਿਬ ਗੁਰਦੁਆਰੇ ਦੀਆਂ ਤਿਆਰੀਆਂ, ਭਾਰਤ ਤੋਂ ਪਹੁੰਚ ਰਹੇ ਸਿੱਖ ਸ਼ਰਧਾਲੂਆਂ ਦੇ ਅਨੁਭਵ ਨੂੰ ਵਿਖਾਇਆ ਗਿਆ ਹੈ। ਇਸ ਤੋਂ ਇਲਾਵਾ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਸਮੇਂ ਪਾਕਿ ਪ੍ਰਧਾਨ ਇਮਰਾਨ ਖ਼ਾਨ ਦੇ ਭਾਸ਼ਣ ਦਾ ਹਿੱਸਾ ਵੀ ਵਿਖਾਇਆ ਗਿਆ ਹੈ।

ਇੰਨਾ ਹੀ ਨਹੀਂ, ਕਾਂਗਰਸੀ ਆਗੂ ਅਕੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੂੰ ਵੀ ਇਸ ਵੀਡੀਓ 'ਚ ਕਾਫ਼ੀ ਪ੍ਰਮੁੱਖਤਾ ਨਾਲ ਵਿਖਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਇਮਰਾਨ ਖ਼ਾਨ ਦੇ ਸੱਦੇ 'ਤੇ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਸਮਾਗਮ 'ਚ ਸ਼ਾਮਲ ਹੋਣ ਲਈ ਪਾਕਿਸਤਾਨ ਗਏ ਸਨ। ਉਦੋਂ ਸਿੱਧੂ ਨੇ ਪਾਕਿ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਗਲੇ ਲਗਾਇਆ ਸੀ, ਜਿਸ 'ਤੇ ਕਾਫ਼ੀ ਹੰਗਾਮਾ ਹੋਇਆ ਸੀ।

ਵੀਡੀਓ 'ਚ ਖ਼ਾਲਿਸਤਾਨੀ ਆਗੂ ਜਰਨੈਲ ਸਿੰਘ ਭਿੰਡਰਾਂਵਾਲੇ, ਅਮਰੀਕ ਸਿੰਘ ਖ਼ਾਲਸਾ ਅਤੇ ਮੇਜਰ ਜਨਰਲ (ਬਰਖ਼ਾਸਤ) ਸ਼ਾਹਬੇਗ ਸਿੰਘ ਦੀ ਤਸਵੀਰ ਵਾਲੇ ਪੋਸਟਰ ਨੂੰ ਵੀ ਵਿਖਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਤਿੰਨੇ ਖ਼ਾਲਿਸਤਾਨੀ ਆਗੂਆਂ ਨੂੰ 1984 'ਚ ਹੋਏ ਸਾਕਾ ਨੀਲਾ ਤਾਰਾ ਦੌਰਾਨ ਮਾਰ ਦਿੱਤਾ ਗਿਆ ਸੀ।