ਮਨਜ਼ੂਰੀ ਨਹੀਂ ਮਿਲੀ ਤਾਂ ਸ਼ਰਧਾਲੂ ਵਜੋਂ ਜਾਵਾਂਗਾ ਪਾਕਿਸਤਾਨ: ਨਵਜੋਤ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵਜੋਤ ਸਿੱਧੁ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਫਿਰ ਤੋਂ ਚਿੱਠੀ ਲਿਖ ਕੇ ਉਹਨਾਂ ਤੋਂ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਗਮ ‘ਤੇ ਪਾਕਿਸਤਾਨ ਜਾਣ ਦੀ ਇਜਾਜ਼ਤ ਮੰਗੀ ਹੈ।

Navjot Sidhu

ਨਵੀਂ ਦਿੱਲੀ: ਕਾਂਗਰਸ ਆਗੂ ਨਵਜੋਤ ਸਿੰਘ ਸਿੱਧੁ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਫਿਰ ਤੋਂ ਚਿੱਠੀ ਲਿਖ ਕੇ ਉਹਨਾਂ ਤੋਂ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਗਮ ‘ਤੇ ਪਾਕਿਸਤਾਨ ਜਾਣ ਦੀ ਇਜਾਜ਼ਤ ਮੰਗੀ ਹੈ। ਉਹਨਾਂ ਨੇ ਚਿੱਠੀ ਵਿਚ ਲਿਖਿਆ ਹੈ, ‘ਵਾਰ-ਵਾਰ ਰਿਮਾਇੰਡਰ ਦੇਣ ਤੋਂ ਬਾਅਦ ਵੀ ਤੁਸੀਂ ਜਵਾਬ ਨਹੀਂ ਦਿੱਤਾ ਕਿ ਸਰਕਾਰ ਨੇ ਮੈਨੂੰ ਉਦਘਾਟਨ ਵਿਚ ਜਾਣ ਦੀ ਇਜਾਜ਼ਤ ਦਿੱਤੀ ਹੈ ਜਾਂ ਨਹੀਂ’। ਇਸ ਤੋਂ ਬਾਅਦ ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਪਾਕਿਸਤਾਨ ਜਾਣ ਦੀ ਮਨਜ਼ੂਰੀ ਨਾ ਮਿਲੀ ਤਾਂ ਉਹ ਸ਼ਰਧਾਲੂ ਵਜੋਂ ਪਾਕਿਸਤਾਨ ਜਾਣਗੇ।

ਇਸ ਤੋਂ ਬਾਅਦ ਉਹਨਾਂ ਦੀ ਮੰਗ ‘ਤੇ ਬਿਨਾਂ ਨਾਮ ਲਏ ਵਿਦੇਸ਼ ਸਕੱਤਰ ਰਵੀਸ਼ ਕੁਮਾਰ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦਾ ਉਦਘਾਟਨ ਇਕ ਇਤਿਹਾਸਕ ਪਲ ਹੈ। ਇਸ ਦੌਰਾਨ ਕਿਸੇ ਵਿਅਕਤੀ ਨੂੰ ਖ਼ਾਸ ਮਹੱਤਵ ਦੇਣਾ ਸਹੀ ਨਹੀਂ ਹੈ। ਦੱਸ ਦੇਈਏ ਕਿ ਪਕਿਸਤਾਨ ਦੀ ਇਮਰਾਨ ਖਾਨ ਸਰਕਾਰ ਵਲੋਂ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ 'ਚ ਹਿੱਸਾ ਲੈਣ ਲਈ ਸਿੱਧੂ ਨੂੰ ਸੱਦਾ ਦਿੱਤਾ ਗਿਆ ਹੈ।

ਕ੍ਰਿਕਟਰ ਤੋਂ ਰਾਜਨੇਤਾ ਬਣੇ ਸਿੱਧੂ ਨੇ ਵੀ ਪਾਕਿਸਤਾਨ ਦਾ ਇਹ ਸੱਦਾ ਸਵੀਕਾਰ ਕਰ ਲਿਆ ਹੈ ਨਵਜੋਤ ਸਿੰਘ ਸਿੱਧੂ ਨੇ ਸ਼ਨੀਵਾਰ ਨੂੰ ਹੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੋਂ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ 'ਚ ਸ਼ਾਮਲ ਹੋਣ ਲਈ ਸਰਕਾਰੀ ਮਨਜ਼ੂਰੀ ਮੰਗੀ ਸੀ। ਸੂਤਰਾਂ ਮੁਤਾਬਕ ਭਾਰਤ ਸਰਕਾਰ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਭੇਜਣ ਦੇ ਮੂਡ 'ਚ ਦਿਖਾਈ ਨਹੀਂ ਦੇ ਰਹੀ ਹੈ। ਇਸ ਦਾ ਕਾਰਨ ਹੈ ਕਿ ਸਿੱਧੂ ਦੇ ਹਮਾਇਤੀਆਂ ਵਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਸਿੱਧੂ ਨੂੰ ਲਾਂਘੇ ਦਾ ਹੀਰੋ ਬਣਾ ਕੇ ਪੇਸ਼ ਕੀਤਾ ਜਾ ਸਕਦਾ ਹੈ।

ਬੀਤੇ ਦਿਨੀਂ ਸਿੱਧੂ ਦੇ ਹਮਾਇਤੀਆਂ ਨੇ ਅੰਮ੍ਰਿਤਸਰ 'ਚ ਸਿੱਧੂ ਅਤੇ ਇਮਰਾਨ ਖਾਨ ਨੂੰ ਲਾਂਘੇ ਦਾ ਹੀਰੋ ਦੱਸਦਿਆਂ ਪੋਸਟਰ ਲਾਏ ਸਨ ਪਰ ਇਨ੍ਹਾਂ ਪੋਸਟਰਾਂ ਨੂੰ 2 ਘੰਟਿਆਂ ਬਾਅਦ ਉਤਾਰ ਦਿੱਤਾ ਗਿਆ ਸੀ। ਸੂਤਰਾਂ ਅਨੁਸਾਰ ਜੇਕਰ ਸਿੱਧੂ ਬਿਨਾਂ ਕਲੀਅਰੈਂਸ ਪਾਕਿਸਤਾਨ ਗਏ ਤਾਂ ਇਹ ਕਾਨੂੰਨ ਦੀ ਉਲੰਘਣਾ ਮੰਨਿਆ ਜਾਵੇਗਾ ਅਤੇ ਉਹਨਾਂ ਨੂੰ ਏਅਰਪੋਰਟ ‘ਤੇ ਰੋਕਿਆ ਜਾ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।