ਪੰਜਾਬ ਯੂਨੀਵਰਸਿਟੀ ਮਾਂ ਬੋਲੀ ਪੰਜਾਬੀ ਤੋਂ ਹੋਰ ਵੀ ਬੇ-ਮੁੱਖ ਹੋਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਸਟਰੇਲੀਆ ਦੇ ਸਕੂਲਾਂ 'ਚ ਅੱਜ ਜਦੋਂ ਪੰਜਾਬੀ ਨੂੰ ਵਿਸ਼ੇ ਵਜੋਂ ਪੜ੍ਹਾਉਣ ਦਾ ਐਲਾਨ ਹੋਇਆ ਤਾਂ ਇਧਰ ਪੰਜਾਬੀ ਲਈ ਵਧੀ ਬੇਗ਼ਾਨਗੀ ਹੋਰ ਵੀ ਦੁੱਖਦਾਈ

Punjab university Chandigarh

ਚੰਡੀਗੜ੍ਹ (ਕਮਲਜੀਤ ਸਿੰਘ ਬਨਵੈਤ) : ਆਸਟਰੇਲੀਆ ਦੇ ਸਕੂਲਾਂ ਵਿਚ ਪੰਜਾਬੀ ਨੂੰ ਵਿਸ਼ੇ ਵਜੋਂ ਪੜ੍ਹਾਉਣ ਦੀ ਚੰਗੀ ਖ਼ਬਰ ਨੇ ਅੱਜ ਜਦੋਂ  ਮਾਂ ਬੋਲੀ ਦੇ ਪ੍ਰੇਮੀਆਂ ਦੇ ਚੇਹਰੇ 'ਤੇ ਖ਼ੁਸ਼ੀ ਲਿਆਂਦੀ ਹੈ ਤਾਂ ਦੂਜੇ ਬੰਨੇ ਪੰਜਾਬ  ਯੂਨੀਵਰਸਿਟੀ ਵਲੋਂ ਪੰਜਾਬੀ ਨੂੰ ਤਿਲਾਂਜ਼ਲੀ ਦੇਣ ਦੇ ਫ਼ੈਸਲੇ ਨੇ ਨਿਰਾਸ਼ ਵੀ ਕੀਤਾ ਹੈ। ਪੰਜਾਬ ਯੂਨੀਵਰਸਿਟੀ ਨੇ ਇਕ ਫ਼ੈਸਲੇ ਰਾਹੀਂ ਬੀ.ਏ ਵਿਚੋਂ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਣ ਤੋਂ ਛੋਟ ਦੇ ਦਿਤੀ ਹੈ।

ਯੂਨੀਵਰਸਿਟੀ ਦਾ ਇਹ ਫ਼ੈਸਲਾ 7 ਦਸੰਬਰ ਦੀ ਸਿੰਡੀਕੇਟ ਦੀ ਮੀਟਿੰਗ ਵਿਚ ਅੰਤਿਮ ਮੰਜ਼ੂਰੀ ਲਈ ਰਖਿਆ ਜਾਵੇਗਾ। ਪਰ ਮੈਂਬਰਾਂ ਕੋਲ ਏਜੰਡਾ ਪੁਜਦੇ ਹੀ ਅੰਦਰ ਖਾਤੇ ਵਿਰੋਧ ਸ਼ੁਰੂ ਹੋ ਗਿਆ ਹੈ। ਏਜੰਡੇ ਦੀ ਮੱਦ ਨੰਬਰ 9 ਪਾਸ ਹੋ ਜਾਣ ਦੀ ਸੂਰਤ ਵਿਚ ਇਹ ਭਵਿੱਖ ਲਈ ਨਿਯਮ ਬਣ ਜਾਵੇਗਾ। ਪੰਜਾਬ ਯੂਨੀਵਰਸਿਟੀ ਨੇ ਸੰਬਧਿਤ ਕਾਲਜਾਂ ਵਿਚ ਬੀ.ਏ ਦੇ ਵਿਦਿਆਰਥੀਆਂ ਲਈ ਪੰਜਾਬੀ ਲਾਜ਼ਮੀ ਵਿਸੇ ਦੀ ਪੜ੍ਹਾਈ ਜ਼ਰੂਰੀ ਕੀਤੀ ਹੋਈ ਹੈ।

ਰਾਜ ਦੀਆਂ ਦੁਜੀਆਂ ਦੋ ਸਰਕਾਰੀ ਯੂਨੀਵਰਸਿਟੀਆਂ ਵਿਚ ਵੀ ਇਹੋ ਨਿਯਮ ਹੈ। ਪਰ ਪੰਜਾਬ ਵਿਚ ਬਾਹਰਲੇ ਸੂਬਿਆਂ ਤੋਂ ਪੜ੍ਹਨ ਆਉਣ ਵਾਲੇ ਪੰਜਾਬੀ ਦੇ ਗਿਆਨ ਤੋਂ ਊਣੇ ਵਿਦਿਆਰਥੀਆਂ ਨੂੰ ਪੰਜਾਬੀ ਲਾਜ਼ਮੀ ਵਿਸ਼ੇ ਦੀ ਥਾਂ 'ਹਿਸਟਰੀ ਐਂਡ ਕਲਚਰ ਆਫ਼ ਪੰਜਾਬ' ਪੜ੍ਹਨ ਦੀ ਖੁੱਲ੍ਹ ਦਿਤੀ ਗਈ ਹੈ। ਯੂਨੀਵਰਸਿਟੀ ਨੇ ਪੰਜਾਬ ਤੋਂ ਬਾਹਰਲੇ ਵਿਦਿਆਰਥੀਆਂ ਦੀ ਤਰਜ਼ 'ਤੇ ਪੰਜਾਬ ਦੇ ਬੱਚਿਆਂ ਨੂੰ ਇਹ ਖੁੱਲ੍ਹ ਦੇਣ ਦਾ ਫ਼ੈਸਲਾ ਲੈ ਲਿਆ ਹੈ।

ਯੂਨੀਵਰਸਿਟੀ ਵਲੋਂ ਫ਼ੈਸਲਾ ਬਦਲਣ ਲਈ ਸਿੰਡੀਕੇਟ ਦੇ ਮੈਂਬਰ ਪ੍ਰੋ.ਨਵਦੀਪ ਗੋਇਲ ਦੀ ਅਗਵਾਈ ਹੇਠ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਵਿਚ ਪ੍ਰੋ.ਮੁਕੇਸ਼ ਅਰੋੜਾ ਅਤੇ ਪ੍ਰੋ.ਯੋਗਰਾਜ ਅੰਗਰਸ਼ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਸੀ। ਯੂਨੀਵਰਸਿਟੀ ਦੇ ਸਹਾਇਕ ਰਜਿਸਟਰਾਰ ਜਨਰਲ ਨੂੰ ਕਮੇਟੀ ਦੇ ਕਨਵੀਨਰ ਦੀ ਜ਼ਿੰਮੇਵਾਰੀ ਦਿਤੀ ਗਈ ਸੀ। ਕਮੇਟੀ ਨੇ ਇਕ ਮੀਟਿੰਗ ਕਰ ਕੇ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਛੋਟ ਦੇਣ ਦੇ ਪ੍ਰਸਤਾਵ 'ਤੇ ਅਪਣੀ ਮੋਹਰ ਲਾ ਦਿਤੀ ਸੀ।

ਕਮੇਟੀ ਦੇ ਇਕ ਹੋਰ ਮੈਂਬਰ ਪ੍ਰੋ. ਦਲੀਪ ਕੁਮਾਰ ਮੀਟਿੰਗ ਵਿਚ ਸ਼ਾਮਲ ਨਾ ਹੋਏ ਪਰ ਉਨ੍ਹਾਂ ਦੀ ਸਹਿਮਤੀ ਫ਼ੋਨ 'ਤੇ ਲੈ ਲਈ ਗਈ ਸੀ। ਭਲਕ ਦੀ ਸਿੰਡੀਕੇਟ ਦੀ ਮੀਟਿੰਗ ਵਿਚ ਇਸ ਮੱਦ ਨੂੰ ਲੈ ਕੇ ਕਾਫ਼ੀ ਰੌਲਾ ਰੱਪਾ ਪੈਣ ਦੀ ਸੰਭਾਵਨਾ ਹੈ। ਸਿੰਡੀਕੇਟ ਦੇ ਇਕ ਮੈਂਬਰ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਦਸਿਆ ਕਿ ਮਦ ਵਿਚ ਚਾਹੇ ਇਕ ਖ਼ਾਸ ਵਿਦਿਆਰਥੀ ਨੂੰ ਛੋਟ ਦੇਣ ਦੀ ਗੱਲ ਕਹੀ ਗਈ ਹੈ ਪਰ ਅਧਿਕਾਰੀ ਭਵਿੱਖ ਵਿਚ ਇਸ ਦੀ ਆੜ ਹੇਠ ਪੱਕਾ ਨਿਯਮ ਬਣਾ ਦੇਣਗੇ, ਜਿਸ ਵਲ ਕਿ ਏਜੰਡੇ ਵਿਚ ਇਸ਼ਾਰਾ ਕੀਤਾ ਗਿਆ ਹੈ। ਉਨ੍ਹਾਂ ਨੇ ਪੰਜਾਬੀ ਪਿਆਰਿਆਂ ਨੂੰ ਮਾਂ ਬੋਲੀ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਦੀ ਅਪੀਲ ਕੀਤੀ ਹੈ।