ਹੁਣ ਜਲਦੀ ਹੱਲ ਹੋਣਗੀਆਂ ਪੰਜਾਬ ਦੇ ਐਨਆਰਆਈ ਵੀਰਾਂ ਦੀਆਂ ਮੁਸ਼ਕਲਾਂ

ਏਜੰਸੀ

ਖ਼ਬਰਾਂ, ਪੰਜਾਬ

ਪੰਜ ਸਾਲ ਮਗਰੋਂ ਐਨਆਰਆਈ ਸਭਾ ਪੰਜਾਬ ਦੀ ਹੋਈ ਵੋਟਿੰਗ

Jalandhar NRI Election Sabha

ਜਲੰਧਰ: ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ 25 ਸਾਲ ਪਹਿਲਾਂ ਬਣੀ ਐਨਆਰਆਈ  ਸਭਾ ਪੰਜਾਬ ਦੀ ਚੋਣ ਆਖਰਕਾਰ ਸ਼ੁਰੂ ਹੋ ਗਈ ਹੈ। ਪੰਜਾਬ ਸਰਕਾਰ ਵੱਲੋਂ 5 ਸਾਲ ਮਗਰੋਂ ਇਸ ਦੀ ਚੋਣ ਕਰਵਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਐਨਆਰਆਈ ਸਭਾ ਦੀਆਂ ਹਰ ਦੋ ਸਾਲ ਮਗਰੋਂ ਚੋਣਾਂ ਹੋਣੀਆਂ ਜ਼ਰੂਰੀ ਨੇ ਪਰ ਪੰਜਾਬ ਸਰਕਾਰ ਨੇ ਪਿਛਲੇ ਪੰਜ ਸਾਲ ਤੋਂ ਇਸ ਦੀ ਚੋਣ ਨਹੀਂ ਕਰਵਾਈ।

ਹੁਣ ਇਸ ਐਨਆਰਆਈ ਸਭਾ ਦੀ ਚੋਣ ਸ਼ੁਰੂ ਹੋ ਗਈ ਐ, ਜਿਸ ਦੀ ਪ੍ਰਧਾਨਗੀ ਲਈ ਦੋ ਉਮੀਦਵਾਰ ਜਸਬੀਰ ਸਿੰਘ ਸ਼ੇਰਗਿੱਲ ਅਤੇ ਕਿਰਪਾਲ ਸਿੰਘ ਸਹੋਤਾ ਚੋਣ ਮੈਦਾਨ ਵਿਚ ਉਤਰੇ ਹੋਏ ਨੇ, ਜਦਕਿ ਇਕ ਉਮੀਦਵਾਰ ਪ੍ਰੀਤਮ ਸਿੰਘ ਨਾਰੰਗਪੁਰ ਨੇ ਕਿਰਪਾਲ ਸਿੰਘ ਸਹੋਤਾ ਦੇ ਹੱਕ ਵਿਚ ਬੈਠਣ ਦਾ ਐਲਾਨ ਕਰ ਦਿੱਤਾ। ਹੁਣ ਮੁਕਾਬਲਾ ਦੋਵੇਂ ਉਮੀਦਵਾਰਾਂ ਸਾਬਕਾ ਪ੍ਰਧਾਨ ਜਸਬੀਰ ਸਿੰਘ ਸ਼ੇਰਗਿੱਲ ਅਤੇ ਕਿਰਪਾਲ ਸਿੰਘ ਸਹੋਤਾ ਦੇ ਵਿਚਕਾਰ ਹੋ ਰਿਹਾ ਹੈ।

ਇਸ ਮੌਕੇ ਬੋਲਦਿਆਂ ਕਿਰਪਾਲ ਸਿੰਘ ਸਹੋਤਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਜਿੱਤ ਉਨ੍ਹਾਂ ਦੀ ਹੋਵੇਗੀ, ਜਦਕਿ ਸਾਬਕਾ ਪ੍ਰਧਾਨ ਜਸਬੀਰ ਸਿੰਘ ਸ਼ੇਰਗਿੱਲ ਨੇ ਵੀ ਅਪਣੀ ਜਿੱਤ ਪੱਕੀ ਹੋਣ ਦਾ ਦਾਅਵਾ ਕੀਤਾ। ਹੋਰ ਕੀ ਕਿਹਾ ਦੋਵੇਂ ਉਮੀਦਵਾਰਾਂ ਨੇ ਤੁਸੀਂ ਵੀ ਸੁਣੋ। ਕਿਰਪਾਲ ਸਿੰਘ ਸਹੋਤਾ ਦਾ ਕਹਿਣਾ ਹੈ ਕਿ ਇਹ ਸਭਾ ਦੀ ਸ਼ੁਰੂਆਤ ਪ੍ਰਦੇਸੀ ਭਰਾਵਾਂ ਦੀ ਮਿਹਨਤ ਸਦਕਾ ਹੋਈ ਹੈ।

ਇਸ ਸਭਾ ਵਾਸਤੇ ਪ੍ਰਦੇਸੀ ਲੋਕ ਪੈਸਾ ਭੇਜਦੇ ਹਨ ਅਤੇ ਇਹ ਸਭਾ ਤਕਰੀਬਨ 25 ਸਾਲ ਤੋਂ ਚਲ ਰਹੀ ਹੈ। ਉਹਨਾਂ ਵਿਸ਼ਵਾਸ ਦਵਾਇਆ ਕਿ ਉਹ ਮੌਜੂਦਾ ਸਰਕਾਰ ਨਾਲ ਰਲ ਕੇ ਐਨਆਰਆਈ ਨੂੰ ਸਹੂਲਤਾਂ ਪ੍ਰਦਾਨ ਕਰਨਗੇ। ਇਸ ਨੂੰ ਲੈ ਕੇ ਉਹਨਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਜਸਬੀਰ ਸਿੰਘ ਸ਼ੇਰਗਿੱਲ ਦਾ ਕਹਿਣਾ ਹੈ ਕਿ ਉਹ ਜਿਹੜੇ ਕੰਮ ਰੁਕੇ ਹੋਏ ਹਨ ਉਹਨਾਂ ਦਾ ਹੱਲ ਕੱਢਣਗੇ।

ਦੱਸ ਦਈਏ ਕਿ ਐਨਆਰਆਈ ਸਭਾ ਪੰਜਾਬ ਦੀ ਸਥਾਪਨਾ 25 ਸਾਲ ਪਹਿਲਾਂ ਐਨਆਰਆਈ ਭਰਾਵਾਂ ਦੀਆਂ ਸਮੱਸਿਆਵਾਂ ਨੂੰ ਨਿਪਟਾਉਣ ਲਈ ਕੀਤੀ ਗਈ ਸੀ, ਜਿਸ ਨੇ ਪਿਛਲੇ ਸਮੇਂ ਦੌਰਾਨ ਐਨਆਰਆਈ ਭਰਾਵਾਂ ਦੇ ਕਈ ਮਸਲਿਆਂ ਦਾ ਹੱਲ ਕਰਵਾਇਆ।  ਫਿਲਹਾਲ ਇਸ ਸਭਾ ਦੇ ਨਵੇਂ ਪ੍ਰਧਾਨ ਲਈ ਵੋਟਿੰਗ ਹੋ ਰਹੀ ਐ, ਦੇਖਣਾ ਹੋਵੇਗਾ ਕਿ ਇਸ ਵਾਰ ਪ੍ਰਧਾਨਗੀ ਦਾ ਤਾਜ ਕਿਸ ਉਮੀਦਵਾਰ ਦੇ ਸਿਰ ਸਜਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।