ਦੇਰ ਆਏ ਦਰੁਸਤ ਆਏ : ਹਥਿਆਰਾਂ, ਨਸ਼ਿਆਂ ਤੇ ਅਸ਼ਲੀਲਤਾ ਪਰੋਸਦੇ ਪੰਜਾਬੀ ਗੀਤਾਂ ਨੂੰ ਪੈਣ ਲੱਗੀ ਠੱਲ੍ਹ!

ਏਜੰਸੀ

ਖ਼ਬਰਾਂ, ਪੰਜਾਬ

ਹਾਈ ਕੋਰਟ ਦੇ ਦੱਬਕੇ ਅਤੇ ਸਮਾਜ ਪ੍ਰੇਮੀਆਂ ਦੇ ਹੋਕੇ 'ਤੇ ਪੁਲਿਸ ਕਾਰਵਾਈਆਂ  ਸ਼ੁਰੂ, ਸਟੇਜ ਸ਼ੋਅ ਹੋਣ ਲੱਗੇ ਰੱਦ

file photo

ਚੰਡੀਗੜ੍ਹ : ਪੰਜਾਬੀ ਗੀਤ-ਸੰਗਤੀ ਜਗਤ ਵਿਚ ਹਥਿਆਰਾਂ, ਨਸ਼ਿਆਂ ਤੇ ਅਸ਼ਲੀਲਤਾ ਨੂੰ ਪ੍ਰਫੁੱਲਿਤ ਕਰਦੇ ਪੰਜਾਬੀ ਗੀਤਾਂ ਤੇ ਫ਼ਿਲਮਾਂ ਨੂੰ ਹੁਣ ਰਤਾ ਠੱਲ੍ਹ ਪੈਣ ਲੱਗੀ ਹੈ ਇਸ ਦਾ ਵੱਡਾ ਕਾਰਨ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਕੁਝ ਮਹੀਨੇ ਪਹਿਲਾਂ ਇਸ ਬਾਬਤ ਜਾਰੀ ਕੀਤੀਆਂ ਬੜੀਆਂ ਹੀ ਸਖ਼ਤ ਹਦਾਇਤਾਂ ਅਤੇ ਵੱਖ-ਵੱਖ ਸਮਾਜ ਪ੍ਰੇਮੀਆਂ ਵਲੋਂ ਇਸ ਮੁੱਦੇ 'ਤੇ ਲਗਾਤਾਰ ਦਿਤਾ ਜਾ ਰਿਹਾ ਹੋਕਾ ਹੈ। ਹਾਲਾਂਕਿ ਹਾਈ ਕੋਰਟ ਦੇ ਹੁਕਮ ਆਉਂਦਿਆਂ ਹੀ ਪੰਜਾਬ ਸਰਕਾਰ ਖਾਸਕਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਵਲੋਂ ਗਾਇਕਾਂ ਨੂੰ ਬੁਲਾ ਕੇ ਜਾਂ ਉਨ੍ਹਾਂ ਕੋਲ ਜਾ ਕੇ ਉਨ੍ਹਾਂ ਨੂੰ ਹਿੰਸਕ, ਅਸ਼ਲੀਲ ਤੇ ਨਸ਼ਿਆਂ ਨੂੰ ਪ੍ਰਫੁੱਲਿਤ ਕਰਦੀਆਂ ਪੇਸ਼ਕਾਰੀਆਂ ਦੇਣ ਤੋਂ ਸਖ਼ਤੀ ਨਾਲ ਵਰਜਿਆ ਗਿਆ ਸੀ। ਪਰ ਇਸ ਦੱਬਕੇ ਦਾ ਕੋਈ ਖਾਸ ਅਸਰ ਨਹੀਂ ਪਿਆ ਸੀ।

ਇਸ ਮਗਰੋਂ ਪੰਜਾਬ ਵਿਚ ਸਰਗਰਮ ਕੁਝ ਸਾਫ਼ ਅਕਸ ਵਾਲੇ ਸਮਾਜ ਪ੍ਰੇਮੀਆਂ ਵਲੋਂ ਇਸ ਸਬੰਧੀ ਸ਼ਿਕਾਇਤਾਂ ਦੇਣੀਆਂ ਸ਼ੁਰੂ ਕੀਤੀਆਂ ਗਈਆਂ ਅਤੇ ਸੋਸ਼ਲ ਮੀਡੀਆ 'ਤੇ ਵੀ ਹੋਕਾ ਦਿਤਾ ਗਿਆ। ਜਿਸ ਨੂੰ ਮੁੱਖ ਮੰਤਰੀ ਦਫ਼ਤਰ ਨੇ ਵੀ ਗੰਭੀਰਤਾ ਨਾਲ ਲਿਆ ਜਿਸ ਮਗਰੋਂ ਕਈ ਬੇਹੱਦ ਇਤਰਾਜ਼ਯੋਗ ਅਤੇ ਹਿੰਸਕ ਗਾਣਿਆਂ ਦੀ ਪੇਸ਼ਕਾਰੀ ਦੇਣ ਵਾਲੇ ਕਲਾਕਾਰਾਂ ਉੱਤੇ ਪਰਚੇ ਹੋਏ ਲਾਈਵ ਸਟੇਜ ਸ਼ੋਅ ਰੱਦ ਹੋਏ ਤੇ ਸੁੱਖਾ ਕਾਲਵਾਂ ਨਾਂ ਦੇ ਇਕ ਮਰਹੂਮ ਗੈਂਗਸਟਰ ਦੇ ਜੀਵਨ ਉੱਤੇ ਬਣੀ ਇਤਰਾਜ਼ਯੋਗ ਫ਼ਿਲਮ 'ਸ਼ੂਟਰ' ਉੱਤੇ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਿਚ ਪਾਬੰਦੀ ਲੱਗ ਗਈ।

ਪੰਜਾਬੀ ਗੀਤ ਸੰਗੀਤ ਅਤੇ ਫ਼ਿਲਮ ਇੰਡਸਟਰੀ ਦੇ ਜਾਣਕਾਰ ਸੂਤਰਾਂ ਮੁਤਾਬਕ ਇਸ ਵਕਤ ਇਨ੍ਹਾਂ ਕਾਰਵਾਈਆਂ ਕਾਰਨ ਇੰਡਸਟਰੀ ਵਿਚ ਕਾਫੀ ਖੌਫ਼ ਬਣਿਆ ਹੋਇਆ ਹੈ। ਪਿਛਲੇ ਕੁੱਝ ਦਿਨਾਂ ਦੌਰਾਨ ਹੀ ਪੰਜਾਬੀ ਗਾਇਕਾਂ ਉੱਤੇ ਹੋਏ ਅੱਗੜ-ਪਿੱਛੜ ਪਰਚਿਆਂ ਕਾਰਨ ਜਾਣਕਾਰੀ ਮਿਲ ਰਹੀ ਹੈ ਕਿ ਇਸ ਵਕਤ ਦੋ ਦਰਜਨ ਤੋਂ ਵੀ ਵੱਧ ਸੰਭਾਵੀ ਵਿਵਾਦਤ ਗਾਣੇ ਤੇ ਹੋਰ ਪੇਸ਼ਕਾਰੀਆਂ ਹਾਲ ਦੀ ਘੜੀ ਆਰਜ਼ੀ ਤੌਰ 'ਤੇ ਰੋਕ ਲਈਆਂ ਗਈਆਂ ਹਨ ਜਾਂ ਉਨ੍ਹਾਂ 'ਚ ਦਰੁਸਤੀ ਕੀਤੀ ਜਾ ਰਹੀ ਹੈ।

ਦਸਣਯੋਗ ਹੈ ਕਿ ਹਾਲੇ ਬੀਤੇ ਸਨਿਚਰਵਾਰ ਹੀ ਪੁਲਿਸ ਨੇ ਸੋਸ਼ਲ ਮੀਡੀਆ ਵਿਚ ਦਿਖਾਏ ਇਕ ਗੀਤ 'ਗੁੰਡਾਗਰਦੀ' ਦੀ ਵੀਡੀਉ ਨੂੰ ਜੋ ਕਥਿਤ ਤੌਰ 'ਤੇ ਹਿੰਸਾ ਨੂੰ ਉਤਸ਼ਾਹਤ ਕਰਦੀ ਹੈ, ਪਾਉਣ ਲਈ ਪੰਜਾਬੀ ਗਾਇਕ ਅਤੇ ਅਦਾਕਾਰ ਸਿੱਪੀ ਗਿੱਲ ਵਿਰੁਧ ਮਾਮਲਾ ਦਰਜ ਕੀਤਾ ਹੈ। ਮਹਿਨਾ ਥਾਣੇ ਵਿਚ ਆਈਪੀਸੀ ਦੀਆਂ ਧਾਰਾਵਾਂ 153 ਏ, 505, 117, 149 ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਹੈ। ਸਿੱਪੀ ਗਿੱਲ ਨੇ 16 ਜਨਵਰੀ ਨੂੰ ਯੂਟਿਊਬ 'ਤੇ 'ਗੁੰਡਾਗਰਦੀ' ਨਾਂ ਦਾ ਗੀਤ ਅਪਣੇ ਸਾਥੀਆਂ ਦੀ ਮਦਦ ਨਾਲ ਰਿਲੀਜ਼ ਕੀਤਾ ਸੀ।  

ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਵੀ ਭੜਕਾਊ ਗੀਤ ਗਾਉਣ ਦਾ ਖਮਿਆਜਾ ਭੁਗਤ ਚੁੱਕੇ ਹਨ। ਲੁਧਿਆਣਾ ਦੇ ਆਰਟੀਆਈ ਕਾਰਕੁਨ ਕੁਲਦੀਪ ਸਿੰਘ ਖਹਿਰਾ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਵਿਰੁਧ ਲੁਧਿਆਣਾ ਪੁਲਿਸ ਨੂੰ ਸ਼ਿਕਾਇਤ ਦਿਤੀ ਸੀ। ਖਹਿਰਾ ਨੇ ਦੋਸ਼ ਲਾਇਆ ਕਿ ਇਹ ਗਾਇਕ ਗੀਤਾਂ 'ਚ ਹਥਿਆਰਾਂ ਨੂੰ ਪ੍ਰਮੋਟ ਕਰਦੇ ਹਨ। ਜੋ ਕੀ ਪੰਜਾਬ ਦੇ ਨੌਜਵਾਨਾਂ ਨੂੰ ਗਲਤ ਸੰਦੇਸ਼ ਜਾਂਦਾ ਹੈ। ਇਸ ਤੋਂ ਪਹਿਲਾਂ ਮੂਸੇਵਾਲਾ ਵਿਰੁਧ ਵੀ ਐਚ.ਸੀ. ਅਰੋੜਾ ਐਡਵੋਕੇਟ ਅਤੇ ਕੁਝ ਹੋਰਨਾਂ ਸਮਾਜ ਪ੍ਰੇਮੀਆਂ ਦੀਆਂ ਸ਼ਿਕਾਇਤਾਂ 'ਤੇ ਹਿੰਸਕ ਤੇ ਵਿਵਾਦਤ ਭੜਕਾਊ ਗੀਤ ਗਾਣ ਕਰ ਕੇ ਐਫ਼ਆਈਆਰ ਹੋ ਚੁੱਕੀ ਹੈ। ਗਾਇਕਾ ਅਫ਼ਸਾਨਾ ਖ਼ਾਨ ਵਿਰੁਧ ਵੀ ਕਾਰਵਾਈ ਕੀਤੀ ਗਈ ਹੈ।