2019 ਲੋਕਸਭਾ ਚੋਣ ਦੰਗਲ: ਸੋਸ਼ਲ ਮੀਡੀਆ ਮੁਤਾਬਕ ਪੰਜਾਬ ’ਚ ਕਾਂਗਰਸ ਸਭ ਤੋਂ ਅੱਗੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸੋਸ਼ਲ ਮੀਡੀਆ ਮੁਤਾਬਕ ਸਾਹਮਣੇ ਆਏ ਕੁਝ ਤੱਥ, ਜਾਣੋ

Survey

ਚੰਡੀਗੜ੍ਹ: 2019 ਦੀਆਂ ਲੋਕਸਭਾ ਚੋਣਾਂ ਦੇ ਦੰਗਲ ਵਿਚ ਇਸ ਵਾਰ ਸੋਸ਼ਲ ਮੀਡੀਆ ਦਾ ਦਾਅ ਵੀ ਕਾਫ਼ੀ ਭਾਰਾ ਪੈ ਸਕਦਾ ਹੈ। ਸਿਆਸੀ ਪਾਰਟੀਆਂ ਸੋਸ਼ਲ ਮੀਡੀਆ ’ਤੇ ਖ਼ੂਬ ਸਰਗਰਮੀ ਵਿਖਾ ਰਹੀਆਂ ਹਨ ਅਤੇ ਫੇਸਬੁੱਕ ਵਰਗੇ ਪਲੇਟਫਾਰਮ ’ਤੇ ਲੋਕਾਂ ਨੂੰ ਲੁਭਾਉਣ ਦੇ ਲਈ ਵੱਡੇ ਪੱਧਰ ਉਤੇ ਇਸ਼ਤਿਹਾਰ ਦਿਤੇ ਜਾ ਰਹੇ ਹਨ ਤੇ ਖ਼ੂਬ ਖ਼ਰਚਾ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਨੂੰ ਬੇਸ਼ੱਕ ਭਾਰਤ ਵਰਸ਼ ਵਿਚ ਹਰ ਕੋਈ ਨਹੀਂ ਵਰਤਦਾ ਪਰ ਪਿਛਲੇ ਕੁਝ ਸਾਲਾਂ ਦੌਰਾਨ ਇੰਟਰਨੈੱਟ ਦੇ ਪਿੰਡਾਂ ਤੱਕ ਪਹੁੰਚਣ ’ਤੇ ਸਿੱਧੇ ਜਾਂ ਅਸਿੱਧੇ ਤੌਰ ’ਤੇ ਹਰ ਕੋਈ ਇਸ ਦੇ ਸੰਪਰਕ ਵਿਚ ਹੈ।

ਅਜਿਹੇ ਵਿਚ ਲੋਕਸਭਾ ਚੋਣਾਂ ਦੌਰਾਨ ਸੋਸ਼ਲ ਮੀਡੀਆ ਦੀ ਸਰਕਾਰ ਬਣਾਉਣ ਦੇ ਵਿਚ ਕਿੰਨੀ ਭੂਮਿਕਾ ਰਹਿਣ ਵਾਲੀ ਹੈ ਅਤੇ ਸਿਆਸੀ ਪਾਰਟੀਆਂ ਇਸ ਨੂੰ ਕਿਵੇਂ ਵਰਤ ਰਹੀਆਂ ਹਨ। ਇਸ ਬਾਬਤ ਸਪੋਕਸਮੈਨ ਟੀਵੀ ਦੀ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਸੋਸ਼ਲ ਮੀਡੀਆ ਸਰਵੇਖਣ ਕਰਤਾ ਹਿਮਾਂਸ਼ੂ ਪਾਠਕ ਨਾਲ ਤਮਾਮ ਤੱਥਾਂ ’ਤੇ ਚਰਚਾ ਕੀਤੀ। ਇਸ ਚਰਚਾ ਦੇ ਅੰਸ਼ ਕੁਝ ਇਸ ਤਰ੍ਹਾਂ ਹਨ। 

ਸਰਵੇਖਣ ਮੁਤਾਬਕ, ਪੰਜਾਬ ਦੀਆਂ 13 ਸੀਟਾਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਪੰਜਾਬ ਦੇ ਕੁੱਲ 2 ਕਰੋੜ 30 ਲੱਖ ਲੋਕਾਂ ਵਿਚੋਂ ਇਸ ਸਮੇਂ 1 ਕਰੋੜ 15 ਲੱਖ ਵੋਟਰ ਅਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁੱਲ ਵੋਟਰਾਂ ਵਿਚੋਂ 48 ਪ੍ਰਤੀਸ਼ਤ ਔਰਤਾਂ ਤੇ 52 ਪ੍ਰਤੀਸ਼ਤ ਮਰਦ ਹਨ। ਹਿਮਾਂਸ਼ੂ ਪਾਠਕ ਨੇ ਦੱਸਿਆ ਕਿ ਪੰਜਾਬ ਵਿਚ ਪਿਛਲੇ 30 ਦਿਨਾਂ ਤੋਂ 1 ਕਰੋੜ 15 ਲੱਖ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਦਾ ਅਧਿਐਨ ਕਰਕੇ ਇਕ ਰਿਪੋਰਟ ਤਿਆਰ ਕੀਤੀ ਗਈ ਹੈ,

ਜਿਸ ਵਿਚ ਇਨ੍ਹਾਂ ਗੱਲਾਂ ਨੂੰ ਮੁੱਖ ਰੱਖ ਕੇ ਅਨੁਮਾਨ ਲਗਾਇਆ ਗਿਆ ਹੈ ਕਿ ਲੋਕ ਕਿਹੜੇ ਲੀਡਰਾਂ ਨੂੰ ਸਭ ਤੋਂ ਵੱਧ ਸੁਣ ਰਹੇ ਹਨ ਤੇ ਕਿਸ ਪਾਰਟੀ ਦੀ ਖ਼ਬਰ ਨੂੰ ਸਭ ਤੋਂ ਵੱਧ ਲਾਈਕ ਜਾਂ ਸ਼ੇਅਰ ਕਰ ਰਹੇ ਹਨ। ਜੇਕਰ ਚੋਣਾਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਜੁੜੇ 1 ਕਰੋੜ 15 ਲੱਖ ਲੋਕਾਂ ਵਿਚ ਮਰਦਾਂ ਤੇ ਔਰਤਾਂ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਉਹ 77:23 ਹੈ ਮਤਲਬ ਇਨ੍ਹਾਂ ਯੂਜ਼ਰਸ ਵਿਚ 77 ਪ੍ਰਤੀਸ਼ਤ ਮਰਦ ਹਨ ਤੇ 23 ਪ੍ਰਤੀਸ਼ਤ ਔਰਤਾਂ ਹਨ।

ਇਨ੍ਹਾਂ ਲੋਕਾਂ ਦੀ ਉਮਰ ਸੀਮਾ ਲਗਭੱਗ 18 ਤੋਂ 34 ਸਾਲ ਦੇ ਵਿਚ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਦੇਸ਼ ਭਰ ਵਿਚ ਹਰ ਲੋਕਸਭਾ ਸੀਟ ’ਤੇ 1.5 ਲੱਖ ਵੋਟਰ ਪਹਿਲੀ ਵਾਰ ਵੋਟ ਪਾਉਣ ਜਾ ਰਿਹਾ ਹੈ ਜਿੰਨ੍ਹਾਂ ਦੀ ਉਮਰ 18 ਤੋਂ 20 ਸਾਲ ਦੇ ਵਿਚ ਹੈ। ਇੱਥੇ ਇਹ ਵੀ ਸਾਹਮਣੇ ਆਇਆ ਹੈ ਕਿ 1 ਕਰੋੜ 15 ਲੱਖ ਵਿਚੋਂ 58 ਪ੍ਰਤੀਸ਼ਤ ਲੋਕ ਸਿੰਗਲ ਹਨ, ਇਨ-ਰਿਲੇਸ਼ਨਸਿਪ 4 ਪ੍ਰਤੀਸ਼ਤ ਹਨ, ਇੰਗੇਜ਼ਡ 2 ਪ੍ਰਤੀਸ਼ਤ ਹਨ ਅਤੇ ਮੈਰਿਡ 36 ਪ੍ਰਤੀਸ਼ਤ ਹਨ।

ਇਨ੍ਹਾਂ ਵੋਟਰਾਂ ਦੀ ਐਜੁਕੇਸ਼ਨ ਦੀ ਗੱਲ ਕਰੀਏ ਤਾਂ 17 ਪ੍ਰਤੀਸ਼ਤ 12ਵੀਂ ਪਾਸ ਹਨ, 73 ਪ੍ਰਤੀਸ਼ਤ ਗ੍ਰੈਜੂਏਟ ਹਨ ਅਤੇ 7 ਪ੍ਰਤੀਸ਼ਤ ਪੋਸਟ ਗ੍ਰੈਜੂਏਟ ਹਨ। ਇਨ੍ਹਾਂ 1 ਕਰੋੜ 15 ਲੱਖ ਲੋਕਾਂ ਦੇ ਵਰਤਮਾਨ ਸਮੇਂ ’ਚ ਪੰਜਾਬ ਵਿਚ ਵੱਖ-ਵੱਖ ਪਾਰਟੀਆਂ ਪ੍ਰਤੀ ਝੁਕਾਅ ਬਾਰੇ ਸਰਵੇਖਣ ਵਿਚ ਪਤਾ ਲੱਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਹੱਕ ਵਿਚ 13 ਲੱਖ ਵੋਟਰਾਂ ਦਾ ਝੁਕਾਅ ਹੈ, ਭਾਜਪਾ ਵੱਲ 14 ਲੱਖ, ਸ਼੍ਰੋਮਣੀ ਅਕਾਲੀ ਦਲ ਵੱਲ 9 ਲੱਖ 70 ਹਜ਼ਾਰ ਅਤੇ ਕਾਂਗਰਸ ਵੱਲ 47 ਲੱਖ ਵੋਟਰਾਂ ਦਾ ਝੁਕਾਅ ਹੈ।

ਇਸ ਤੋਂ ਇਲਾਵਾ 29 ਲੱਖ 30 ਹਜ਼ਾਰ ਵੋਟਰ ਅਜਿਹੇ ਹਨ ਜੋ ਨਿਊਟਰਲ ਹਨ। ਪੰਜਾਬ ਵਿਚ ਹੋਰਨਾਂ ਬਾਕੀ ਪਾਰਟੀਆਂ ਬਾਰੇ ਦੱਸਦੇ ਹੋਏ ਪਾਠਕ ਨੇ ਕਿਹਾ ਪੰਜਾਬ ਵਿਚ ਨਵੀਂਆਂ ਬਣੀਆਂ ਪਾਰਟੀਆਂ ਦਾ ਵਜੂਦ ਅਜੇ ਬਹੁਤ ਛੋਟਾ ਹੈ, ਜਿਸ ਕਰਕੇ ਉਨ੍ਹਾਂ ਪਾਰਟੀਆਂ ਦਾ ਵਿਸ਼ਲੇਸ਼ਣ ਅਜੇ ਨਹੀਂ ਕੀਤਾ ਜਾ ਸਕਦਾ। ਇਸ ਸਰਵੇਖਣ ਵਿਚ ਇਹ ਵੀ ਤੱਥ ਸਾਹਮਣੇ ਆਏ ਹਨ ਕਿ ਪੰਜਾਬ ਵਿਚ ਸਭ ਤੋਂ ਵੱਧ ਲੋਕਾਂ ਦੀ ਪਸੰਦੀਦਾ ਪਾਰਟੀ ਕਾਂਗਰਸ ਵਿਚ ਜਿੰਨ੍ਹਾਂ ਲੀਡਰਾਂ ਦੇ ਨਾਮ ’ਤੇ ਵੋਟਾਂ ਪੈ ਸਕਦੀਆਂ ਹਨ,

ਉਹ ਹਨ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ। ਸਰਵੇਖਣ ਦੀ ਰਿਪੋਰਟ ਮੁਤਾਬਕ, 2014 ਦੀਆਂ ਲੋਕਸਭਾ ਚੋਣਾਂ ਵਿਚ 1 ਕਰੋੜ 37 ਲੱਖ ਪੰਜਾਬ ਦੇ ਵੋਟਰਾਂ ਵਿਚ ਵੱਖ-ਵੱਖ ਪਾਰਟੀਆਂ ਪ੍ਰਤੀ ਰੁਝਾਨ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਪ੍ਰਤੀ 33,73,062, ਭਾਜਪਾ ਪ੍ਰਤੀ 12,09,004, ਸ਼੍ਰੋਮਣੀ ਅਕਾਲੀ ਦਲ ਪ੍ਰਤੀ 36,36,148 ਅਤੇ ਕਾਂਗਰਸ ਪ੍ਰਤੀ 45,75,879 ਲੋਕਾਂ ਦਾ ਝੁਕਾਅ ਸੀ।

ਸੀਟਾਂ ਦੀ ਗੱਲ ਕਰੀਏ ਤਾਂ 2014 ਦੀਆਂ ਚੋਣਾਂ ਵਿਚ ਅਕਾਲੀ ਦਲ ਵਲੋਂ ਪੰਜਾਬ ਵਿਚ 10 ਸੀਟਾਂ, ਭਾਜਪਾ ਵਲੋਂ 3 ਸੀਟਾਂ, ਆਪ ਵਲੋਂ 13 ਸੀਟਾਂ ਅਤੇ ਕਾਂਗਰਸ ਵਲੋਂ 13 ਸੀਟਾਂ ਉਤੇ ਉਮੀਦਵਾਰ ਖੜ੍ਹੇ ਕੀਤੇ ਗਏ ਸਨ।