ਉਮਰਾਨੰਗਲ ਪੁਖ਼ਤਾ ਸਬੂਤਾਂ, ਅਸਹਿਯੋਗ ਤੇ ਗੁੰਮਰਾਹ ਕਰਨ ਵਜੋਂ ਗ੍ਰਿਫ਼ਤਾਰ : ਕੁੰਵਰ ਵਿਜੇ ਪ੍ਰਤਾਪ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚਰਨਜੀਤ ਸ਼ਰਮਾ ਕੋਲੋਂ ਪੁਛਗਿੱਛ ’ਚ ਵੀ ਉਮਰਾਨੰਗਲ ਬਾਰੇ ਹੋਏ ਅਹਿਮ ਖ਼ੁਲਾਸੇ', ਮੰਗਲਵਾਰ ਫ਼ਰੀਦਕੋਟ ਅਦਾਲਤ ਪੇਸ਼ ਕੀਤਾ ਜਾ ਰਿਹਾ

Kunwar Vijay Partap Singh

ਚੰਡੀਗੜ੍ਹ (ਨੀਲ ਭਲਿੰਦਰ ਸਿਂਘ) : ਅਕਤੂਬਰ 2015 ਦੇ ਬਹਿਬਲ ਕਲਾਂ ਤੇ ਕੋਟਕਪੁਰਾ ਗੋਲੀਕਾਂਡ ਮੌਕੇ ਪੁਲਿਸ ਬਲ ਦੀ ਅਗਵਾਈ ਦੇ ਦੋਸ਼ਾਂ ਤਹਿਤ  ਆਈਜੀ ਪਰਮਰਾਜ ਸਿੰਘ ਉਮਰਾਨੰਗਲ (ਤਤਕਾਲੀ ਕਮਿਸ਼ਨਰ ਲੁਧਿਆਣਾ)  ਨੂੰ ਅੱਜ ਪੰਜਾਬ ਪੁਲਿਸ ਦੀ  ਵਿਸ਼ੇਸ਼ ਜਾਂਚ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਐਸਆਈਟੀ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਨੇ 'ਸਪੋਕਸਮੈਨ ਟੀਵੀ' ਕੋਲ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ, “ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀਕਾਂਡ ਮਾਮਲੇ ਦੀ ਤਫਤੀਸ਼ ਚੱਲ ਰਹੀ ਸੀ ਜਿਸ ਦੀ ਜਾਂਚ ਪੰਜ ਮੈਂਬਰੀ ਗਠਿਤ ਐਸਆਈਟੀ ਕਰ ਰਹੀ ਸੀ।

ਤਫਤੀਸ਼ ਦੌਰਾਨ ਲਗਭੱਗ 200 ਵਿਅਕਤੀਆਂ ਦੇ ਬਿਆਨ ਲਏ ਗਏ ਅਤੇ ਇਸ ਤੋਂ ਇਲਾਵਾ ਜਿੰਨੇ ਵੀ ਪੁਲਿਸ ਅਫ਼ਸਰ ਉਥੇ ਡਿਊਟੀ ‘ਤੇ ਗਏ ਸੀ ਉਨ੍ਹਾਂ ਦੇ ਵੀ ਬਿਆਨ ਲਏ ਗਏ। ਦੋ ਵਾਰੀ ਉਮਰਾਨੰਗਲ ਨੂੰ ਵੀ ਬਿਆਨ ਦੇਣ ਲਈ ਬੁਲਾਇਆ ਗਿਆ ਸੀ ਪਰ ਇਨ੍ਹਾਂ ਵਲੋਂ ਤਫਤੀਸ਼ ਦੇ ਵਿਚ ਸਹਿਯੋਗ ਨਹੀਂ ਦਿਤਾ ਗਿਆ। ਉਨ੍ਹਾਂ ਦੱਸਿਆ ਕਿ ਉਮਰਾਨੰਗਲ ਦੀ ਗ੍ਰਿਫ਼ਤਾਰੀ ਦੇ ਸਬੂਤ ਬਹੁਤ ਸਮਾਂ ਪਹਿਲਾਂ ਇਕੱਠੇ ਕਰ ਲਏ ਗਏ ਸਨ ਅਤੇ ਇਨ੍ਹਾਂ ਨੂੰ ਮੌਕਾ ਵੀ ਦਿਤਾ ਗਿਆ ਸੀ। ਪੁੱਛਗਿੱਛ ਲਈ ਵੀ ਬੁਲਾਇਆ ਗਿਆ ਸੀ ਪਰ ਉਸ ਸਮੇਂ ਵੀ ਸਹਿਯੋਗ ਨਹੀਂ ਦਿਤਾ ਗਿਆ ਸਗੋਂ ਅਸਲੀਅਤ ਛੁਪਾਉਣ ਦੀ ਕੋਸ਼ਿਸ਼ ਕੀਤੀ।

ਜਦੋਂ ਚਰਨਜੀਤ ਸ਼ਰਮਾ ਦੀ ਗ੍ਰਿਫ਼ਤਾਰੀ ਹੋਈ ਉਦੋਂ ਬਹੁਤ ਸਾਰੇ ਸਬੂਤ ਸਾਹਮਣੇ ਆਏ। ਜਿਸ ਮਗਰੋਂ ਉਮਰਾਨੰਗਲ ਦੀ ਗ੍ਰਿਫ਼ਤਾਰੀ ਦਾ ਰਾਹ ਵੀ ਸਾਫ਼ ਹੁੰਦਾ ਗਿਆ।'' ਉਕਤ ਅਧਿਕਾਰੀ ਨੇ ਇਹ ਵੀ ਕਿਹਾ ਕਿ ਉਕਤ ਦੋਵਾਂ ਮੁਕਾਮਾਂ ਉਤੇ ਸ਼ਾਂਤਮਈ ਸੰਗਤ ਵਿਰੁਧ ਜਿਸ ਪ੍ਰਕਾਰ ਪੁਲਿਸ ਫੋਰਸ ਦੀ ਵਰਤੋਂ ਕੀਤੀ ਗਈ, ਉਹ ਗ਼ਲਤ ਸੀ ਅਤੇ ਉਮਰਾਨੰਗਲ ਉਸ ਮੌਕੇ ਪੁਲਿਸ ਫੋਰਸ ਦੀ ਅਗਵਾਈ ਕਰ ਰਹੇ ਸਨ। ਹੁਣ ਉਹਨਾਂ ਨੂੰ ਮੰਗਲਵਾਰ ਨੂਂ ਫਰੀਦਕੋਟ (ਜਿਥੇ ਘਟਨਾ ਵਾਪਰੀ) ਅਦਾਲਤ ‘ਚ ਪੇਸ਼ ਕਰ ਪੁਲਿਸ ਰਿਮਾਂਡ ਮੰਗਿਆ ਜਾਵੇਗਾ।

Related Stories