ਪੰਜਾਬ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਮੈਦਾਨ ਭੱਖਣਾ ਸ਼ੁਰੂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਾਮਜ਼ਦਗੀਆਂ ਭਰਨ ਨੂੰ 13 ਦਿਨ ਰਹਿ ਗਏ ; ਕਾਂਗਰਸ ਨੇ 9, ਅਕਾਲੀਆਂ ਨੇ 7,  ਆਪ ਨੇ 10 ਸੀਟਾਂ 'ਤੇ ਪੱਤੇ ਖੋਲ੍ਹੇ

Lok Sabha Elections Punjab

ਚੰਡੀਗੜ੍ਹ : ਸਰਹੱਦੀ ਸੂਬੇ ਪੰਜਾਬ ਦੀਆਂ ਕੁਲ 13 ਸੀਟਾਂ 'ਤੇ ਵੋਟਾਂ ਭਾਵੇਂ ਆਖ਼ਰੀ ਗੇੜ 'ਚ 19 ਮਈ ਨੂੰ ਪੈਣੀਆਂ ਹਨ ਪਰ ਬਾਕੀ ਮੁਲਕ ਵਾਗ ਇਥੇ ਅਪ੍ਰੈਲ-ਮਈ ਦੀ ਭਖਦੀ ਗਰਮੀ ਦੇ ਨਾਲ-ਨਾਲ ਚੋਣ ਮੈਦਾਨ ਵੀ 40 ਦਿਨ ਪਹਿਲਾਂ ਹੀ ਤਪਣਾ ਸ਼ੁਰੂ ਹੋ ਗਿਆ ਹੈ। ਇਸ ਸੂਬੇ ਵਿਚ ਉਮੀਦਵਾਰੀਆਂ ਦਾ ਐਲਾਨ 80 ਫ਼ੀ ਸਦੀ ਦੇ ਕਰੀਬ ਸਿਆਸੀ ਦਲਾਂ ਨੇ ਨਿਪਟਾ ਲਿਆ ਹੈ।

ਸੱਤਾਧਾਰੀ ਕਾਂਗਰਸ ਨੇ ਵਿਰੋਧੀ ਧਿਰ 'ਆਪ' ਨਾਲ ਕਿਸੇ ਵੀ ਕਿਸਮ ਦਾ ਸਮਝੌਤਾ ਨਹੀਂ ਕੀਤਾ ਅਤੇ ਹੁਣ ਤਕ ਪਟਿਆਲਾ ਤੋਂ ਮਹਾਰਾਣੀ ਪ੍ਰਨੀਤ ਕੌਰ ਸਮੇਤ ਮੌਜੂਦਾ ਲੋਕ ਸਭਾ ਮੈਂਬਰ ਸੰਤੋਖ ਚੌਧਰੀ-ਜਲੰਧਰ, ਰਵਨੀਤ ਬਿੱਟੂ-ਲੁਧਿਆਣਾ, ਗੁਰਜੀਤ ਔਜਲਾ-ਅੰਮ੍ਰਿਤਸਰ, ਸੁਨੀਲ ਜਾਖੜ-ਗੁਰਦਾਸਪੁਰ ਅਤੇ 4 ਹੋਰ ਖਡੂਰ ਸਾਹਿਬ ਤੋਂ ਜਸਬੀਰ ਡਿੰਪਾ, ਹੁਸ਼ਿਆਪੁਰ ਰਿਜ਼ਰਵ ਤੋਂ ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ, ਫ਼ਤਿਹਗੜ੍ਹ ਸਾਹਿਬ ਰਿਜ਼ਰਵ ਲਈ ਆਈ.ਏ.ਐਸ. ਸੇਵਾ ਮੁਕਤ ਡਾ. ਅਮਰ ਸਿੰਘ ਅਤੇ ਫ਼ਰੀਦਕੋਟ ਰਿਜ਼ਰਵ ਸੀਟ ਲਈ ਮੁਹੰਮਦ ਸਦੀਕ ਨੂੰ ਮੈਦਾਨ 'ਚ ਉਤਾਰਿਆ ਹੈ। ਰਹਿੰਦੀਆਂ 4 ਸੀਟਾਂ ਅਨੰਦਪੁਰ ਸਾਹਿਬ, ਸੰਗਰੂਰ, ਬਠਿੰਡਾ ਤੇ ਫ਼ਿਰੋਜ਼ਪੁਰ ਵਾਸਤੇ 2 ਦਿਨ ਬਾਅਦ 11 ਅਪ੍ਰੈਲ ਨੂੰ ਦਿੱਲੀ ਵਿਚ ਹੋਣ ਵਾਲੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਵਿਚ ਉਮੀਦਵਾਰਾਂ ਦਾ ਫ਼ੈਸਲਾ ਹੋਵੇਗਾ।

ਦੋਵੇਂ ਕਾਂਗਰਸ ਪਾਰਟੀ ਤੇ ਅਕਾਲੀ ਦਲ ਬਠਿੰਡਾ ਫ਼ਿਰੋਜ਼ਪੁਰ ਵਾਸਤੇ ਇਕ ਦੂਜੇ ਦੀਆਂ ਉਮੀਦਵਾਰੀਆਂ ਐਲਾਨਣ ਦਾ ਇੰਤਜ਼ਾਰ ਕਰ ਰਹੇ ਹਨ। ਅਕਾਲੀ ਦਲ ਨੇ ਅਪਣੇ ਹਿੱਸੇ ਦੀਆਂ 10 ਸੀਟਾਂ ਵਿਚੋਂ 7 ਦਾ ਐਲਾਨ ਕਰ ਦਿਤਾ ਹੈ। ਜਿਨ੍ਹਾਂ ਵਿਚ ਮੌਜੂਦਾ ਐਮ.ਪੀ. ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ-ਅਨੰਦਪੁਰ ਸਾਹਿਬ, ਮੌਜੂਦਾ ਵਿਧਾਇਕ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ-ਸੰਗਰੂਰ, ਸੁਰਜੀਤ ਸਿੰਘ ਰੱਖੜਾ-ਪਟਿਆਲਾ, ਗੁਲਜ਼ਾਰ ਸਿੰਘ ਰਣੀਕੇ-ਫ਼ਰੀਦਕੋਟ ਰਿਜ਼ਰਵ, ਸੇਵਾ ਮੁਕਤ ਆਈ.ਏ.ਐਸ. ਅਧਿਕਾਰੀ ਦਰਬਾਰਾ ਸਿੰਘ ਗੁਰੂ-ਫ਼ਤਿਹਗੜ੍ਹ ਸਾਹਿਬ ਰਿਜ਼ਰਵ ਲਈ, ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ-ਜਲੰਧਰ ਰਿਜ਼ਰਵ ਤੋਂ ਅਤੇ ਖਡੂਰ ਸਾਹਿਬ ਲੋਕ ਸਭਾ ਸੀਟ ਲਈ ਬੀਬੀ ਜਗੀਰ ਕੌਰ ਸ਼ਾਮਲ ਹਨ।

ਬਾਕੀ ਤਿੰਨ ਸੀਟਾਂ ਬਠਿੰਡਾ, ਫ਼ਿਰੋਜ਼ਪੁਰ ਤੇ ਲੁਧਿਆਣਾ ਸੀਟਾਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਦਾ ਨਾਮ ਐਲਾਨਣਾ ਹੈ। ਇਸੇ ਤਰ੍ਹਾਂ 'ਆਪ' ਪਾਰਟੀ ਨੇ ਪੰਜਾਬ ਦੀਆਂ 10 ਸੀਟਾਂ 'ਤੇ ਅਪਣੇ ਉਮੀਦਵਾਰ ਖੜੇ ਕੀਤੇ ਹਨ ਜਿਨ੍ਹਾਂ ਵਿਚ ਮੌਜੂਦਾ ਐਮ.ਪੀ. ਭਗਵੰਤ ਮਾਨ-ਸੰਗਰੂਰ ਵਾਸਤੇ ਅਤੇ ਪ੍ਰੋ. ਸਾਧੂ ਸਿੰਘ ਫ਼ਰੀਦਕੋਟ ਵਾਸਤੇ ਅਤੇ 8 ਹੋਰ ਪੀਟਰ ਮਸੀਹ-ਗੁਰਦਾਸਪੁਰ, ਕੁਲਦੀਪ ਧਾਲੀਵਾਲ-ਅੰਮ੍ਰਿਤਸਰ, ਜਸਟਿਸ ਜ਼ੋਰਾ ਸਿੰਘ-ਜਲੰਧਰ, ਡਾ. ਰਵਜੋਤ ਸਿੰਘ-ਹੁਸਿਆਰਪੁਰ, ਬਲਜਿੰਦਰ ਸਿੰਘ ਚੌਦਾ-ਫ਼ਤਿਹਗੜ੍ਹ ਸਾਹਿਬ, ਨੀਨਾ ਮਿੱਤਲ-ਪਟਿਆਲਾ, ਨਰਿੰਦਰ ਸ਼ੇਰਗਿੱਲ-ਅਨੰਦਪੁਰ ਸਾਹਿਬ ਅਤੇ ਹਰਜਿੰਦਰ ਸਿੰਘ ਕਾਕਾ ਸਰਾਂ-ਫ਼ਿਰੋਜ਼ਪੁਰ ਸੀਟ ਲਈ ਸ਼ਾਮਲ ਹਨ।

ਅਪਣੇ ਹਿੱਸੇ ਦੀਆਂ ਤਿੰਨੋਂ ਸੀਟਾਂ ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਗੁਰਦਾਸਪੁਰ ਲਈ ਬੀਜੇਪੀ ਨੇ ਅਜੇ ਉਮੀਦਵਾਰਾਂ ਬਾਰੇ ਫ਼ੈਸਲਾ ਅਗਲੇ ਦੋ ਤਿੰਨ ਦਿਨਾਂ ਵਿਚ ਕਰਨਾ ਹੈ। ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਏਕਤਾ ਪਾਰਟੀ, ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ, ਡਾ. ਧਰਮਵੀਰ ਗਾਂਧੀ ਵਾਲੇ ਪੰਜਾਬ ਡੈਮੋਕਰੇਟਿਕ ਅਲਾਇੰਸ, ਅਕਾਲੀ ਦਲ ਤੋਂ ਅੱਡ ਹੋਏ ਟਕਸਾਲੀ ਨੇਤਾਵਾਂ ਨੇ ਵੀ ਵੱਖ ਵੱਖ ਸੀਟਾਂ 'ਤੇ ਚੋਣ ਸਮਝੌਤੇ ਤਹਿਤ ਉਮੀਦਵਾਰ ਖÎੜੇ ਕੀਤੇ ਹਨ। ਬਹੁਜਨ ਸਮਾਜ ਪਾਰਟੀ ਨੇ ਵੀ ਉਮੀਦਵਾਰਾਂ ਦਾ ਐਲਾਨ ਕਰਨਾ ਹੈ। ਕੁਲ ਮਿਲਾ ਕੇ ਪੰਜਾਬ ਦੀਆਂ 13 ਸੀਟਾਂ 'ਤੇ ਉਂਜ ਤਾਂ ਮੋਟੇ ਤੌਰ 'ਤੇ ਸਿੱਧਾ ਮੁਕਾਬਲਾ ਕਾਂਗਰਸ ਤੇ ਅਕਾਲੀ-ਬੀਜੇਪੀ ਗੁੱਟ ਨਾਲ ਹੋਣ ਦੇ ਆਸਾਰ ਹਨ ਪਰ 2 ਜਾਂ 3 ਸੀਟਾਂ ਪਟਿਆਲਾ, ਸੰਗਰੂਰ, ਬਠਿੰਡਾ ਵਿਚ ਹੋ ਸਕਦਾ ਹੈ ਤਿਕੋਣਾ ਮੁਕਾਬਲਾ ਬਣ ਜਾਵੇ। ਲੁਧਿਆਣਾ ਵਿਚ ਚਾਰ ਕੋਨਾ ਸੰਘਰਸ਼ ਸ਼ਾਇਦ ਬਣ ਜਾਵੇ।