ਰਾਜੀਵ ਗਾਂਧੀ ਬਾਰੇ ਪੀਐਮ ਮੋਦੀ ਦੇ ਬਿਆਨ ਦਾ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਕਰਾਰਾ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਬਿਆਨ ‘ਤੇ ਟਿੱਪਣੀ ਕੀਤੀ ਹੈ।

Captain Amarinder Singh

ਫਾਜ਼ਿਲਕਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਬਿਆਨ ‘ਤੇ ਟਿੱਪਣੀ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੱਤਾ ਵਿਚ ਬਣੇ ਰਹਿਣ ਦੀ ਲਾਲਸਾ ਵਿਚ ਪ੍ਰਧਾਨ ਮੰਤਰੀ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਪੀਐਮ ਮੋਦੀ ਉਸ ਆਦਮੀ ਬਾਰੇ ਗਲਤ ਟਿੱਪਣੀ ਕਰ ਰਹੇ ਹਨ ਜੋ ਕਿ ਇਸ ਦੁਨੀਆ ਵਿਚ ਨਹੀਂ ਰਿਹਾ ਅਤੇ ਇਹ ਭਾਰਤੀ ਨੈਤਿਕਤਾ ਦੇ ਖਿਲਾਫ ਹੈ।

ਉਹਨਾਂ ਕਿਹਾ ਕਿ ਪੀਐਮ ਮੋਦੀ ਨੂੰ ਹੋਰਨਾਂ ‘ਤੇ ਟਿੱਪਣੀ ਕਰਨ ਦੀ ਬਜਾਏ ਨੌਜਵਾਨਾਂ ਅਤੇ ਕਿਸਾਨਾਂ ਦੇ ਹੋਰ ਜ਼ਰੂਰੀ ਮੁੱਦਿਆਂ ‘ਤੇ ਧਿਆਨ ਦੇਣਾ ਚਾਹੀਦਾ ਹੈ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਪਟਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਅਪਣੀ ਹਾਰ ਸਾਫ ਦਿਖਾਈ ਦੇ ਰਹੀ ਹੈ ਅਤੇ ਉਹਨਾਂ ਦੇ ਬਿਆਨਾਂ ਵਿਚ ਉਹਨਾਂ ਦੀ ਘਟੀਆ ਅਤੇ ਨਫਰਤ ਭਰੀ ਮਾਨਸਿਕਤਾ ਦਿਖਾਈ ਦੇ ਰਹੀ ਹੈ। ਕੈਪਟਨ ਨੇ ਇਲਜ਼ਾਮ ਲਗਾਇਆ ਸੀ ਕਿ ਮੋਦੀ ਅਤੇ ਭਾਜਪਾ ਆਗੂ ਗਾਂਧੀ ਪਰਿਵਾਰ ਵਿਰੁੱਧ ਕਈ ਤਰ੍ਹਾਂ ਦੇ ਝੂਠੇ ਇਲਜ਼ਾਮ ਲਗਾ ਰਹੇ ਹਨ ਕਿਉਂਕਿ ਚੁਣਾਵੀ ਜੰਗ ਲੜਨ ਲਈ ਉਹਨਾਂ ਕੋਲ ਕੋਈ ਹੋਰ ਏਜੰਡਾ ਨਹੀਂ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਭਾਜਪਾ ਪਾਰਟੀ ਦੇ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਨੇ ਜਨਤਕ ਰੂਪ ਵਿਚ ਰਾਜੀਵ ਗਾਂਧੀ ਦੀ ਤਾਰੀਫ ਕੀਤੀ ਸੀ ਅਤੇ ਦੱਸਿਆ ਸੀ ਕਿ ਕਿਵੇਂ ਰਾਜੀਵ ਗਾਂਧੀ ਨੇ ਉਹਨਾਂ ਨੂੰ ਸੰਯੁਕਤ ਰਾਸ਼ਟਰ ਦੇ ਪ੍ਰਤੀਨਿਧੀ ਮੰਡਲ ਵਿਚ ਸ਼ਾਮਿਲ ਕੀਤਾ ਗਿਆ ਸੀ ਜਿਸ ਨਾਲ ਨਿਊਯਾਰਕ ਵਿਚ ਉਹਨਾਂ ਦੇ ਗੁਰਦੇ ਦਾ ਅਪਰੇਸ਼ਨ ਸੰਭਵ ਹੋ ਸਕਿਆ ਅਤੇ ਉਹਨਾਂ ਦੀ ਜਾਨ ਬਚ ਗਈ।

ਦੱਸ ਦਈਏ ਕਿ ਪੀਐਮ ਮੋਦੀ ਨੇ ਰਾਜੀਵ ਗਾਂਧੀ ਦਾ ਨਾਂਅ ਲਏ ਬਗੈਰ ਰਾਹੁਲ ਗਾਂਧੀ ਨੂੰ ਕਿਹਾ ਸੀ ਕਿ ਤੁਹਾਡੇ ਪਿਤਾ ਜੀ ਨੂੰ ਉਹਨਾਂ ਦੇ ਰਾਜ ਦਰਬਾਰੀਆਂ ਨੇ ‘ਮਿਸਟਰ ਕਲੀਨ’ ਬਣਾ ਦਿੱਤਾ ਸੀ ਪਰ ਦੇਖਦੇ ਹੀ ਦੇਖਦੇ ਭ੍ਰਿਸ਼ਟਾਚਾਰੀ ਨੰਬਰ ਵਨ ਦੇ ਰੂਪ ਵਿਚ ਉਹਨਾਂ ਦਾ ਜੀਵਨਕਾਲ ਸਮਾਪਤ ਹੋ ਗਿਆ। ਇਸ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਵੀ ਪੀਐਮ ਮੋਦੀ ਨੂੰ ਜਵਾਬ ਦਿੱਤਾ ਸੀ।