ਪ੍ਰਨੀਤ ਕੌਰ ਨੇ ਪਟਿਆਲਾ ਤੋਂ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤੇ
ਦੇਸ਼ 'ਚ ਕੋਈ ਮੋਦੀ ਲਹਿਰ ਨਹੀਂ ; ਪੰਜਾਬ 'ਚ ਸਾਰੀਆਂ ਸੀਟਾਂ 'ਤੇ ਵੱਡੀ ਲੀਡ ਨਾਲ ਜਿੱਤਾਂਗੇ : ਕੈਪਟਨ ਅਮਰਿੰਦਰ ਸਿੰਘ
ਪਟਿਆਲਾ : ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਅੱਜ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਇਸ ਮੌਕੇ ਉਨ੍ਹਾਂ ਨਾਲ ਕੈਪਟਨ ਅਮਰਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਪ੍ਰਨੀਤ ਕੌਰ ਸਵੇਰੇ ਲਗਭਗ 10 ਵਜੇ ਮੋਤੀ ਮਹਿਲ ਤੋਂ ਆਪਣੇ ਵੱਡੇ ਕਾਫ਼ਲੇ ਸਮੇਤ ਕਾਗ਼ਜ਼ ਦਾਖ਼ਲ ਕਰਨ ਲਈ ਨਿਕਲੇ। ਸਭ ਤੋਂ ਪਹਿਲਾਂ ਉਹ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਮੱਥਾ ਟੇਕਣ ਗਏ। ਇਸ ਮਗਰੋਂ ਉਨ੍ਹਾਂ ਨੇ ਮਾਲ ਰੋਡ ਸਥਿਤ ਪੀਰ ਬਾਬਾ ਰੋਡੇ ਸ਼ਾਹ ਵਿਖੇ ਮੱਥਾ ਟੇਕਿਆ ਅਤੇ ਇਸ ਤੋਂ ਬਾਅਦ ਉਹ ਪ੍ਰਸਿੱਧ ਸ੍ਰੀ ਕਾਲੀ ਮਾਤਾ ਮੰਦਰ ਵਿਖੇ ਨਤਮਸਤਕ ਹੋਏ।
ਇਸ ਮੌਕੇ ਪ੍ਰਨੀਤ ਕੌਰ ਦੇ ਨਾਲ ਉਨ੍ਹਾਂ ਦੀ ਧੀ ਬੀਬਾ ਜੈਇੰਦਰ ਕੌਰ, ਪੁੱਤਰ ਰਣਇੰਦਰ ਸਿੰਘ, ਵਿਧਾਇਕ ਹਰਦਿਆਲ ਸਿੰਘ ਕੰਬੋਜ, ਚੇਅਰਮੈਨ ਲਾਲ ਸਿੰਘ ਸਮੇਤ ਹੋਰ ਕਾਂਗਰਸੀ ਆਗੂ ਮੌਜੂਦ ਸਨ। ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ 'ਚ ਕੋਈ ਮੋਦੀ ਲਹਿਰ ਨਹੀਂ ਹੈ। ਝੂਠੇ ਇਸ਼ਤਿਹਾਰਾਂ ਅਤੇ ਵਾਅਦਿਆਂ ਨਾਲ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਲੋਕ ਐਤਕੀਂ ਭਾਜਪਾ ਸਰਕਾਰ ਨੂੰ ਵਧੀਆ ਸਬਕ ਸਿਖਾਉਣਗੇ।
ਕੈਪਟਨ ਨੇ ਕਿਹਾ ਕਿ ਮੋਦੀ ਨੇ ਪਿਛਲੀਆਂ ਚੋਣਾਂ ਤੋਂ ਪਹਿਲਾਂ ਵੱਡੇ ਵਾਅਦੇ ਕੀਤੇ ਸਨ ਕਿ ਦੇਸ਼ ਵਿਚ ਨੋਟਬੰਦੀ, ਜੀ.ਐਸ.ਟੀ ਲਿਆਵਾਂਗੇ ਪਰ ਜਿੱਤਣ ਉਪਰੰਤ ਸਾਰਾ ਕੁੱਝ ਫ਼ੇਲ ਹੋ ਗਿਆ। ਮੋਦੀ ਨੇ ਕਿਹਾ ਸੀ ਕਿ ਬਾਹਰਲੇ ਦੇਸ਼ਾਂ ਵਿਚੋਂ ਪੈਸਾ ਲਿਆ ਕੇ 15 ਲੱਖ ਰੁਪਏ ਹਰੇਕ ਦੇ ਖਾਤੇ ਵਿਚ ਆਉਣਗੇ, ਉਹ ਵੀ ਨਹੀਂ ਆਏ, ਮੋਦੀ ਵੱਲੋਂ ਝੂਠ 'ਤੇ ਝੂਠ ਬੋਲਿਆ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਦਾ 12 ਫ਼ੀ ਸਦੀ ਨੌਜਵਾਨ ਬੇਰੁਜ਼ਗਾਰ ਹਨ, ਮੋਦੀ ਸਰਕਾਰ ਨੇ ਉਨ੍ਹਾਂ ਵਾਸਤੇ ਕੁੱਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਤੇ ਨੋਟਬੰਦੀ ਨੇ ਦੇਸ਼ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ।
ਕੈਪਟਨ ਨੇ ਕਿਹਾ ਕਿ ਪੰਜਾਬ ਵਿਚ ਹਵਾ ਕਾਂਗਰਸ ਦੇ ਹੱਕ ਵਿਚ ਚੱਲ ਰਹੀ ਹੈ ਕਿਉਂਕਿ ਨਰਿੰਦਰ ਮੋਦੀ ਦੀਆਂ ਨੀਤੀਆਂ ਨੇ ਦੇਸ਼ ਦਾ ਬੁਰਾ ਹਾਲ ਕਰ ਕੇ ਰੱਖ ਦਿਤਾ ਹੈ। ਇਸ ਲਈ ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਕਾਂਗਰਸੀ ਉਮੀਦਵਾਰ ਵੱਡੀ ਲੀਡ ਨਾਲ ਜਿੱਤਣਗੇ। ਉਨ੍ਹਾਂ ਕਿਹਾ ਕਿ ਅਸੀਂ ਬਠਿੰਡਾ 'ਚ ਹਰਸਿਮਰਤ ਕੌਰ ਤੇ ਫ਼ਿਰੋਜ਼ਪੁਰ 'ਚ ਸੁਖਬੀਰ ਬਾਦਲ ਨੂੰ ਹਰਾ ਕੇ ਪੂਰੇ ਪੰਜਾਬ ਵਿਚ ਅਕਾਲੀ ਦਲ ਦਾ ਸੁਪੜਾ ਸਾਫ਼ ਕਰ ਦਿਆਂਗੇ।