ਪੰਜਾਬ ’ਚ ਇਹਨਾਂ ਦੋ ਸੀਟਾਂ ਲਈ ਪ੍ਰਚਾਰ ਕਰਨ ਆਉਣਗੇ ‘ਪ੍ਰਿਯੰਕਾ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਹ ਦੋ ਸੀਟਾਂ ਕਾਂਗਰਸ ਲਈ ਬਣੀਆਂ ਇੱਜ਼ਤ ਦਾ ਸਵਾਲ

Priyanka Gandhi

ਚੰਡੀਗੜ੍ਹ: ਪੰਜਾਬ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਸਿਰਜ ਚੁੱਕਾ ਹੈ ਤੇ ਇਸ ਦੇ ਨਾਲ ਹੀ ਸਿਆਸਤ ਵੀ ਪੂਰੀ ਤਰ੍ਹਾਂ ਸਰਗਰਮ ਹੁੰਦੀ ਨਜ਼ਰ ਆ ਰਹੀ ਹੈ। ਇਸ ਵਾਰ ਆਮ ਜਨਤਾ ਵੀ ਚੋਣਾਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਨਜ਼ਰ ਆ ਰਹੀ ਹੈ। ਭਾਜਪਾ ਵਲੋਂ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਸੰਨੀ ਦਿਓਲ ਨੂੰ ਉਤਾਰੇ ਜਾਣ ਨੂੰ ਲੈ ਕੇ ਪੰਜਾਬ ਕਾਂਗਰਸ ਪਾਰਟੀ ਵਿਚ ਵੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੀ ਮੰਗ ਵਧਣ ਲੱਗੀ ਹੈ।

ਇਸ ਲਈ ਪ੍ਰਿਯੰਕਾ ਵਾਡਰਾ ਪਟਿਆਲਾ ਤੋਂ ਪਰਨੀਤ ਕੌਰ ਤੇ ਗੁਰਦਾਸਪੁਰ ਤੋਂ ਸੁਨੀਲ ਜਾਖੜ ਲਈ ਚੋਣ ਪ੍ਰਚਾਰ ਕਰਨ ਆ ਰਹੇ ਹਨ। ਦੱਸਣਯੋਗ ਹੈ ਕਿ ਇਹ ਦੋਵੇਂ ਸੀਟਾਂ ਪਾਰਟੀ ਲਈ ਇੱਜ਼ਤ ਦਾ ਸਵਾਲ ਬਣੀਆਂ ਹੋਈਆਂ ਹਨ ਕਿਉਂਕਿ ਇਨ੍ਹਾਂ ਦੋਵਾਂ ਸੀਟਾਂ ਤੋਂ ਕਾਂਗਰਸ ਦੇ ਨਾਲ-ਨਾਲ ਵਿਰੋਧੀਆਂ ਪਾਰਟੀਆਂ ਵਲੋਂ ਵੀ ਦਿੱਗਜ ਨੇਤਾ ਚੋਣ ਮੈਦਾਨ ਵਿਚ ਉਤਾਰੇ ਗਏ ਹਨ।

ਭਾਜਪਾ ਵਲੋਂ ਗੁਰਦਾਸਪੁਰ ਤੋਂ ਸੰਨੀ ਦਿਓਲ ਨੂੰ ਟਿਕਟ ਦਿਤੀ ਗਈ ਹੈ ਜੋ ਸਨੀਲ ਜਾਖੜ ਲਈ ਕਿਤੇ ਨਾ ਕਿਤੇ ਮੁਸ਼ਕਿਲ ਪੈਦਾ ਕਰ ਸਕਦੇ ਹਨ। ਇਹੀ ਕਾਰਨ ਹੈ ਕਿ ਪ੍ਰਿਯੰਕਾ ਨੂੰ ਪ੍ਰਚਾਰ ਲਈ ਮੈਦਾਨ ਵਿਚ ਉਤਾਰਿਆ ਜਾਵੇਗਾ। ਪਟਿਆਲਾ ਲਈ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਕਾਂਗਰਸ ਦਾ ਕੋਈ ਰਾਸ਼ਟਰੀ ਨੇਤਾ ਇੱਥੋਂ ਚੋਣ ਪ੍ਰਚਾਰ ਲਈ ਉਤਰੇਗਾ।

ਮਿਲੀ ਜਾਣਕਾਰੀ ਮੁਤਾਬਕ, ਲੋਕ ਸਭਾ ਸੀਟ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਮਨੀਸ਼ ਤਿਵਾੜੀ ਵੀ ਪ੍ਰਿਯੰਕਾ ਤੋਂ ਰੋਡ ਸ਼ੋਅ ਕਰਵਾਉਣਾ ਚਾਹੁੰਦੇ ਹਨ ਪਰ ਇਸ ਬਾਰੇ ਪ੍ਰਿਯੰਕਾ ਦੇ ਦਫ਼ਤਰ ਵਲੋਂ ਕੁਝ ਵੀ ਫ਼ਾਈਨਲ ਨਹੀਂ ਕੀਤਾ ਗਿਆ ਹੈ।