ਸਾਬਕਾ ਕਾਂਗਰਸੀ ਮੰਤਰੀ ਦਾ ਦਾਅਵਾ, ਯੂਪੀਏ ਸਰਕਾਰ ਵੇਲੇ ਵੀ ਹੋਈਆਂ ਸਨ 6 ਸਰਜੀਕਲ ਸਟ੍ਰਾਈਕ
ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੇ ਸਮੇਂ ਵੀ ਸਰਜੀਕਲ ਸਟ੍ਰਾਈਕ ਹੋਈ ਸੀ।
ਨਵੀਂ ਦਿੱਲੀ: ਪੀਐਮ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਲੋਂ ਭਾਵੇਂ ਪਿਛਲੇ ਕਾਫ਼ੀ ਸਮੇਂ ਤੋਂ ਸਰਜੀਕਲ ਸਟ੍ਰਾਈਕ ਦਾ ਢਿੰਡੋਰਾ ਪਿੱਟ ਕੇ ਕਥਿਤ ਤੌਰ 'ਤੇ ਸਿਆਸਤ ਖੇਡੀ ਜਾ ਰਹੀ ਹੈ। ਪਰ ਹੈਰਾਨੀਜਨਕ ਗੱਲ ਇਹ ਕਿ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੇ ਸਮੇਂ ਵੀ ਸਰਜੀਕਲ ਸਟ੍ਰਾਈਕ ਹੋਈ ਸੀ। ਯੂਪੀਏ ਸਰਕਾਰ ਵੇਲੇ 6 ਸਰਜੀਕਲ ਸਟ੍ਰਾਈਕ ਹੋਈਆਂ ਸਨ ਪਰ ਕਾਂਗਰਸ ਨੇ ਭਾਜਪਾ ਵਾਂਗ ਇਸ ਦਾ ਕਦੇ ਢਿੰਡੋਰਾ ਨਹੀਂ ਪਿੱਟਿਆ।
ਇਹ ਦਾਅਵਾ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਰਾਜੀਵ ਸ਼ੁਕਲਾ ਵਲੋਂ ਕੀਤਾ ਗਿਆ ਹੈ। ਰਾਜੀਵ ਸ਼ੁਕਲਾ ਦਾ ਕਹਿਣਾ ਹੈ ਕਿ ਅਸੀਂ ਕਦੇ ਛਾਤੀ ਨਹੀਂ ਪਿੱਟੀ ਪਰ ਜਿਸ ਵਿਅਕਤੀ ਨੇ ਸਿਰਫ਼ ਇਕ ਸਰਜੀਕਲ ਸਟ੍ਰਾਈਕ ਕੀਤੀ, ਉਹ ਅਪਣੀ ਪਿੱਠ ਥਾਪੜ ਰਿਹਾ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਅਟਲ ਬਿਹਾਰੀ ਵਾਜਪਾਈ ਨੇ ਸਰਜੀਕਲ ਸਟ੍ਰਾਈਕ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ ਅਤੇ ਨਾ ਹੀ ਡਾ. ਮਨਮੋਹਨ ਸਿੰਘ ਨੇ ਅਜਿਹਾ ਕੀਤਾ।
ਕਾਂਗਰਸੀ ਨੇਤਾ ਨੇ ਸਰਜੀਕਲ ਸਟ੍ਰਾਈਕ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਯੂਪੀਏ ਸਰਕਾਰ ਦੌਰਾਨ ਪਹਿਲੀ ਸਰਜੀਕਲ ਸਟ੍ਰਾਈਕ ਨੂੰ 19 ਜੂਨ 2008 ਨੂੰ ਜੰਮੂ ਕਸ਼ਮੀਰ ਦੇ ਪੁੰਛ ਸਥਿਤ ਭੱਟਲ ਸੈਕਟਰ ਵਿਚ ਅੰਜ਼ਾਮ ਦਿਤਾ ਗਿਆ ਸੀ। ਅਤਿਵਾਦੀਆਂ ਨੂੰ ਮੂੰਹਤੋੜ ਜਵਾਬ ਦੇਣ ਲਈ ਦੂਜੀ ਸਰਜੀਕਲ ਸਟ੍ਰਾਈਕ 30 ਅਗਸਤ ਤੋਂ 1 ਸਤੰਬਰ 2011 ਤਕ ਕੇਲ ਵਿਚ ਨੀਲਮ ਰਿਵਰ ਵੈਲੀ ਕੋਲ ਸ਼ਾਰਦਾ ਸੈਕਟਰ ਵਿਚ ਕੀਤੀ ਗਈ।
ਤੀਜੀ ਸਰਜੀਕਲ ਸਟ੍ਰਾਈਕ 6 ਜਨਵਰੀ 2013 ਨੂੰ ਸਾਵਨ ਪੱਤਰਾ ਚੈਕਪੋਸਟ 'ਤੇ ਕੀਤੀ ਗਈ। ਚੌਥੀ ਸਰਜੀਕਲ ਸਟ੍ਰਾਈਕ 27-28 ਜੁਲਾਈ 2013 ਨੂੰ ਨਜ਼ੀਰਪੀਰ ਸੈਕਟਰ ਵਿਚ ਕੀਤੀ ਗਈ। ਪੰਜਵੀਂ ਸਰਜੀਕਲ ਸਟ੍ਰਾਈਕ 6 ਅਗਸਤ 2013 ਵਿਚ ਨੀਲਮ ਵੈਲੀ 'ਤੇ ਅਤੇ ਛੇਵੀਂ ਸਰਜੀਕਲ ਸਟ੍ਰਾਈਕ 14 ਜਨਵਰੀ 2014 ਨੂੰ ਕੀਤੀ ਗਈ ਸੀ। ਕਾਂਗਰਸੀ ਨੇਤਾ ਸ਼ੁਕਲਾ ਮੁਤਾਬਕ ਦੋ ਸਰਜੀਕਲ ਸਟ੍ਰਾਈਕ ਵਾਜਪਾਈ ਸਰਕਾਰ ਦੌਰਾਨ ਵੀ ਕੀਤੀਆਂ ਗਈਆਂ ਸਨ। ਪਹਿਲੀ ਸਰਜੀਕਲ ਸਟ੍ਰਾਈਕ 21 ਜਨਵਰੀ 2000 ਵਿਚ ਨਾਡਲਾ ਇਨਕਲੇਵ ਅਤੇ ਦੂਜੀ 18 ਸਤੰਬਰ 2003 ਨੂੰ ਪੁੰਛ ਸੈਕਟਰ ਵਿਚ ਕੀਤੀ ਗਈ ਸੀ।
ਦੱਸ ਦਈਏ ਕਿ ਮੌਜੂਦਾ ਭਾਜਪਾ ਸਰਕਾਰ ਦੌਰਾਨ ਵੀ ਦੋ ਸਰਜੀਕਲ ਸਟ੍ਰਾਈਕ ਕੀਤੀਆਂ ਗਈਆਂ ਜਿਨ੍ਹਾਂ ਵਿਚ ਇਕ ਉੜੀ ਹਮਲੇ ਦੇ ਵਿਰੋਧ ਵਿਚ ਕੀਤੀ ਗਈ ਸੀ ਅਤੇ ਦੂਜੀ ਪੁਲਵਾਮਾ ਅਤਿਵਾਦੀ ਹਮਲੇ ਦਾ ਬਦਲਾ ਲੈਣ ਲਈ ਕੀਤੀ ਗਈ। ਬਾਲਾਕੋਟ ਵਿਚ ਇਨ੍ਹਾਂ ਸਰਜੀਕਲ ਸਟ੍ਰਾਈਕ ਨੂੰ ਲੈ ਕੇ ਭਾਜਪਾ ਦਾ ਹਰ ਨੇਤਾ ਇੰਝ ਬਿਆਨ ਕਰ ਰਿਹਾ ਹੈ ਜਿਵੇਂ ਇਹ ਮਾਅਰਕਾ ਸਿਰਫ਼ ਉਨ੍ਹਾਂ ਦੀ ਹੀ ਸਰਕਾਰ ਨੇ ਮਾਰਿਆ ਹੋਵੇ ਜਦਕਿ ਯੂਪੀਏ ਸਰਕਾਰ ਵਲੋਂ 6 ਸਰਜੀਕਲ ਕੀਤੇ ਜਾਣ ਮਗਰੋਂ ਵੀ ਕਦੇ ਇਸ ਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਗਈ।