ਏ.ਐੱਸ.ਆਈ ਨੇ ਗੋਲੀਆਂ ਮਾਰ ਕੇ ਕੀਤਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦਾ ਕਤਲ
ਬੀਤੀ ਦੇਰ ਰਾਤ ਕਪੂਰਥਲਾ ਦੇ ਪਿੰਡ ਲੱਖਣਕੇ ਪੱਡਾ ਵਿਖੇ ਇਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ...........
ਕਪੂਰਥਲਾ: ਬੀਤੀ ਦੇਰ ਰਾਤ ਕਪੂਰਥਲਾ ਦੇ ਪਿੰਡ ਲੱਖਣਕੇ ਪੱਡਾ ਵਿਖੇ ਇਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਰਵਿੰਦਰਜੀਤ ਪਹਿਲਵਾਨ ਦਾ ਇੱਕ ਪੁਲਿਸ ਮੁਲਾਜ਼ਮ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਇਸ ਦੌਰਾਨ ਕਬੱਡੀ ਖਿਡਾਰੀ ਦਾ ਸਾਥੀ ਵੀ ਜ਼ਖਮੀ ਹੋ ਗਿਆ।
ਕਬੱਡੀ ਖਿਡਾਰੀ ਦੇ ਜ਼ਖਮੀ ਹੋਏ ਸਾਥੀ ਪ੍ਰਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਬੀਤੀ ਸ਼ਾਮ ਕਰੀਬ ਸਾਢੇ ਨੌਂ ਵਜੇ ਤੋਂ ਬਾਅਦ ਉਹ ਤੇ ਉਸ ਦੇ ਸਾਥੀ ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ ਅਤੇ ਹੋਰ ਦੋਸਤ ਗੱਡੀ 'ਚ ਜਾ ਰਹੇ ਸਨ।
ਰਸਤੇ ਵਿਚ ਉਨ੍ਹਾਂ ਦਾ ਕਿਸੇ ਮਾਮੂਲੀ ਗੱਲੋਂ ਪਰਮਜੀਤ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਬਾਮੂਵਾਲ ਨਾਲ ਤਕਰਾਰ ਹੋ ਗਿਆ। ਉਕਤ ਵਿਅਕਤੀ ਪੁਲਿਸ ਮੁਲਾਜ਼ਮ ਏਐੱਸਆਈ ਸੀ ਅਤੇ ਉਸਨੇ ਅਰਵਿੰਦਰਜੀਤ ਸਿੰਘ ਤੇ ਉਸ ਦੇ ਸਾਥੀ ਉੱਪਰ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਜਿਸ ਕਾਰਨ ਅਰਵਿੰਦਰਜੀਤ ਸਿੰਘ ਦੀ ਮੌਤ ਹੋ ਗਈ ਅਤੇ ਸਾਥੀ ਪ੍ਰਦੀਪ ਸਿੰਘ ਜ਼ਖਮੀ ਹੋ ਗਿਆ। ਥਾਣਾ ਸੁਭਾਨਪੁਰ ਪੁਲਿਸ ਨੇ ਜ਼ਖਮੀ ਵਿਅਕਤੀ ਦੇ ਬਿਆਨਾਂ ਤਹਿਤ ਏ.ਐੱਸ.ਆਈ ਪਰਮਜੀਤ ਸਿੰਘ ਅਤੇ ਉਸ ਦੇ ਸਾਥੀ ਮੰਗੂ ਵਿਰੁੱਧ ਕਤਲ ਕੇਸ ਦਰਜ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਥਾਣਾ ਢਿੱਲਵਾਂ 'ਚ ਏਐੱਸਆਈ ਦੇ ਪਦ ਵਜੋਂ ਤੈਨਾਤ ਸੀ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਖਿਡਾਰੀ ਦੀ ਦੁਖਦਾਈ ਮੌਤ ਤੋਂ ਬਾਅਦ ਇਲਾਕੇ ਵਿਚ ਚੁੱਪ ਪਸਰੀ ਹੋਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।