ਮੁੱਖ ਮੰਤਰੀ ਨੇ ਕੋਵਿਡ ਸੰਕਟ ਨਾਲ ਨਜਿੱਠਣ ਲਈ ਰਾਧਾ ਸੁਆਮੀ ਸਤਿਸੰਗ ਬਿਆਸ ਦਾ ਸਹਿਯੋਗ ਮੰਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਿਪਟੀ ਕਮਿਸ਼ਨਰਾਂ ਨੂੰ ਸੂਬਾ ਭਰ ਵਿਚ ਸਤਿਸੰਗ ਬਿਆਸ ਦੀਆਂ ਸ਼ਾਖਾਵਾਂ ਦੇ ਅਧਿਕਾਰਤ ਨੁਮਾਇੰਦਿਆਂ ਨਾਲ ਤਾਲਮੇਲ ਕਰਨ ਦੇ ਆਦੇਸ਼

Punjab CM seeks support from Radha Soami Satsang Beas to combat Covid crisis

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਕੋਵਿਡ ਵਿਰੁੱਧ ਲੜਾਈ ‘ਚ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸਹਿਯੋਗ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਵੀ ਇਸ ਸਬੰਧ ਵਿਚ ਸਤਿਸੰਗ ਦੀਆਂ ਵੱਖ-ਵੱਖ ਸ਼ਾਖਾਵਾਂ ਵਿਚ ਅਧਿਕਾਰਤ ਨੁਮਾਇੰਦਿਆਂ ਨਾਲ ਨੇੜਿਓਂ ਤਾਲਮੇਲ ਕਰਨ ਦੇ ਆਦੇਸ਼ ਦਿੱਤੇ ਹਨ।

ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਲਿਖੇ ਪੱਤਰ ਵਿਚ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕੋਵਿਡ ਮਰੀਜਾਂ ਦੇ ਇਲਾਜ ਲਈ ਸਾਰੀਆਂ ਸ਼ਾਖਾਵਾਂ ਉਪਲਬਧ ਕਰਵਾਉਣ ਅਤੇ ਇਸ ਉਦੇਸ਼ ਲਈ ਅਟੈਡੈਂਟ ਤਾਇਨਾਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸਤਿਸੰਗ ਦੇ ਮੁਖੀ ਨੂੰ ਸੂਬਾ ਭਰ ਵਿਚ ਕੋਵਿਡ ਪ੍ਰਭਾਵਿਤ ਲੋਕਾਂ ਲਈ ਦਵਾਈਆਂ ਅਤੇ ਹੋਰ ਰਾਹਤ ਸਮੱਗਰੀ ਦੇ ਰੂਪ ਵਿਚ ਸਹਾਇਤਾ ਦੇਣ ਦੀ ਵੀ ਬੇਨਤੀ ਕੀਤੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਕਿ ਸੂਬਾ ਸਰਕਾਰ ‘ਮਿਸ਼ਨ ਫਤਹਿ’ ਦੇ ਤਹਿਤ ਕੋਵਿਡ ਮਰੀਜਾਂ ਦੇ ਬਿਹਤਰ ਇਲਾਜ ਨੂੰ ਯਕੀਨੀ ਬਣਾਉਣ ਲਈ ਠੋਸ ਉਪਰਾਲੇ ਕਰ ਰਹੀ ਹੈ ਪਰ ਲਗਾਤਾਰ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਧਾਰਮਿਕ ਸੰਸਥਾਵਾਂ, ਗੈਰ-ਸਰਕਾਰੀ ਸੰਸਥਾਵਾਂ ਅਤੇ ਹੋਰ ਅਜਿਹੀਆਂ ਜਥੇਬੰਦੀਆਂ ਦੇ ਵਿਆਪਕ ਸਹਿਯੋਗ ਦੀ ਲੋੜ ਹੈ।

ਮੁੱਖ ਮੰਤਰੀ ਨੇ ਬੀਤੇ ਸਾਲ ਸੂਬੇ ਦੀ ਕੋਵਿਡ ਵਿਰੁੱਧ ਜੰਗ ਵਿਚ ਰਾਧਾ ਸੁਆਮੀ ਸਤਿਸੰਗ ਬਿਆਸ ਦੀਆਂ ਸ਼ਾਨਦਾਰ ਸੇਵਾਵਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਇਸ ਨਾਲ ਹਾਲਾਤ ਨੂੰ ਸਥਿਰ ਬਣਾਉਣ ਵਿਚ ਮਦਦ ਮਿਲੀ ਸੀ। ਉਨ੍ਹਾਂ ਕਿਹਾ ਕਿ ਇਸ ਸਾਲ ਮਹਾਂਮਾਰੀ ਹੋਰ ਵੀ ਘਾਤਕ ਅਤੇ ਜਾਨ ਲਈ ਖ਼ਤਰਾ ਬਣੀ ਹੋਈ ਹੈ ਜਿਸ ਕਰਕੇ ਇਸ ਨਾਲ ਨਿਪਟਣ ਲਈ ਸਤਿਸੰਗ ਦੀ ਸਹਾਇਤਾ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਾਹਿਰਾਂ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਅਗਲੀ ਲਹਿਰ ਹੋਰ ਵੀ ਖਤਰਨਾਕ ਹੋਵੇਗੀ ਜਿਸ ਕਰਕੇ ਸਾਰਿਆਂ ਦੇ ਸਾਂਝੇ ਯਤਨਾਂ ਦੀ ਜ਼ਰੂਰਤ ਹੈ ਤਾਂ ਕਿ ‘ਮਿਸ਼ਨ ਫਤਹਿ’ ਦੀ ਸਫਲਤਾ ਨੂੰ ਯਕੀਨੀ ਬਣਾਇਆ ਜਾ ਸਕੇ।