ਹੁਣ ਵਾਹਨਾਂ ਪਿਛੇ ਲਿਖੇ ਮਿਲਣਗੇ 'ਸੋਸ਼ਲ ਡਿਸਟੈਂਸਿੰਗ' ਲਈ ਪ੍ਰੇਰਿਤ ਕਰਦੇ ਸਲੋਗਨ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਨੇ ਸੂਬਾ ਸਰਕਾਰਾਂ ਤੋਂ ਮੰਗੇ ਸੁਝਾਅ

slogans

ਚੰਡੀਗੜ੍ਹ : ਕਰੋਨਾ ਵਾਇਰਸ ਤੋਂ ਪਹਿਲਾਂ ਅਤੇ ਬਾਅਦ ਦੀ ਦੁਨੀਆਂ ਵਿਚ ਵੱਡਾ ਫ਼ਰਕ ਵੇਖਣ ਨੂੰ ਮਿਲ ਰਿਹਾ ਹੈ। ਕਰੋਨਾ ਵਾਇਰਸ ਨੇ ਲੋਕਾਂ ਦੀ ਹੱਥ ਮਿਲਾਉਣ ਦੀ ਪਰੰਪਰਾ ਨੂੰ ਦੂਰੋਂ ਹੀ ਫਤਿਹ ਬੁਲਾਉਣ ਦੀ ਰਵਾਇਤ 'ਚ ਤਬਦੀਲ ਕਰ ਦਿਤਾ ਹੈ। ਹੁਣ ਜਦੋਂ ਵੀ ਕੋਈ ਕਿਸੇ ਨੂੰ ਮਿਲਦਾ ਹੈ ਤਾਂ ਦੂਰੋਂ ਹੀ ਮੁਸਕਰਾ ਕੇ ਜਾਂ ਹੈਲੋ ਹਾਏ ਕਰ ਕੇ ਅੱਗੇ ਲੰਘ ਜਾਂਦਾ ਹੈ।

ਇਸ ਦੇ ਬਾਵਜੂਦ ਕਰੋਨਾ ਦੇ ਕੇਸਾਂ 'ਚ ਆਏ ਦਿਨ ਹੋ ਰਿਹਾ ਵਾਧਾ ਲੋਕਾਂ ਨੇ ਨਾਲ-ਨਾਲ ਸਰਕਾਰ ਨੂੰ ਵੀ ਚਿੰਤਾ 'ਚ ਪਾ ਰਿਹਾ ਹੈ। ਸਰਕਾਰ ਨੇ ਹੁਣ ਲੋਕਾਂ ਨੂੰ ਸਰੀਰਕ ਦੂਰੀ ਬਣਾਈ ਰੱਖਣ ਲਈ ਜਾਗਰੂਕ ਕਰਨ ਦੇ ਮਕਸਦ ਨਾਲ ਕਦਮ ਚੁੱਕਣੇ ਸ਼ੁਰੂ ਕਰ ਦਿਤੇ ਹਨ। ਇਸੇ ਤਹਿਤ ਆਉਂਦੇ ਦਿਨਾਂ ਵਿਚ ਹੋਰ ਵੀ ਕਈ ਬਦਲਾਅ ਵੇਖਣ ਨੂੰ ਮਿਲਣ ਵਾਲੇ ਨੇ।

ਆਉਂਦੇ ਸਮੇਂ ਵਾਹਨਾਂ ਦੇ ਪਿੱਛੇ ਲਿਖੇ ਜਾਣ ਵਾਲੇ ਸਲੋਗਨ ਵੀ ਬਦਲਣ ਜਾ ਰਹੇ ਹਨ। ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੇਂਦਰ ਸਰਕਾਰ ਨੇ ਤਿਆਰੀ ਖਿੱਚ ਲਈ ਹੈ। ਸਰਕਾਰ ਦਾ ਮੰਨਣਾ ਹੈ ਕਿ ਕੋਵਿਡ-19 ਵਰਗੀ ਮਾਹਮਾਰੀ ਤੋਂ ਬਚਾਅ ਕੇਵਲ ਲੋਕਾਂ ਅੰਦਰ ਸੋਸ਼ਲ ਡਿਸਟੈਂਸਿੰਗ ਅਤੇ ਜਾਗਰੂਕਤਾ ਨਾਲ ਹੀ ਸੰਭਵ ਹੈ। ਸਰਕਾਰ ਸਾਰੇ ਛੋਟੇ-ਵੱਡੇ ਵਾਹਨਾਂ ਦੇ ਪਿਛੇ ਕਰੋਨਾ ਵਾਇਰਸ ਤੋਂ ਬਚਣ ਲਈ ਪ੍ਰੇਰਿਤ ਕਰਦੇ ਦਿਲਚਸਪ ਸਲੋਗਣ ਲਿਖਵਾਉਣ ਦਾ ਖਾਕਾ ਤਿਆਰ ਕਰ ਰਹੀ ਹੈ।

ਇਸ ਮਕਸਦ ਲਈ ਸਰਕਾਰ ਨੇ ਸੂਬਾ ਸਰਕਾਰਾਂ ਤੋਂ ਵੀ ਸੁਝਾਅ ਮੰਗ ਲਏ ਹਨ। ਇਸ 'ਤੇ ਸਹਿਮਤੀ ਬਣਨ ਤੋਂ ਬਾਅਦ ਸੂਬਾ ਸਰਕਾਰਾਂ ਅਪਣੀਆਂ ਅਪਣੀਆਂ ਭਾਸ਼ਾਵਾਂ ਵਿਚ ਸੌਖੇ ਤਰੀਕੇ ਨਾਲ ਸਲੋਗਨ ਲਿਖਵਾ ਸਕਣਗੀਆਂ। ਸਰਕਾਰ ਨੇ ਲੋਕਾਂ ਨੂੰ ਮੁਕੰਮਲ ਤਾਲਾਬੰਦੀ ਜ਼ਰੀਏ ਘਰਾਂ ਅੰਦਰ ਰੱਖਣ ਦੀ ਕੋਸ਼ਿਸ਼ ਕੀਤੀ ਜਿਸ ਦੇ ਕਈ ਦੁਰਗਾਮੀ ਪ੍ਰਭਾਵ ਸਾਹਮਣੇ ਆ ਰਹੇ ਹਨ। ਸਰਕਾਰ ਵਲੋਂ ਲਾਕਡਾਊਨ 'ਚ ਦਿਤੀ ਛੋਟ ਤੋਂ ਬਾਅਦ ਲੋਕ ਭੀੜ-ਭੜੱਕੇ 'ਚ ਵਿਚਰਣ ਲੱਗ ਪਏ ਹਨ। ਚੌਕ ਚੁਰਾਹਿਆਂ ਵਿਚ ਭੀੜ ਆਮ ਹੀ ਵੇਖਣ ਨੂੰ ਮਿਲ ਰਹੀ ਹੈ ਜਿਸ ਤੋਂ ਸਰਕਾਰ ਚਿੰਤਤ ਹੈ।

ਸਰਕਾਰ ਹੁਣ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਲਈ ਪ੍ਰੇਰਿਤ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਉਪਾਅ ਤਲਾਸ਼ ਰਹੀ ਹੈ ਜਿਸ 'ਚ ਵਾਹਨਾਂ ਪਿਛੇ ਸੋਸ਼ਲ ਡਿਸਟੈਂਸਿੰਗ ਲਈ ਪ੍ਰੇਰਿਤ ਕਰਦੇ ਸਲੋਗਨ ਲਿਖਵਾਉਣਾ ਵੀ ਸ਼ਾਮਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰ.ਟੀ.ਏ. ਸੈਕਟਰੀ ਬਰਜਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਕਈ ਮਹੱਤਵਪੂਰਨ ਸੁਝਾਅ ਸਾਹਮਣੇ ਆ ਰਹੇ ਹਨ ਜਿਨ੍ਹਾਂ 'ਤੇ ਅਮਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।