ਸੰਗਤਾਂ ਲਈ ਖੁੱਲ੍ਹੇ ਗੁਰੂਘਰਾਂ ਦੇ ਦਰਵਾਜ਼ੇ, ਸੰਗਤਾਂ ਨੇ ਸਰਕਾਰ ਦਾ ਕੀਤਾ ਧੰਨਵਾਦ
ਉੱਥੋਂ ਦੇ ਪ੍ਰਬੰਧਕ ਨੇ ਦਸਿਆ ਕਿ ਗੁਰਦੁਆਰਿਆਂ ਵਿਚ ਸੈਨੇਟਾਈਜ਼ਰ ਦਾ...
ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਗਰਨਾ ਸਾਹਿਬ ਵਿਚ ਵੱਖ-ਵੱਖ ਇਲਾਕਿਆਂ ਤੋਂ ਸੰਗਤਾਂ ਦਰਸ਼ਨ ਦਿਦਾਰੇ ਕਰਨ ਲਈ ਪਹੁੰਚ ਰਹੀਆਂ ਹਨ। ਉੱਥੇ ਹੀ ਗੁਰਦੁਆਰੇ ਦੇ ਪ੍ਰਬੰਧਕਾਂ ਤੇ ਸੰਗਤਾਂ ਨੇ ਸਰਕਾਰ ਵੱਲੋਂ ਧਾਰਮਿਕ ਅਸਥਾਨ ਖੋਲ੍ਹਣ ਤੇ ਫੈਸਲੇਂ ਲਈ ਧੰਨਵਾਦ ਕੀਤਾ ਹੈ।
ਉੱਥੋਂ ਦੇ ਪ੍ਰਬੰਧਕ ਨੇ ਦਸਿਆ ਕਿ ਗੁਰਦੁਆਰਿਆਂ ਵਿਚ ਸੈਨੇਟਾਈਜ਼ਰ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਤੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਉਹ ਆਪਸੀ ਦੂਰੀ ਦਾ ਵੀ ਧਿਆਨ ਰੱਖਣ। ਦਰਬਾਰ ਸਾਹਿਬ ਵਿਚ ਜਿੱਥੇ ਵੀ ਸੰਗਤਾਂ ਇਕੱਠੀਆਂ ਹੁੰਦੀਆਂ ਹਨ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਤਰ੍ਹਾਂ ਇਕੱਠੇ ਨਾ ਬੈਠਣ ਤੇ ਦੂਰੀ ਦਾ ਖਾਸ ਧਿਆਨ ਰੱਖਣ।
ਇਸ ਤਰ੍ਹਾਂ ਲੰਗਰ ਸਬੰਧੀ ਵੀ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ ਤੇ ਸੰਗਤਾਂ ਦੂਰ ਦੂਰ ਰਹਿ ਕੇ ਲੰਗਰ ਤਿਆਰ ਕਰ ਰਹੀਆਂ ਹਨ। ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਧ ਤੋਂ ਵਧ ਸਟਾਫ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਜਾਗਰੂਕ ਰੱਖਿਆ ਜਾਵੇ ਤੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਸੰਗਤ ਵੱਡੀ ਗਿਣਤੀ ਵਿਚ ਗੁਰਦੁਆਰਿਆਂ ਵਿਚ ਪਹੁੰਚ ਰਹੀ ਹੈ। ਇਸ ਤੇ ਉਹਨਾਂ ਨੇ ਖੁਸ਼ੀ ਪ੍ਰਗਟ ਕੀਤੀ ਹੈ ਤੇ ਉਹਨਾਂ ਨੇ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ। ਉੱਥੇ ਹੀ ਸੰਗਤ ਦਾ ਕਹਿਣਾ ਹੈ ਸਰਕਾਰ ਨੇ ਲਾਕਡਾਊਨ ਲੋਕਾਂ ਦੀ ਭਲਾਈ ਲਈ ਹੀ ਕੀਤਾ ਸੀ ਤੇ ਹੁਣ ਗੁਰੂ ਧਾਮਾਂ ਨੂੰ ਖੋਲ੍ਹ ਕੇ ਬਹੁਤ ਵਧੀਆ ਕੀਤਾ ਹੈ।
ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਗਾਈਡਲਾਈਨਾਂ ਦਾ ਖਾਸ ਧਿਆਨ ਰੱਖਣ ਤੇ ਕੋਰੋਨਾ ਨੂੰ ਰੋਕਣ ਵਿਚ ਸਰਕਾਰ ਦੀ ਮਦਦ ਕਰਨ। ਉਹਨਾਂ ਨੇ ਖੁਸ਼ੀ ਪ੍ਰਗਟ ਕੀਤੀ ਹੈ ਕਿ ਉਹ ਗੁਰੂ ਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਦਸ ਦਈਏ ਕਿ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਾਰੇ ਗੁਰੂ ਧਾਮਾਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਸੀ।
ਸੰਗਤਾਂ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਸੀ ਕਿ ਗੁਰਦੁਆਰਿਆਂ ਤੇ ਹੋਰਨਾਂ ਧਾਰਮਿਕ ਸਥਾਨਾਂ ਨੂੰ ਖੋਲ੍ਹਿਆ ਜਾਵੇ। ਹੁਣ ਢਾਈ ਮਹੀਨਿਆਂ ਬਾਅਦ ਸਰਕਾਰ ਨੇ ਧਾਰਮਿਕ ਸਥਾਨ ਖੋਲ੍ਹਣ ਦੀ ਇਜ਼ਾਜਤ ਦੇ ਦਿੱਤੀ ਹੈ ਤੇ ਸੰਗਤਾਂ ਗਦ-ਗਦ ਹੋ ਕੇ ਗੁਰਦੁਆਰਿਆਂ ਵਿਚ ਨਤਮਸਤਕ ਹੋ ਰਹੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।