ਤੇਲ ਕੀਮਤਾਂ 'ਚ ਵਾਧੇ ਦਾ ਫ਼ੈਸਲਾ ਲੋਕ-ਵਿਰੋਧੀ : ਧਰਮਸੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਰਡੀਨੈਂਸ ਲਿਆ ਕਿ ਭਾਜਪਾ ਨੇ ਕਿਸਾਨਾਂ ਨਾਲ ਧਰੋਹ ਕਮਾਇਆ

Sadhu Singh Dharamsot

ਚੰਡੀਗੜ੍ਹ : ਕਰੋਨਾ ਵਾਇਰਸ ਮਾਹਮਾਰੀ ਕਾਰਨ ਜਿੱਥੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਕੇਂਦਰ ਸਰਕਾਰ ਤੇਲ ਕੀਮਤਾਂ 'ਚ ਵਾਧਾ ਕਰ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾਉਣ ਦਾ ਕੰਮ ਕਰ ਰਹੀ ਹੈ। ਕੌਮਾਂਤਰੀ ਮੰਡੀ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਗਿਰਾਵਟ ਦਾ ਲਾਭ ਵੀ ਕੇਂਦਰ ਸਰਕਾਰ ਅਪਣੀ ਜੇਬ ਵਿਚ ਪਾ ਚੁੱਕੀ ਹੈ।

ਹੁਣ ਜਦੋਂ ਤਾਲਾਬੰਦੀ ਦੇ ਝੰਬੇ ਲੋਕਾਂ ਨੂੰ ਅਪਣੀਆਂ ਰੋਜ਼ਮਰਾਂ ਦੀਆਂ ਜ਼ਰੂਰਤਾਂ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ ਤਾਂ ਤੇਲ ਕੀਮਤਾਂ 'ਚ ਆਏ ਦਿਨ ਹੋ ਰਿਹਾ ਵਾਧਾ ਲੋਕਾਂ ਦੇ ਬਰਦਾਸ਼ਤ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਜਿੱਥੇ ਲੋਕਾਂ ਅੰਦਰ ਰੋਸ ਦੀ ਲਹਿਰ ਹੈ ਉਥੇ ਵਿਰੋਧੀ ਧਿਰਾਂ ਨੇ ਵੀ ਸਰਕਾਰ ਨੂੰ ਕੋਸਣਾ ਸ਼ੁਰੂ ਕਰ ਦਿਤਾ ਹੈ। ਖ਼ਾਸ ਕਰ ਕੇ ਕਾਂਗਰਸ ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 60 ਪੈਸੇ ਪ੍ਰਤੀ ਲੀਟਰ ਦੇ ਵਾਧੇ ਨੂੰ ਲੋਕ ਵਿਰੋਧੀ ਦਸਦਿਆਂ ਤੁਰਤ ਵਾਪਸ ਲੈਣ ਦੀ ਮੰਗ ਕੀਤੀ ਹੈ।

ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੋਸ਼ ਲਾਇਆ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਤਿੰਨ ਮਹੀਨਿਆਂ ਤੋਂ ਕਰੋਨਾ ਦੀ ਮਾਰ ਝੱਲ ਰਹੇ ਦੇਸ਼ ਦੇ ਲੋਕਾਂ ਤੇ ਤੇਲ ਕੀਮਤਾਂ 'ਚ ਵਾਧਾ ਕਰ ਕੇ ਦੋਹਰੀ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਕੰਮਾਕਾਰਾਂ ਤੋਂ ਵਾਂਝੇ ਤੇ ਆਰਥਿਕਤਾ ਨਾਲ ਝੂਜ ਰਹੇ ਦੇਸ਼ ਦੇ ਲੋਕਾਂ 'ਤੇ ਤੇਲ ਮੁੱਲ 'ਚ ਹੋਏ ਵਾਧੇ ਨਾਲ ਹੋਰ ਆਰਥਿਕ ਬੋਝ ਪਵੇਗਾ। ਇਸ ਤਰ੍ਹਾਂ ਕਰ ਕੇ ਕਿ ਮੋਦੀ ਸਰਕਾਰ ਨੇ ਕਰੋਨਾ ਮਾਹਾਂਮਾਰੀ ਦੋਰਾਨ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਦੇਸ਼ ਦੇ ਲੋਕਾਂ ਨਾਲ ਬੇਇਨਸਾਫ਼ੀ ਕੀਤੀ ਹੈ।

ਭਾਜਪਾ ਆਗੂ ਤਰੁਣ ਚੁੱਘ ਵਲੋਂ ਐਮਐਸਪੀ ਨੂੰ ਲੈ ਕਿ ਮੋਦੀ ਸਰਕਾਰ ਦੀ ਪਿੱਠ ਥਾਪੜਣ 'ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਭਾਜਪਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਥਾਂ ਐਕਟ ਬਣਾ ਕੇ ਕਿਸਾਨਾਂ ਨਾਲ ਧਰੋਹ ਕਮਾ ਰਹੀ ਹੈ, ਜਿਸ ਦਾ ਕਾਂਗਰਸ ਡਟ ਕਿ ਵਿਰੋਧ ਕਰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।