ਪੰਜਾਬ 'ਚ ਸਵਾ ਲੱਖ ਵਿਦਿਆਰਥੀਆਂ ਨੇ ਛੱਡੇ ਪ੍ਰਾਈਵੇਟ ਸਕੂਲ

ਏਜੰਸੀ

ਖ਼ਬਰਾਂ, ਪੰਜਾਬ

ਸਿੱਖਿਆ ਵਿਭਾਗ ਦੇ ਰਿਕਾਰਡ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਨਵੇਂ ਦਾਖਲਿਆਂ ਵਿਚ 10.38 ਫੀਸਦ ਦਾ ਵਾਧਾ ਹੋਇਆ ਹੈ

Students

ਚੰਡੀਗੜ੍ਹ- ਸਿੱਖਿਆ ਵਿਭਾਗ ਦੇ ਰਿਕਾਰਡ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਨਵੇਂ ਦਾਖਲਿਆਂ ਵਿਚ 10.38 ਫੀਸਦ ਦਾ ਵਾਧਾ ਹੋਇਆ ਹੈ। ਪਿਛਲੇ ਸੈਸ਼ਨ ‘ਚ ਵਿਦਿਆਰਥੀਆਂ ਦੀ ਗਿਣਤੀ 23 ਲੱਖ 52 ਹਜ਼ਾਰ 112 ਸੀ, ਜੋ ਇਸ ਸਾਲ ਵਧ ਕੇ 25 ਲੱਖ 96 ਹਜ਼ਾਰ 281 ਹੋ ਗਈ ਹੈ।

ਅਕਸਰ ਇਹ ਮੰਨਿਆ ਜਾਂਦਾ ਹੈ ਕਿ ਪੰਜਾਬ 'ਚ ਬੱਚਿਆਂ ਦੇ ਮਾਤਾ-ਪਿਤਾ ਵੱਲੋਂ ਸਰਕਾਰੀ ਸਕੂਲਾਂ ਦੀ ਥਾਂ ਪ੍ਰਾਈਵੇਟ ਸਕੂਲਾਂ ਨੂੰ ਜ਼ਿਆਦਾ ਤਵੱਜੋਂ ਦਿੱਤੀ ਜਾਂਦੀ ਹੈ। ਇਸ ਦਾ ਇਕ ਕਾਰਨ ਬੱਚਿਆਂ ਦਾ ਚੰਗਾ ਭਵਿੱਖ ਹੈ ਪਰ ਇਸ ਵਾਰ ਅੰਕੜੇ ਕੁਝ ਹੋਰ ਹੀ ਦਾਅਵਾ ਕਰ ਰਹੇ ਹਨ।

ਇਨ੍ਹਾਂ ਵਿਚੋਂ 1 ਲੱਖ 14 ਹਜ਼ਾਰ 773 ਵਿਦਿਆਰਥੀ ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਸਕੂਲਾਂ ਵਿਚ ਆਏ ਹਨ। ਪ੍ਰੀ-ਪ੍ਰਾਇਮਰੀ ਸਕੂਲਾਂ ‘ਚ 34.30 ਦੀ ਦਰ ਨਾਲ ਸਭ ਤੋਂ ਵੱਧ ਦਾਖਲਾ ਹੋਇਆ ਹੈ। 22.14% ਦਾਖਲਾ ਲੈ ਕੇ ਮੁਹਾਲੀ ਪਹਿਲੇ, ਫਤਿਹਗੜ੍ਹ ਸਾਹਿਬ 15.78% ਦੇ ਨਾਲ ਦੂਜੇ ਤੇ ਲੁਧਿਆਣਾ 15.28% ਦੇ ਨਾਲ ਤੀਜੇ ਸਥਾਨ 'ਤੇ ਰਿਹਾ।

ਜੇ ਵੇਖਿਆ ਜਾਵੇ ਤਾਂ ਹੁਣ ਵਿਭਾਗ ਦੀ ਜ਼ਿੰਮੇਵਾਰੀ ਵੱਧ ਗਈ ਹੈ ਕਿਉਂਕਿ ਪੰਜਾਬ ਵਿਚ ਡਰਾਪ ਆਊਟ ਵੱਡੀ ਸਮੱਸਿਆ ਹੈ। ਸਕੂਲ ਖੁੱਲ੍ਹਣ ਤੋਂ ਬਾਅਦ ਵਿਭਾਗ ਨੂੰ ਇਹ ਯਕੀਨੀ ਕਰਨਾ ਪਏਗਾ ਕਿ ਬੱਚੇ ਕਿਸੇ ਕਾਰਨ ਕਰਕੇ ਆਪਣੀ ਪੜ੍ਹਾਈ ਤੋਂ ਨਾ ਖੁੰਝਣ। ਦੂਜੇ ਪਾਸੇ ਜੇ ਅਸੀਂ ਪ੍ਰਾਈਵੇਟ ਸਕੂਲਾਂ ਦੀ ਗੱਲ ਕਰੀਏ ਤਾਂ ਇਸ ਸਮੇਂ 34.5 ਲੱਖ ਵਿਦਿਆਰਥੀ ਪੜ੍ਹ ਰਹੇ ਹਨ।

ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਹੈ ਕਿ ਸਰਕਾਰੀ ਸਕੂਲਾਂ ਦਾ ਬੁਨਿਆਦੀ ਢਾਂਚਾ ਤੇ ਅਧਿਆਪਕਾਂ ਦਾ ਤਜ਼ਰਬਾ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਖੜ੍ਹਾ ਹੋਇਆ ਹੈ। ਉਨ੍ਹਾਂ ਕਿਹਾ ਮਿਹਨਤੀ ਅਧਿਆਪਕਾਂ ਨੂੰ ਅੱਗੇ ਵਧਣ ਦੇ ਮੌਕੇ ਮਿਲਣੇ ਸ਼ੁਰੂ ਹੋ ਗਏ ਹਨ।

ਤਾਲਾਬੰਦੀ ਦੌਰਾਨ ਸਕੂਲਾਂ ‘ਚ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ। ਅਧਿਆਪਕ ਘਰ ਬੈਠ ਕੇ ਵਿਦਿਆਰਥੀਆਂ ਨੂੰ ਆਨਲਾਈਨ ਸਿਖਾ ਰਹੇ ਹਨ। ਸਰਕਾਰ ਨੇ ਬੱਚਿਆਂ ਨੂੰ ਪੜ੍ਹਾਉਣ ਲਈ ਦੂਰਦਰਸ਼ਨ ਦੀ ਵਰਤੋਂ ਵੀ ਕੀਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।