ਖ਼ੂਨ ਦੇ ਰਿਸ਼ਤਿਆਂ ਵਿਚ ਜਾਇਦਾਦ ਤਬਦੀਲ ਕਰਨ ਵਾਲਿਆਂ ਨੂੰ ਸਾਲ 'ਚ ਬਚੇ 5000 ਕਰੋੜ : ਸਰਕਾਰੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵੱਲੋਂ ਖ਼ੂਨ ਦੇ ਰਿਸ਼ਤਿਆਂ ਵਿਚ ਜਾਇਦਾਦ ਤਬਦੀਲ ਕਰਨ ਵਾਲਿਆਂ ਨੂੰ ਦਿੱਤੀਆਂ ਛੋਟਾਂ ਕਾਰਨ ਲੋਕਾਂ ਨੂੰ ਇਕ ਸਾਲ ਦੌਰਾਨ 5000 ਕਰੋੜ ਰੁਪਏ..........

Sukhbinder Singh Sarkaria

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਖ਼ੂਨ ਦੇ ਰਿਸ਼ਤਿਆਂ ਵਿਚ ਜਾਇਦਾਦ ਤਬਦੀਲ ਕਰਨ ਵਾਲਿਆਂ ਨੂੰ ਦਿੱਤੀਆਂ ਛੋਟਾਂ ਕਾਰਨ ਲੋਕਾਂ ਨੂੰ ਇਕ ਸਾਲ ਦੌਰਾਨ 5000 ਕਰੋੜ ਰੁਪਏ ਦਾ ਫਾਇਦਾ ਹੋਇਆ ਹੈ। ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਪਿਛਲੇ ਇਕ ਸਾਲ ਵਿਚ ਪੰਜਾਬ 'ਚ ਡੇਢ ਲੱਖ ਤੋਂ ਵੀ ਜ਼ਿਆਦਾ ਰਜਿਸਟਰੀਆਂ ਖੂਨ ਦੇ ਰਿਸ਼ਤਿਆਂ ਵਿਚ ਤਬਦੀਲ ਕੀਤੀਆਂ ਗਈਆਂ ਹਨ ਜਿਸ ਸਦਕਾ ਲੋਕਾਂ ਨੂੰ ਸਟੈਂਪ ਡਿਊਟੀ, ਰਜਿਸਟਰੀ ਫੀਸ ਵਗੈਰਾ ਤੋਂ ਮਿਲੀ ਛੋਟ ਕਾਰਣ ਤਕਰੀਬਨ 5000 ਕਰੋੜ ਰੁਪਏ ਦਾ ਲਾਭ ਪੁੱਜਾ ਹੈ ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤ ਦਿੰਦੇ ਹੋਏ ਪਤੀ-ਪਤਨੀ, ਭੈਣ-ਭਰਾ, ਬੱਚੇ ਅਤੇ ਮਾਤਾ-ਪਿਤਾ, ਦਾਦਾ-ਦਾਦੀ ਅਤੇ ਪੋਤੇ-ਪੋਤੀਆਂ, ਨਾਨਾ-ਨਾਨੀ ਅਤੇ ਦੋਹਤੇ-ਦੋਹਤੀਆਂ ਦੇ ਆਪਸ ਵਿਚ ਜਾਇਦਾਦ ਤਬਦੀਲ ਕਰਨ 'ਤੇ ਕਿਸੇ ਪ੍ਰਕਾਰ ਦੀ ਕੋਈ ਸਟੈਂਪ ਡਿਊਟੀ/ਫੀਸ ਜਾਂ ਹੋਰ ਸੈੱਸ ਆਦਿ ਅਦਾ ਨਹੀਂ ਕਰਨੀ ਪੈਂਦੀ। ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2017-18 ਦੌਰਾਨ ਜਿਹੜੀਆਂ ਜਾਇਦਾਦਾਂ ਪਰਿਵਾਰਕ ਮੈਂਬਰਾਂ ਵੱਲੋਂ ਆਪਸ ਵਿਚ ਤਬਦੀਲ ਕੀਤੀਆਂ ਗਈਆਂ ਹਨ ਉਨ੍ਹਾਂ ਦੀ ਕੀਮਤ 36 ਹਜ਼ਾਰ ਕਰੋੜ ਰੁਪਏ ਤੋਂ ਵੀ ਉੱਪਰ ਬਣਦੀ ਹੈ।

ਜ਼ਿਲ੍ਹਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਹਾਲੀ, ਲੁਧਿਆਣਾ, ਬਠਿੰਡਾ, ਅੰਮ੍ਰਿਤਸਰ, ਰੋਪੜ ਅਤੇ ਪਟਿਆਲਾ ਵਿਚ ਕ੍ਰਮਵਾਰ 4907, 16001, 9813, 8841, 2779 ਅਤੇ 12685 ਰਜਿਸਟਰੀਆ ਖੂਨ ਦੇ ਰਿਸ਼ਤਿਆਂ ਵਿਚ ਤਬਦੀਲ ਹੋਈਆਂ ਹਨ ਜਦਕਿ ਬਾਕੀ ਜ਼ਿਲ੍ਹਿਆਂ ਸਮੇਤ ਇਹ ਗਿਣਤੀ 1.50 ਲੱਖ ਤੋਂ ਵੀ ਜ਼ਿਆਦਾ ਬਣਦੀ ਹੈ। ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਮਾਲ ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਪਰਿਵਾਰ ਵਿਚ (ਖੂਨ ਦੇ ਰਿਸ਼ਤਿਆਂ 'ਚ) ਜਾਇਦਾਦ ਤਬਦੀਲ ਕਰਨ 'ਤੇ ਕੋਈ ਅਸ਼ਟਾਮ ਫੀਸ ਜਾਂ ਸੈੱਸ ਅਦਾ ਨਹੀਂ ਕਰਨਾ ਪੈਂਦਾ। 

Related Stories