ਕਾਂਗਰਸ ਨੂੰ ਪੁੱਛੋ ਕਿ ਆਈ.ਐਸ.ਆਈ. ਤੋਂ ਫੰਡ ਲੈ ਰਹੇ ਸਰਕਾਰੀ ਜਥੇਦਾਰਾਂ ਵਿਰੁਧ ਕਾਰਵਾਈ ਕਿਉਂ ਨਹੀਂ?
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਨੂੰ ਕਿਹਾ ਹੈ ਕਿ ਉਹ ਸੰਸਦ ਵਿਚ ਝੂਠ ਨਾ ਬੋਲੇ ਅਤੇ ਸੂਬੇ ਅੰਦਰਲੀ ਆਪਣੀ ਕਾਂਗਰਸ ਸਰਕਾਰ..............
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਨੂੰ ਕਿਹਾ ਹੈ ਕਿ ਉਹ ਸੰਸਦ ਵਿਚ ਝੂਠ ਨਾ ਬੋਲੇ ਅਤੇ ਸੂਬੇ ਅੰਦਰਲੀ ਆਪਣੀ ਕਾਂਗਰਸ ਸਰਕਾਰ ਨੂੰ ਪੁੱਛੇ ਕਿ ਪਾਕਿਸਤਾਨ ਦੀ ਏਜੰਸੀ ਆਈਐਸਆਈ ਤੋਂ ਦਹਿਸ਼ਤੀ ਗਤੀਵਿਧੀਆਂ ਲਈ ਫੰਡ ਹਾਸਿਲ ਕਰਨ ਵਾਲੇ ਸਰਕਾਰੀ ਜਥੇਦਾਰਾਂ ਵਿਰੁਧ ਉਹ ਕਾਰਵਾਈ ਕਿਉਂ ਨਹੀਂ ਕਰ ਰਹੀ ਹੈ? ਸਾਬਕਾ ਮੰਤਰੀ ਸ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਨਿੰਦਣਯੋਗ ਗੱਲ ਹੈ ਕਿ ਰਵਨੀਤ ਬਿੱਟੂ ਸੂਬੇ ਦੇ ਹਾਲਾਤ ਖਰਾਬ ਕਰਨ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਕੂੜ ਪ੍ਰਚਾਰ ਕਰਕੇ ਸੰਸਦ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ
ਜਦਕਿ ਸੱਚਾਈ ਇਹ ਹੈ ਕਿ ਇਹ ਕਾਂਗਰਸ ਪਾਰਟੀ ਹੀ ਹੈ, ਜਿਸ ਨੇ ਬਰਗਾੜੀ ਵਿਖੇ 'ਰਾਇਸ਼ੁਮਾਰੀ 2020' ਦੀ ਬਰਾਂਚ ਖੋਲ੍ਹ ਰੱਖੀ ਹੈ। ਉਨ੍ਹਾਂ ਨੂੰ ਇਹ ਪੁੱਛਦਿਆਂ ਕਿ ਉਹ ਪੰਜਾਬ ਵਿਚ ਭਾਰਤ-ਵਿਰੋਧੀ ਏਜੰਡੇ ਦੀ ਹਮਾਇਤ ਅਤੇ ਦਿੱਲੀ ਵਿਚ ਝੂਠੀ ਦੇਸ਼ ਭਗਤੀ ਦਾ ਵਿਖਾਵਾ ਕਿਵੇਂ ਕਰ ਸਕਦਾ ਹੈ, ਮਜੀਠੀਆ ਨੇ ਕਾਂਗਰਸੀ ਸਾਂਸਦ ਨੂੰ ਸਪੱਸ਼ਟ ਕਰਨ ਲਈ ਆਖਿਆ ਕਿ ਉਹ ਜੁਆਬ ਦੇਵੇ ਕਿ ਕਾਂਗਰਸ ਨੇ ਸਿੱਖ ਕੌਮ ਅੰਦਰ ਵੰਡੀਆਂ ਪਾਉਣ ਲਈ ਸਰਕਾਰੀ ਜਥੇਦਾਰ ਕਿਉਂ ਖੜ੍ਹੇ ਕੀਤੇ ਹਨ?
ਸਰਦਾਰ ਮਜੀਠੀਆ ਨੇ ਬਿੱਟੂ ਨੂੰ ਇਹ ਵੀ ਪੁਛਿਆ ਕਿ ਉਹ ਇਸ ਗੱਲ ਦਾ ਜੁਆਬ ਦੇਵੇ
ਕਿ ਕਾਂਗਰਸ ਸਰਕਾਰ ਇਨ੍ਹਾਂ ਸਰਕਾਰੀ ਜਥੇਦਾਰਾਂ ਨੂੰ ਉਨ੍ਹਾਂ ਵਿਅਕਤੀਆਂ ਕੋਲੋਂ ਵਿਦੇਸ਼ੀ ਫੰਡ ਲੈਣ ਦੀ ਆਗਿਆ ਕਿਉਂ ਦੇ ਰਹੀ ਹੈ, ਜਿਹੜੇ ਆਈਐਸਆਈ ਦੇ ਮਿਸ਼ਨ ਆਪਰੇਸ਼ਨ ਐਕਸਪ੍ਰੈਸ ਭਾਵ ਰਾਇਸ਼ੁਮਾਰੀ 2020 ਲਈ ਫੰਡ ਪ੍ਰਦਾਨ ਕਰ ਰਹੇ ਹਨ। ਬਿੱਟੂ ਨੇ ਪੰਜਾਬ ਵਿਚ ਬੇਅਦਬੀ ਦੇ ਕੇਸਾਂ ਦੀ ਜਾਂਚ ਲਈ ਕਾਇਮ ਕੀਤੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਵਲੋਂ ਤਿਆਰ ਕੀਤੀ ਫਾਈਨਲ ਰਿਪੋਰਟ ਵਿਚ ਕਾਂਗਰਸੀ ਜਥੇਦਾਰਾਂ ਦੀ ਭੂਮਿਕਾ ਬਾਰੇ ਵੀ ਚੁੱਪੀ ਧਾਰ ਰੱਖੀ ਹੈ।
ਉਨ੍ਹਾਂ ਕਿਹਾ ਕਿ ਬਿੱਟੂ ਇਸ ਤੱਥ ਨੂੰ ਲੁਕੋਣ ਦੀ ਕੋਸ਼ਿਸ਼ ਕਿਉਂ ਕਰ ਰਿਹਾ ਹੈ ਕਿ ਬੇਅਦਬੀ ਕਮਿਸ਼ਨ ਦੀ ਰੀਪੋਰਟ ਕਾਂਗਰਸ ਵਲੋਂ ਖੜੇ ਕੀਤੇ ਜਥੇਦਾਰਾਂ ਵਲੋਂ ਕਾਂਗਰਸ ਭਵਨ ਵਿਚ ਬੈਠ ਕੇ ਤਿਆਰ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਕਮਿਸ਼ਨ ਦਾ ਨਾਂ ਬਦਲ ਕੇ 'ਇਨਜਸਟਿਸ ਕਾਂਗਰਸ ਗਾਂਧੀ ਕਮਿਸ਼ਨ' (ਬੇਇਨਸਾਫ਼ੀ ਕਰਨ ਵਾਲਾ ਕਾਂਗਰਸ ਗਾਂਧੀ ਕਮਿਸ਼ਨ) ਰੱਖ ਦੇਣਾ ਚਾਹੀਦਾ ਹੈ।