ਗੁਰੂ ਦਾ ਅਪਮਾਨ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ : ਭਾਈ ਦਾਦੂਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਨਸਾਫ ਮੋਰਚੇ ਦੇ 68ਵੇਂ ਦਿਨ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਜਸਕਰਨ ਸਿੰਘ ਕਾਹਨਵਾਲਾ ਨੇ ਆਖਿਆ.............

Bargari Morcha

ਕੋਟਕਪੂਰਾ : ਇਨਸਾਫ ਮੋਰਚੇ ਦੇ 68ਵੇਂ ਦਿਨ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਜਸਕਰਨ ਸਿੰਘ ਕਾਹਨਵਾਲਾ ਨੇ ਆਖਿਆ ਕਿ ਅਪਣੇ ਗੁਰੂ ਦਾ ਅਪਮਾਨ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ। ਇਸ ਲਈ ਬੇਅਦਬੀ ਕਾਂਡ ਸਮੇਤ ਹੋਰ ਪੰਥਕ ਮੰਗਾਂ ਸਬੰਧੀ ਇਨਸਾਫ਼ ਲੈਣ ਵਾਸਤੇ ਸੰਘਰਸ਼ ਵਿੱਢਣ ਲਈ ਭਾਈ ਸਾਹਿਬ ਦਾ ਕੌਮ ਨੂੰ ਦਿਲੋਂ ਰਿਣੀ ਹੋਣਾ ਚਾਹੀਦਾ ਹੈ ਅਤੇ ਮੋਰਚੇ 'ਚ ਹਰ ਸੱਚੇ ਸਿੱਖ ਨੂੰ ਸ਼ਾਮਿਲ ਹੋਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਭਾਈ ਸਾਹਿਬ ਸ਼ਹੀਦਾਂ ਦੇ ਪਰਿਵਾਰ 'ਚੋਂ ਹਨ ਅਤੇ ਕੁਰਬਾਨੀ ਦੇਣਾ ਇਨ੍ਹਾਂ ਦੇ ਖੂਨ ਦੇ ਕਣ-ਕਣ 'ਚ ਸ਼ਾਮਿਲ ਹੈ।

ਉਨ੍ਹਾਂ ਜ਼ਿਕਰ ਕੀਤਾ ਕਿ ਉਹਨਾਂ ਦੇ ਭਰਾ,ਭਾਣ-ਜਵਾਈ ਅਤੇ  ਭਾਣਜੀਆਂ 'ਤੇ ਵੀ ਤਸ਼ੱਦਦ ਕੀਤੇ ਗਏ। ਇਸ ਲਈ ਭਾਈ ਧਿਆਨ ਸਿੰਘ ਮੰਡ ਪਿਛਲੇ 68 ਦਿਨਾਂ ਤੋਂ ਲਗਾਤਾਰ ਦ੍ਰਿੜ ਇਰਾਦੇ ਨਾਲ ਬਰਗਾੜੀ ਵਿਖੇ ਮੋਰਚਾ ਲਾਈ ਬੈਠੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਮੰਗਾਂ ਨਾ ਮੰਨੀਆਂ ਤਾਂ ਇਹ ਮੰਗਾਂ ਕੌਮੀ ਪੱਧਰ 'ਤੇ ਉਠਾਈਆਂ ਜਾਣਗੀਆਂ ਅਤੇ ਦੇਸ਼ ਭਰ 'ਚ ਰੋਸ ਰੈਲੀਆਂ ਅਤੇ ਮੁਜਾਹਰੇ ਹੋਣੇ ਸ਼ੁਰੂ ਹੋ ਜਾਣਗੇ। ਜਿਸ ਦੀ ਸ਼ੁਰੂਆਤ 19 ਅਗਸਤ ਨੂੰ ਪੰਜਾਬ ਤੋਂ ਹੋਣ ਜਾ ਰਹੀ ਹੈ। ਇਸ ਲਈ ਸਰਕਾਰ ਨੂੰ ਇਨਸਾਫ਼ ਜਲਦੀ ਦੇਣਾ ਚਾਹੀਦਾ ਹੈ ਅਤੇ ਗੋਲੀਆਂ ਚਲਾਉਣ ਦਾ ਹੁਕਮ ਦੇਣ ਵਾਲੇ ਵੀ ਨੰਗੇ ਹੋਣੇ ਚਹੀਦੇ ਹਨ।

ਉਹਨਾਂ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਸਬੰਧੀ ਕਿਹਾ ਕਿ ਇਹ ਕਾਨੂੰਨ ਦੀ ਉਲੰਘਣਾ ਹੈ ਕਿ ਸਜਾਵਾਂ ਕੱਟ ਚੁੱਕੇ ਸਿੱਖਾਂ ਨੂੰ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ। ਅੰਤ 'ਚ ਭਾਈ ਸਾਹਿਬ ਨੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਟੇਜ ਦੀ ਜਿੰਮੇਵਾਰੀ ਜਸਵਿੰਦਰ ਸਿੰਘ ਸਾਹੋਕੇ ਅਤੇ ਜਗਦੀਪ ਸਿੰਘ ਭੁੱਲਰ ਨੇ ਸਾਂਝੇ ਤੌਰ 'ਤੇ ਨਿਭਾਈ।