ਪਾਕਿ ਦੇ ਫ਼ੈਸਲੇ ‘ਤੇ ਕੈਪਟਨ ਨੇ ਕਿਹਾ ਉਮੀਦ ਹੈ ਇਸ ਦਾ ਅਸਰ ਕਰਤਾਰਪੁਰ ਲਾਂਘੇ ‘ਤੇ ਨਹੀਂ ਹੋਵੇਗਾ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਨਾਲ ਕੂਟਨੀਤਕ ਸਬੰਧਾਂ ਨੂੰ ਘੱਟ ਕਰਨ ਦੇ ਪਾਕਿਸਤਾਨ ਦੇ ਫ਼ੈਸਲੇ ‘ਤੇ ਚਿੰਤਾ ਜ਼ਾਹਿਰ ਕੀਤੀ ਹੈ।

Captain Amarinder Singh

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਨਾਲ ਕੂਟਨੀਤਕ ਸਬੰਧਾਂ ਨੂੰ ਘੱਟ ਕਰਨ ਦੇ ਪਾਕਿਸਤਾਨ ਦੇ ਫ਼ੈਸਲੇ ‘ਤੇ ਚਿੰਤਾ ਜ਼ਾਹਿਰ ਕੀਤੀ ਹੈ। ਇਸ ਦੌਰਾਨ ਉਹਨਾਂ ਨੇ ਉਮੀਦ ਪ੍ਰਗਟਾਈ ਕਿ ਇਸ ਕਦਮ ਨਾਲ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨਿਰਮਾਣ ‘ਤੇ ਕੋਈ ਅਸਰ ਨਹੀਂ ਹੋਵੇਗਾ। ਅਮਰਿੰਦਰ ਸਿੰਘ ਨੇ ਗੁਆਂਢੀ ਮੁਲਕ ਦੇ ਕਦਮ ਨੂੰ ‘ਬਿਨਾਂ ਸੋਚੇ ਸਮਝੇ ਚੁੱਕਿਆ ਗਿਆ ਅਤੇ ਬੇਲੋੜਾ ਕਦਮ’ ਦੱਸਿਆ।

 


 

ਭਾਰਤ ਦੇ ਨਾਲ ਦੁਵੱਲੇ ਕੂਟਨੀਤਕ ਸਬੰਧਾਂ ਨੂੰ ਘੱਟ ਕਰਨ ਦੇ ਫ਼ੈਸਲੇ ਤੋਂ ਕੁਝ ਹੀ ਸਮੇਂ ਬਾਅਦ ਪਾਕਿਸਤਾਨ ਨੇ ਕਸ਼ਮੀਰ ਮੁੱਦੇ ਨੂੰ ਲੈ ਕੇ ਬੁੱਧਵਾਰ ਨੂੰ ਭਾਰਤੀ ਹਾਈ ਕਮਿਸ਼ਨਰ ਨੂੰ ਵਾਪਸ ਜਾਣ ਲਈ ਕਿਹਾ। ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਭਾਰਤ ਕੋਲ ਇਸ ਖੇਤਰ ਦੇ ਸਬੰਧ ਵਿਚ ਕੋਈ ਵੀ ਫ਼ੈਸਲਾ ਲੈਣ ਦਾ ਅਧਿਕਾਰ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਨੂੰ ਭਾਰਤ ਦੇ ਨਾਲ ਕੂਟਨੀਤਕ ਸਬੰਧਾਂ ਨੂੰ ਘੱਟ ਕਰਨ ਲਈ ਕੋਈ ਬਹਾਨਾ ਚਾਹੀਦਾ ਸੀ।

ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਦਾ ਇਹ ਫ਼ੈਸਲਾ ਖੇਤਰੀ ਸੁਰੱਖਿਆ ਦੇ ਹੱਕ ਵਿਚ ਨਹੀਂ ਹੈ ਅਤੇ ਇਸ ਤਰ੍ਹਾਂ ਦੇ ਕਦਮ ਨਾਲ ਦੱਖਣ ਪੂਰਬੀ ਏਸ਼ੀਆ ਵਿਚ ਸ਼ਾਂਤੀ ਅਸਥਿਰ ਹੋਵੇਗੀ, ਜਿਸ ਨਾਲ ਗੁਆਂਢੀ ਦੇਸ਼ ਹੀ ਅਸੁਰੱਖਿਅਤ ਹੋ ਜਾਣਗੇ। ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਇਹਨਾਂ ਚੀਜ਼ਾਂ ਦਾ ਕਰਤਾਰਪੁਰ ਲਾਂਘੇ ‘ਤੇ ਅਸਰ ਨਹੀਂ ਹੋਵੇਗਾ ਅਤੇ ਪਾਕਿਸਤਾਨ ਲਾਂਘੇ ਦਾ ਕੰਮ ਰੋਕ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਵੇਗਾ।

ਅਮਰਿੰਦਰ ਸਿੰਘ ਨੇ ਕਿਹਾ ਕਿ ਸਿਆਸੀ ਸੋਚ ਦਾ ਅਸਰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ‘ਤੇ ਨਹੀਂ ਪੈਣ ਦੇਣਾ ਚਾਹੀਦਾ। ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਦੇ ਸਾਹਮਣੇ ਤਰਜੀਹ ਦੇ ਨਾਲ ਇਹ ਮਾਮਲਾ ਰੱਖਣ ਅਤੇ ਇਹ ਯਕੀਨੀ ਬਣਾਉਣ ਕਿ ਕਰਤਾਰਪੁਰ ਲਾਂਘੇ ਦਾ ਨਿਰਮਾਣ ਕਾਰਜ ਰੋਕਿਆ ਨਹੀਂ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।