ਰਾਜਾ ਵੜਿੰਗ ਵਲੋਂ ਮੁੱਖ ਮੰਤਰੀ ਨੂੰ ਨਸ਼ਿਆਂ ਦੇ ਖਾਤਮੇ ਸਬੰਧੀ ਚਰਚਾ ਕਰਨ ਲਈ ਵਿਸ਼ੇਸ਼ ਇਜਲਾਸ ਬੁਲਾਉਣ ਦੀ ਅਪੀਲ
ਕਿਹਾ, ਸਾਡਾ ਧਿਆਨ ਸਿਰਫ਼ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ’ਤੇ ਕੇਂਦਰਤ
ਹੁਸ਼ਿਆਰਪੁਰ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਲੋਂ ਹੁਸ਼ਿਆਰਪੁਰ ਵਿਖੇ ਪੰਜਾਬ ਸਰਕਾਰ ਵਿਰੁਧ ਵਿਸ਼ਾਲ ‘ਨਸ਼ਾ ਵਿਰੋਧੀ’ ਧਰਨਾ ਦਿਤਾ ਗਿਆ। ਕਾਂਗਰਸ ਪਾਰਟੀ ਦੀ ਪੰਜਾਬ ਇਕਾਈ ਨੇ ਨਸ਼ਿਆਂ ਵਿਰੁਧ ਅਪਣਾ ਪਹਿਲਾ ਧਰਨਾ ਅਬੋਹਰ ਵਿਚ ਦਿਤਾ ਸੀ ਅਤੇ ਕਿਹਾ ਸੀ ਕਿ ਜੇਕਰ ਸੂਬਾ ਸਰਕਾਰ ਵਲੋਂ ਨੌਜਵਾਨਾਂ ਨੂੰ ਬਚਾਉਣ ਲਈ ਕੋਈ ਠੋਸ ਕਦਮ ਨਾ ਚੁੱਕੇ ਗਏ ਤਾਂ ਉਹ ਸੂਬੇ ਭਰ ਵਿਚ ਇਹ ਧਰਨੇ ਜਾਰੀ ਰੱਖੇਗੀ।
ਇਹ ਵੀ ਪੜ੍ਹੋ: ਜੀ-20 ਸੰਮੇਲਨ ਲਈ ਦਿੱਲੀ ਪਹੁੰਚ ਰਹੇ ਵੱਖ-ਵੱਖ ਦੇਸ਼ਾਂ ਦੇ ਮੁਖੀ, ਇੰਝ ਹੋ ਰਿਹਾ ਸਵਾਗਤ
ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ, “ਆਮ ਆਦਮੀ ਪਾਰਟੀ (ਆਪ) ਸਰਕਾਰ ‘ਬਦਲਾਅ’ ਦੇ ਨਾਂਅ ’ਤੇ ਤਿੰਨ ਮਹੀਨਿਆਂ ਵਿਚ ਨਸ਼ਿਆਂ ਦੇ ਖਾਤਮੇ ਦਾ ਵਾਅਦਾ ਕਰਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੀ ਹੈ”। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਸੂਬੇ ਵਿਚ ਨਸ਼ੇ ਦੀ ਓਵਰਡੋਜ਼ ਕਾਰਨ ਮੌਤਾਂ ਹੋਈਆਂ ਹਨ ਅਤੇ ਆਗੂਆਂ ਦੀ ਅਯੋਗਤਾ ਨੇ ਨਸ਼ਾ ਤਸਕਰਾਂ ਨੂੰ ਉਨ੍ਹਾਂ ਦੀ ਸਰਪ੍ਰਸਤੀ ਹੇਠ ਵਧਣ-ਫੁੱਲਣ ਲਈ ਮੌਕਾ ਦਿਤਾ ਹੈ। ਵੜਿੰਗ ਨੇ ਦੋਸ਼ ਲਾਇਆ ਕਿ ‘ਆਪ’ ਦੇ ਕਾਰਜਕਾਲ ਦੌਰਾਨ ਨਸ਼ਿਆਂ ਦੀ ਓਵਰਡੋਜ਼ ਕਾਰਨ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ਕਿਹਾ ਕਿ ਭਾਵੇਂ ਇਹ ਹਾਲੀਆ ਹੜ੍ਹ ਹੋਵੇ, ਨਸ਼ਾਖੋਰੀ ਹੋਵੇ ਜਾਂ ਜੁਰਮ, ਵਧ ਰਹੀਆਂ ਘਟਨਾਵਾਂ ਇਸ ਗੱਲ ਦਾ ਖੁਲਾਸਾ ਕਰਦੀਆਂ ਹਨ ਕਿ ਉਨ੍ਹਾਂ ਨੂੰ ਕੀਮਤੀ ਨੌਜਵਾਨਾਂ ਦੀਆਂ ਜਾਨਾਂ ਦੀ ਕੋਈ ਚਿੰਤਾ ਨਹੀਂ ਸੀ।
ਇਹ ਵੀ ਪੜ੍ਹੋ: ਦੋ ਭਰਾਵਾਂ ਵਲੋਂ ਬਿਆਸ ਦਰਿਆ 'ਚ ਛਾਲ ਮਾਰਨ ਦਾ ਮਾਮਲਾ; ਮਹਿਲਾ ਕਾਂਸਟੇਬਲ ਦੀ ਅਗਾਊਂ ਜ਼ਮਾਨਤ ’ਤੇ ਫ਼ੈਸਲਾ ਸੁਰੱਖਿਅਤ
ਵਿਰੋਧੀ ਧਿਰ ਦੇ ਉਪ ਨੇਤਾ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਤਿੰਨ ਮਹੀਨਿਆਂ 'ਚ ਨਸ਼ਾਖੋਰੀ ਨੂੰ ਖਤਮ ਕਰਨ ਦਾ ਵਾਅਦਾ ਕਰਨ ਵਾਲੀ ਸਰਕਾਰ ਆਪਣੇ ਵਾਅਦੇ ਨੂੰ ਪੂਰਾ ਕਰਨ 'ਚ ਅਸਫ਼ਲ ਰਹੀ ਹੈ। ਚੱਬੇਵਾਲ ਨੇ ਕਿਹਾ ਕਿ ਇਕ ਤਾਜ਼ਾ ਰੀਪੋਰਟ ਅਨੁਸਾਰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਲੁਧਿਆਣਾ 'ਚ ਕੀਤੀ ਛਾਪੇਮਾਰੀ ਦੌਰਾਨ 58 ਦੇ ਕਰੀਬ ਸ਼ਰਾਬ ਦੇ ਠੇਕਿਆਂ 'ਤੇ ਖੁੱਲ੍ਹੇਆਮ ਨਸ਼ਾ ਵੇਚਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਸ਼ਮੂਲੀਅਤ ਤੋਂ ਬਿਨਾਂ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਸੰਭਵ ਨਹੀਂ ਹਨ ਅਤੇ ਅਸੀਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਾਰੇ ਆਗੂਆਂ ਨੂੰ ਬੇਨਕਾਬ ਕਰਾਂਗੇ।
ਇਹ ਵੀ ਪੜ੍ਹੋ: ਵਿਜੀਲੈਂਸ ਨੇ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਪਾਵਰਕਾਮ ਦੇ ਜੇਈ ਅਮਰਜੀਤ ਸਿੰਘ ਨੂੰ ਕੀਤਾ ਕਾਬੂ
ਵੜਿੰਗ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਨੂੰ ਅਪਣੇ ਦਹਾਕੇ ਦੇ ਸ਼ਾਸਨਕਾਲ ਦੌਰਾਨ ਸੂਬੇ ਵਿਚ ਨਸ਼ੇ ਫੈਲਾਉਣ ਅਤੇ ਨੌਜਵਾਨਾਂ ਨੂੰ ਮੌਤ ਦੇ ਮੂੰਹ ਵੱਲ ਧੱਕਣ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਦੀ ਢਾਲ ਬਣੀ ਰਹੀ ਅਕਾਲੀ-ਭਾਜਪਾ ਸਰਕਾਰ ਵੇਲੇ ਨਸ਼ੇ ਦੇ ਸੌਦਾਗਰ ਵਧੇ-ਫੁੱਲੇ ਹਨ। ਪੈਸੇ ਅਤੇ ਸੱਤਾ ਦੇ ਲਾਲਚ ਵਿਚ ਲੀਡਰਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਿਆ ਜਿਸ ਨੇ ਸੂਬੇ ਦੇ ਕਈ ਪ੍ਰਵਾਰਾਂ ਨੂੰ ਬਰਬਾਦ ਕਰ ਦਿਤਾ ਅਤੇ ਸੈਂਕੜੇ ਅਜਿਹੇ ਹਨ ਜੋ ਅੱਜ ਵੀ ਇਸ ਦਾ ਸੰਤਾਪ ਭੋਗ ਰਹੇ ਹਨ।
ਇਹ ਵੀ ਪੜ੍ਹੋ: ਤਰਨਤਾਰਨ 'ਚ ਵੱਡੀ ਵਾਰਦਾਤ, ਪੈਟਰੋਲ ਪੰਪ 'ਤੇ 1.60 ਲੱਖ ਦੀ ਲੁੱਟ
ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਸੈਂਕੜੇ ਪ੍ਰਵਾਰਾਂ ਦੇ ਇਕਲੌਤੇ ਕਮਾਊ ਮੈਂਬਰਾਂ ਨੂੰ ਖੋਹ ਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਤਾਂ ਨਸ਼ਾਖੋਰੀ ਨੂੰ ਖਤਮ ਕਰਨ ਲਈ ਠੋਸ ਕਦਮ ਚੁੱਕ ਕੇ ਮੁਹਿੰਮ ਸ਼ੁਰੂ ਕਰ ਸਕਦੀ ਸੀ ਜਾਂ ਇਮਾਨਦਾਰੀ ਨਾਲ ਉਪਰਾਲੇ ਕਰ ਸਕਦੀ ਸੀ ਪਰ ਨਸ਼ੇ ਦਾ ਗਠਜੋੜ ਆਗੂਆਂ ਦੀ ਸਰਪ੍ਰਸਤੀ ਹੇਠ ਹੀ ਵਧਿਆ ਹੈ। ਵੜਿੰਗ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਅਸੀਂ ਅਪਣੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਬਚਾਉਣ ਲਈ ਹਰ ਸੰਭਵ ਯਤਨ ਕਰਾਂਗੇ। ਇਹ ਕਹਿੰਦਿਆਂ ਕਿ ਸਾਨੂੰ ਇਨ੍ਹਾਂ ਬੁਰਾਈਆਂ ਵਿਰੁੱਧ ਲੜਾਈ ਲੜਨੀ ਪਵੇਗੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸਾਰਿਆਂ ਨੂੰ ਇਕੱਠੇ ਹੋਣ, ਨਸ਼ਿਆਂ ਵਿਰੁਧ ਮਜ਼ਬੂਤੀ ਨਾਲ ਖੜ੍ਹੇ ਹੋਣ ਅਤੇ ਸੂਬੇ ਵਿਚੋਂ ਨਸ਼ਿਆਂ ਦੀ ਅਲਾਮਤ ਨੂੰ ਖਤਮ ਕਰਨ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸੂਬੇ ਦੀ ਸੇਵਾ ਲਈ ਵਚਨਬੱਧ ਹੈ ਅਤੇ ਸੂਬੇ ਲਈ ਕੁੱਝ ਵੀ ਕਰੇਗੀ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵਲੋਂ ਨਰਮੇ ਦੇ ਬੀਜਾਂ ’ਤੇ 2.69 ਕਰੋੜ ਰੁਪਏ ਦੀ ਸਬਸਿਡੀ ਜਾਰੀ; 15,541 ਕਿਸਾਨਾਂ ਨੂੰ ਮਿਲਿਆ ਲਾਭ
ਵੜਿੰਗ ਨੇ ਕਿਹਾ ਕਿ ਸਰਕਾਰਾਂ ਤੇ ਲੀਡਰ ਬਦਲਦੇ ਰਹਿਣਗੇ, ਪਰ ਯੂਥ ਤੋਂ ਬਿਨਾਂ ਕੁੱਝ ਨਹੀਂ ਹੋਵੇਗਾ! ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਸਦਨ ਵਿਚ ਨਸ਼ਿਆਂ ਦੇ ਮੁੱਦੇ 'ਤੇ ਚਰਚਾ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਅਤੇ ਨਸ਼ਿਆਂ ਦੀ ਦਲਦਲ ਵਿਚ ਫਸੇ ਨੌਜਵਾਨਾਂ ਨੂੰ ਬਚਾਉਣ ਲਈ ਉਪਾਅ, ਰਣਨੀਤੀ ਅਤੇ ਕਾਰਜ ਯੋਜਨਾ ਤਿਆਰ ਕਰਨ। ਵੜਿੰਗ ਨੇ ਕਿਹਾ ਕਿ ਪਾਰਟੀ ਪੰਜਾਬ ਦੇ ਲੋਕਾਂ ਦੇ ਨਾਲ ਹੈ ਅਤੇ ਉਹ ਪੰਜਾਬ ਦੇ ਮੁੱਖ ਮੰਤਰੀ ਦੀ ਮਦਦ ਕਰਨ ਲਈ ਤਿਆਰ ਹਨ, ਜੇਕਰ ਉਹ ਨੌਜਵਾਨਾਂ ਲਈ ਲੜਨਗੇ। ਵੜਿੰਗ ਨੇ ਕਿਹਾ ਕਿ ਨਸ਼ਾਖੋਰੀ, ਸੂਬੇ ਨੂੰ ਬਚਾਓ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਓ।