ਬਾਦਲਾਂ ਨੇ ਅਪਣੇ ਕਾਰਜਕਾਲ ਦੀਆਂ ਬੇਅਦਬੀਆਂ ਨੂੰ ਕੀਤਾ ਅੱਖੋਂ ਪਰੋਖੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਣੀ ਅਕਾਲੀ ਦਲ ਨੇ ਪੰਜਾਬ ਵਿਚ ਅਪਣੇ ਦਸ ਸਾਲਾ ਕਾਰਜਕਾਲ ਦੌਰਾਨ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਘਟਨਾਵਾਂ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰ ਕੇ....

Sukhbir Singh Badal

ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਚ ਅਪਣੇ ਦਸ ਸਾਲਾ ਕਾਰਜਕਾਲ ਦੌਰਾਨ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਘਟਨਾਵਾਂ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰ ਕੇ, ਰੈਲੀ ਵਿਚ ਆਏ ਲੋਕਾਂ ਦਾ ਧਿਆਨ ਕੇਂਦਰ ਕਾਂਗਰਸ ਸਰਕਾਰ ਵਲੋਂ ਕਰੀਬ 33 ਸਾਲ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕੀਤੇ ਹਮਲੇ ਵਲ ਖਿੱਚਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕੋਟਕਪੂਰਾ ਅਤੇ ਬਰਗਾੜੀ ਵਿਚ ਰੋਸ ਮਾਰਚ ਲਈ ਜੁੜੇ ਆਗੂਆਂ ਨੂੰ ਪੰਥਕ ਦੋਖੀ ਕਰਾਰ ਦਿੱਤਾ ਤੇ ਕਾਂਗਰਸ ਦੀ ਰੈਲੀ ਦਾ ਮਜ਼ਾਕ ਉਡਾਇਆ। ਰੈਲੀ ਵਿਚ ਪਹੁੰਚੇ ਲੋਕਾਂ ਦੀ ਗਿਣਤੀ ਪਾਰਟੀ ਆਗੂਆਂ ਦੀ ਆਸ ਨਾਲੋਂ ਕਿਤੇ ਘੱਟ ਸੀ। 

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ  ਖਾਲਸਾ ਪੰਥ ਕਦੇ ਵੀ ਅਪਣੇ ਦੁਸ਼ਮਣਾਂ ਨੂੰ ਸਿੱਖ ਗੁਰੂਘਰਾਂ 'ਤੇ  ਕਾਬਜ਼ ਹੋਣ ਦੀ ਆਗਿਆ ਨਹੀਂ ਦੇਵੇਗਾ। ਕਾਂਗਰਸ ਦਾ ਇਕ ਨੁਕਾਤੀ ਪ੍ਰੋਗਰਾਮ ਸ਼੍ਰੋਮਣੀ ਕਮੇਟੀ ਅਤੇ ਉਸ ਅਧੀਨ ਗੁਰਦੁਆਰਿਆਂ 'ਤੇ ਕਬਜ਼ਾ ਕਰਨਾ ਹੈ ਪਰ  ਪੰਥ ਅਜਿਹਾ ਕਦੇ ਵੀ ਨਹੀਂ ਹੋਣ ਦੇਵੇਗਾ। ਉਨ੍ਹਾਂ ਕਾਂਗਰਸ ਨੂੰ ਸਿੱਖਾਂ ਦੇ ਕਤਲੇਆਮ ਦੀ ਦੋਸ਼ੀ ਕਰਾਰ ਦਿਤਾ। ਉਨ੍ਹਾਂ ਜੋਸ਼ ਵਿਚ ਆਉਂਦਿਆਂ ਕਿਹਾ, ''ਹੁਣ ਤੋਂ ਲੜਾਈ ਖਾਲਸਾ ਪੰਥ ਅਤੇ ਕਾਂਗਰਸ ਪੰਥ ਦੇ ਵਿਚਕਾਰ ਹੈ''।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ''ਕਾਂਗਰਸ ਸਰਕਾਰ ਨੇ  ਸੇਵਾ ਕੇਂਦਰਾਂ ਨੂੰ ਬੰਦ ਕਰ ਦਿੱਤਾ ਹੈ, ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਬੰਦ ਕਰ ਦਿੱਤੀ ਹੈ ਅਤੇ ਨਾਲ ਹੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੂੰ ਵੀ ਰੋਕ ਦਿੱਤਾ ਹੈ।'' ਅਖ਼ੀਰ ਵਿਚ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਸੇ ਵੀ ਹਾਲਤ ਵਿਚ ਪੰਥ ਹਿਤੈਸ਼ੀ ਜਾਂ ਸਿੱਖ ਹਿਤੈਸ਼ੀ ਨਹੀਂ ਹੋ ਸਕਦਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ,  ''ਅਸਲੀ ਭੂਤ ਉਹ ਹਨ ਜਿਨ੍ਹਾਂ ਨੇ ਬਾਰਗਾੜੀ ਵਿਖੇ ਸ਼ੋਸ਼ਣ ਕੀਤਾ ਸੀ। ਇਹ ਪੰਜਾਬ 'ਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਨਸ਼ਟ ਕਰਨ ਲਈ ਕੀਤਾ ਗਿਆ ਸੀ।

ਜੇਕਰ ਕਿਸੇ ਨੂੰ ਇਸ ਗੱਲ 'ਤੇ ਅਪਮਾਨਿਤ ਕੀਤਾ ਗਿਆ ਹੈ ਤਾਂ ਉਹ ਅਕਾਲੀ ਦਲ ਸ। ਕਾਂਗਰਸ ਨੇ ਸਾਡੇ ਵਿਰੁੱਧ ਇੱਕ ਮਾਣਹਾਨੀ ਮੁਹਿੰਮ ਸ਼ੁਰੂ ਕਰਨ ਲਈ ਇਸ ਘਟਨਾ ਦੀ ਵਰਤੋਂ ਕੀਤੀ ਹੈ ਅਤੇ ਅਜੇ ਵੀ ਉਹ ਤੱਤ ਮੌਜੂਦ ਹਨ ਜੋ ਧਰਮ ਦੇ ਨਾਂ 'ਤੇ ਪੈਸੇ ਕਮਾਉਣ ਲਈ ਪੰਥ ਦੇ ਨਾਮ ਦੀ ਦੁਰਵਰਤੋਂ ਕਰ ਰਹੇ ਹਨ।'' ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਜਿੱਥੋਂ ਤਕ 'ਆਪ' ਦੇ ਆਗੂ ਸੁਖਪਾਲ ਖਹਿਰਾ ਦੀ ਗੱਲ ਹੈ,  ਉਹ ਧਰਮ ਦੇ ਨਾਂ 'ਤੇ ਬਰਗਾੜੀ ਵਿਚ ਨੌਟੰਕੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਜਿੱਤਣ ਤੋਂ ਪੌਣੇ ਦੋ ਸਾਲ ਬਾਅਦ ਲੰਬੀ ਦੀ ਯਾਦ ਆਈ ਹੈ,

ਉਹ ਤਾਂ ਮੁੱਖ ਮੰਤਰੀ ਬਣ ਕੇ ਦਰਬਾਰ ਸਾਹਿਬ ਮੱਥਾ ਟੇਕਣ ਵੀ ਚਾਰ ਮਹੀਨੇ ਤੱਕ ਨਹੀਂ ਗਏ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪੂਰੀ ਰੈਲੀ ਲਈ ਤਕਰੀਬਨ 35000 ਕੁਰਸੀਆਂ ਦਾ ਇੰਤਜ਼ਾਮ ਕੀਤਾ ਗਿਆ ਸੀ। ਜਿਸ ਵਿਚੋਂ 15000 ਕੁਰਸੀਆਂ ਇਕ ਪਾਸੇ ਇੱਕਠੀਆਂ ਕਰਕੇ ਰੱਖੀਆਂ ਹੋਈਆਂ ਸਨ। 20,000 ਕੁਰਸੀਆਂ ਤੇ ਲੋਕ ਇਕ ਇਕ ਕੁਰਸੀ ਖਾਲੀ ਛੱਡ ਕੇ ਬੈਠੇ ਨਜ਼ਰ ਆ ਰਹੇ ਸਨ। ਇਹ ਸਭ ਸੋਚੀ ਸਮਝੀ ਕਾਰਵਾਈ ਵਜੋਂ ਕੀਤਾ ਗਿਆ ਲਗਦਾ ਸੀ, ਕੁਝ ਲੋਕਾਂ ਨੂੰ ਹੇਠਾਂ ਬੈਠਾਇਆ ਗਿਆ ਸੀ, ਕੁਝ ਨੂੰ ਕੁਰਸੀਆਂ ਤੇ ਕੁਝ ਲੋਕ ਪਿਛਲੇ ਪਾਸੇ ਖੜ੍ਹੇ ਸਨ।

ਇਸ ਤਰ੍ਹਾਂ ਲਗਦਾ ਸੀ ਜਿਵੇਂ ਇੱਕਠ ਨੂੰ ਜ਼ਿਆਦਾ ਵੱਡਾ ਦਿਖਾਉਣ ਲਈ ਅਜਿਹਾ ਕੀਤਾ ਗਿਆ ਹੈ। ਇਸ ਕਰਕੇ ਕੁਲ ਮਿਲਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਜਬਰ ਵਿਰੋਧੀ ਰੈਲੀ ਸਿਫ਼ਰ 20-30 ਹਜ਼ਾਰ ਲੋਕਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ। ਵੱਖ ਵੱਖ ਹਲਕਿਆਂ ਤੋਂ ਆਈਆਂ ਬੱਸਾਂ ਚੋਂ ਜ਼ਿਆਦਤਰ ਪੰਜ ਸੱਤ ਸਵਾਰੀਆਂ ਲੈ ਕੇ ਰੈਲੀ ਵਾਲੀ ਥਾਂ ਤੇ ਹੀ ਪਹੁੰਚੀਆਂ ਸਨ।

ਜਿਵੇਂ ਹਲਕਾ ਸ਼ਤਰਾਣਾ ਚੋਂ ਆਈਆਂ ਕਈ ਬੱਸਾਂ ਗਿਣੇ ਚੁਣੇ ਸਵਾਰ ਲੈ ਕੇ ਹੀ ਰੈਲੀ 'ਚ ਪੁਜੀਆਂ। ਇਸ ਮੌਕੇ ਰੈਲੀ ਵਿਚ ਬੋਲਣ ਵਾਲੇ ਕਈ ਅਕਾਲੀ ਲੀਡਰ ਗੁਰਬਾਣੀ ਦੀ ਬੇਕਦਰੀ ਕਰਦੇ ਨਜ਼ਰ ਆਏ। ਉਨ੍ਹਾਂ ਵਲੋਂ ਆਪਣੇ ਸੰਬੋਧਨ ਵਿਚ ਵਰਤੀਆਂ ਗਈਆਂ ਗੁਰਬਾਣੀ ਦੀਆਂ ਤੁਕਾਂ ਵਿਚ ਅਨੇਕਾਂ ਗਲਤੀਆਂ ਕੀਤੀਆਂ। ਜਿਨ੍ਹਾਂ ਨਾਲ ਅਕਾਲੀ ਦਲ ਦਾ ਪੰਥਕ ਧਿਰ ਹੋਣ ਦਾ ਦਾਅਵਾ ਕਈ ਸਵਾਲ ਖੜ੍ਹੇ ਕਰਦਾ ਹੈ।

'ਰੋਜ਼ਾਨਾ ਸਪੋਕਸਮੈਨ' ਦੇ ਬਾਈਕਾਟ ਦਾ ਸੱਦਾ

ਅਪਣੇ ਭਾਸ਼ਣ ਦੇ ਅਖ਼ੀਰ ਵਿਚ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਦੋ ਟੀਵੀ ਚੈਨਲਾਂ ਅਤੇ ਕੁਝ ਅਖ਼ਬਾਰਾਂ ਬਾਰੇ ਗੱਲ ਕਰਨੀ ਚਾਹੁੰਦਾ ਹੈ। ਉਨ੍ਹਾਂਟੀਵੀ ਚੈਨਲਾਂ ਚੋਂ 'ਜ਼ੀ ਪੰਜਾਬ' ਅਤੇ ਅਖ਼ਬਾਰਾਂ  ਚੋਂ 'ਰੋਜ਼ਾਨਾ ਸਪੋਕਸਮੈਨ' ਦਾ ਬਾਈਕਾਟ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਚੈਨਲ ਅਤੇ ਅਖ਼ਬਾਰ ਉਨ੍ਹਾਂ ਵਿਰੁੱਧ ਜ਼ਹਿਰ ਉਗਲਦੇ ਹਨ, ਬਾਕੀ ਛੋਟੇ ਮੋਟੇ ਅਖ਼ਬਰਾਂ ਦਾ ਉਹ ਨਾਂ ਨਹੀਂ ਲੈਣਾ ਚਾਹੁੰਦੇ। 'ਰੋਜ਼ਾਨਾ ਸਪੋਕਸਮੈਨ' ਵਿਰੁਧ ਬੋਲਣ ਅਤੇ ਇਸ ਦੇ ਬਾਈਕਾਟ ਦਾ ਸੱਦਾ ਦੇਣ ਵਾਲਿਆਂ ਵਿਚ ਸਿਕੰਦਰ ਸਿੰਘ ਮਲੂਕਾ, ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ ਵੀ ਸ਼ਾਮਲ ਸਨ। ਇਸ ਤੋਂ ਪਤਾ ਲੱਗ ਰਿਹਾ ਸੀ ਕਿ ਉਹ ਸੱਚ ਦੀ ਆਵਾਜ਼ ਉਠਾ ਰਹੀ ਇਸ ਅਖ਼ਬਾਰ ਦੀ ਤਾਕਤ ਤੋਂ ਕਿਵੇਂ ਬੁਖਲਾਏ ਹੋਏ ਸਨ।

Related Stories