ਬਾਦਲਾਂ ਨੇ ਏਨੇ ਸਾਲ ਕੱਖ ਨਹੀਂ ਕੀਤਾ ਤੇ ਹੁਣ ਹੋਛੀ ਸਿਆਸਤ ਕਰਨ ਲੱਗ ਪਏ ਹਨ : ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਦੀ ਕੋਲੋਂ ਇਮਰਾਨ ਖ਼ਾਨ ਨੂੰ ਫ਼ੋਨ ਕਰਵਾਉ, ਮੈਂ ਮਗਰ ਤੁਰਨ ਨੂੰ ਤਿਆਰ......

Navjot Singh Sidhu

ਚੰਡੀਗੜ੍ਹ :  ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਾਦਲ ਪਰਵਾਰ ਖ਼ਾਸਕਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਕਰਤਾਰਪੁਰ ਸਾਹਿਬ ਲਾਂਘੇ 'ਤੇ ਸਿਆਸਤ ਕਰਨ ਤੋਂ ਬਾਜ਼ ਆ ਜਾਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਇਮਰਾਨ ਖ਼ਾਨ ਨੂੰ ਫ਼ੋਨ ਕਰਵਾਉਣ ਲਈ ਕਿਹਾ ਹੈ। ਇਥੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਲ ਹੀ ਵਿਚ ਇਮਰਾਨ ਖ਼ਾਨ ਨੂੰ ਵਧਾਈ ਦੇ ਚੁਕੇ ਹਨ ਤਾਂ ਫਿਰ ਕਰਤਾਰਪੁਰ ਸਾਹਿਬ ਲਾਂਘਾ ਲੈਣ ਲਈ ਇਧਰੋਂ ਫ਼ੋਨ ਕਰਨ ਜਾਂ ਚਿੱਠੀ-ਪੱਤਰ ਸ਼ੁਰੂ ਕਰਨ 'ਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ।

ਸਿੱਧੂ ਨੇ ਕਿਹਾ ਕਿ ਬਾਦਲ ਪਰਵਾਰ ਅਤੇ ਅਕਾਲੀ ਆਗੂਆਂ ਨੂੰ ਲਗਦਾ ਹੈ ਕਿ ਪੰਥਕ ਅਤੇ ਧਾਰਮਕ ਮੁੱਦਿਆਂ ਉਤੇ ਗੱਲ ਕਰਨ ਦਾ ਅਧਿਕਾਰ ਸਿਰਫ਼ ਉਨ੍ਹਾਂ ਕੋਲ ਹੈ। ਸਿੱਧੂ ਨੇ ਸਪੱਸ਼ਟ ਕੀਤਾ ਕਿ ਲਾਂਘਾ ਮੁੱਦੇ 'ਤੇ ਨਾ ਤਾਂ ਉਹ ਕੋਈ ਸਿਹਰਾ ਲੈਣ ਦੇ ਇੱਛੁਕ ਹਨ ਅਤੇ ਨਾ ਹੀ ਅਜਿਹੀ ਗੰਧਲੀ ਸਿਆਸਤ ਭਾਰੂ ਹੋਣ ਦੇਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਜੇ ਬਾਦਲ ਪਰਵਾਰ 'ਚ ਫਿਰ ਵੀ ਹੈਂਕੜ ਹੈ ਤਾਂ ਉਹ ਇਸ ਮੁੱਦੇ 'ਤੇ ਅਪਣੀ ਸਰਕਾਰ ਨਾਲ ਗੱਲ ਸ਼ੁਰੂ ਕਰ ਕੇ ਅਗਵਾਈ ਕਰਨ ਅਤੇ ਮਗਰ ਤੁਰਨ ਨੂੰ ਤਿਆਰ ਹਨ।

ਸਿੱਧੂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਉਨ੍ਹਾਂ ਦੀ ਵਿਦੇਸ਼ ਮੰਤਰੀ ਨਾਲ ਹੋਈ ਮੁਲਾਕਾਤ ਬਾਰੇ ਹੋਛੀਆਂ ਗੱਲਾਂ ਕਰਨ 'ਤੇ ਉਤਰ ਆਈ ਹੈ ਜਦਕਿ ਪਾਕਿਸਤਾਨ ਤੋਂ ਤੋਹਫ਼ੇ ਦੁੰਬੇ ਲਿਆਉਣ ਵਾਲੇ ਬਾਦਲਾਂ ਨੇ ਏਨੇ ਸਾਲ ਆਪ ਕੁੱਝ ਨਹੀਂ ਕੀਤਾ ਤੇ ਹੁਣ ਇਸ ਮੁੱਦੇ 'ਤੇ ਇਹ ਬੁਖਲਾਅ ਗਏ ਹਨ। ਸਿੱਧੂ ਨੇ ਮੋਦੀ ਸਰਕਾਰ ਨੂੰ ਸਵਾਲ ਕੀਤਾ ਕਿ ਆਖ਼ਰ ਕੇਂਦਰ ਸਰਕਾਰ ਨੂੰ ਚਿੱਠੀ ਲਿਖਣ ਵਿਚ ਕੀ ਮੁਸ਼ਕਲ ਜਾਪਦੀ ਹੈ?

ਉਨ੍ਹਾਂ ਇਹ ਵੀ ਪੁਛਿਆ ਕਿ ਕੀ ਅੱਜ ਏਸ਼ੀਆ ਕੱਪ ਵਿਚ ਭਾਰਤ-ਪਾਕਿਸਤਾਨ ਦੇ ਕ੍ਰਿਕਟ ਮੈਚ ਵਿਚ ਸਾਡੇ ਖਿਡਾਰੀ ਉਨ੍ਹਾਂ ਵਲ ਪਿੱਠ ਕਰ ਕੇ ਖੜੇ ਹੋ ਜਾਣਗੇ? ਉਨ੍ਹਾਂ ਕਿਹਾ ਕਿ ਸੁਸ਼ਮਾ ਸਵਰਾਜ ਨੇ ਉਨ੍ਹਾਂ ਨੂੰ ਭਰੋਸਾ ਦਿਤਾ ਸੀ ਕਿ ਉਹ ਚਿੱਠੀ ਲਿਖਣਗੇ ਤੇ ਮੈਨੂੰ ਉਮੀਦ ਹੈ ਕਿ ਚਿੱਠੀ ਲਿਖੀ ਜਾਵੇਗੀ।