ਸਿਆਸਤਦਾਨਾਂ ਤੋਂ ਉਠਣ ਲੱਗਾ ਕਿਸਾਨਾਂ ਦਾ ਵਿਸ਼ਵਾਸ, ਬਦਲ ਰਹੇ ਸਟੈਂਡਾਂ ਕਾਰਨ ਵਧੀ ਬੇਭਰੋਸਗੀ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰਾਂ ਨੂੰ ਸਮਾਂ ਰਹਿੰਦੇ ਕਿਸਾਨਾਂ ਦੀ ਨਰਾਜ਼ਗੀ ਦੂਰ ਕਰਨ ਦੀ ਲੋੜ

Capt. Amarinder Singh, Narendra Modi

ਚੰਡੀਗੜ੍ਹ : ਖੇਤੀ ਕਾਨੂੰਨਾਂ ਖਿਲਾਫ਼ ਸੜਕਾਂ 'ਤੇ ਉਤਰੇ ਕਿਸਾਨਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਦੂਜੇ ਪਾਸੇ ਸਿਆਸਤਦਾਨਾਂ ਵਲੋਂ ਇਸ ਨਾਜ਼ੁਕ ਮੁੱਦੇ 'ਤੇ ਕੀਤੀ ਜਾ ਰਹੀ ਸਿਆਸਤ ਕਾਰਨ ਕਿਸਾਨਾਂ ਦਾ ਸਿਆਸੀ ਆਗੂਆਂ ਤੋਂ ਭਰੋਸਾ ਉਠਣ ਲੱਗਾ ਹੈ। ਇਕ ਪਾਸੇ ਬਹੁਗਿਣਤੀ ਸਿਆਸੀ ਆਗੂ ਖੁਦ ਨੂੰ ਕਿਸਾਨ ਹਿਤੈਸ਼ੀ ਕਹਿੰਦਿਆਂ ਕਿਸਾਨੀ ਘੋਲ 'ਚ ਹਰ ਤਰ੍ਹਾਂ ਦਾ ਸਾਥ ਦੇਣ ਦੀ ਗੱਲ ਆਖ ਰਹੇ ਹਨ ਪਰ ਦੂਜੇ ਪਾਸੇ ਆਪੋ-ਅਪਣੀਆਂ ਪਾਰਟੀਆਂ ਦੇ ਝੰਡੇ ਹੇਠਾਂ ਟਰੈਕਟਰ ਮਾਰਚ ਕੱਢ ਕੇ ਸਿਆਸੀ ਖੇਡ ਖੇਡਣ ਤੋਂ ਗੁਰੇਜ਼ ਨਹੀਂ ਕਰ ਰਹੇ।

ਅੱਜ ਹਾਲਤ ਇਹ ਹੈ ਕਿ ਸਿਆਸਤਦਾਨਾਂ ਦੀ ਖੇਤੀ ਮੁੱਦੇ 'ਤੇ ਛੋਟੀ ਤੋਂ ਛੋਟੀ ਹਰਕਤ ਵੀ ਕਿਸਾਨਾਂ ਨੂੰ ਡਰਾਮਾ ਲੱਗਣ ਲੱਗ ਪਈ ਹੈ। ਸਿਆਸਤਦਾਨਾਂ ਦੀ ਥਾਂ-ਥਾਂ ਸਟੈਂਡ ਬਦਲਣ ਦੀ ਬਿਰਤੀ ਵੀ ਕਿਸਾਨਾਂ ਅਤੇ ਸਿਆਸਤਦਾਨਾਂ ਵਿਚਾਲੇ ਪਈ ਖਾਈ ਨੂੰ ਹੋਰ ਡੂੰਘਾ ਕਰਨ ਦਾ ਕੰਮ ਕਰ ਰਹੀ ਹੈ। ਕਿਸਾਨੀ ਘੋਲ ਨੂੰ ਬੁੱਧੀਜੀਵੀਆਂ ਤੋਂ ਇਲਾਵਾ ਹਰ ਵਰਗ ਦਾ ਸਾਥ ਹਾਸਲ ਹੈ, ਜਿਸ ਦੀ ਬਦੌਲਤ ਕਿਸਾਨ ਚੰਗੇ-ਮਾੜੇ 'ਚ ਫ਼ਰਕ ਕਰਨ ਦੇ ਸਮਰੱਥ ਹਨ। ਇਹੀ ਕਾਰਨ ਹੈ ਕਿ ਸਿਆਸਤਦਾਨਾਂ ਦੀਆਂ ਮੋਮੋਠੱਗਣੀਆਂ ਗੱਲਾਂ ਅਤੇ ਟਰੈਕਟਰ ਰੈਲੀਆਂ ਦਾ ਕਿਸਾਨਾਂ 'ਤੇ ਕੋਈ ਅਸਰ ਨਹੀਂ ਹੋ ਰਿਹਾ।

ਦੂਜੇ ਪਾਸੇ ਕੇਂਦਰ ਸਰਕਾਰ ਅਪਣੇ ਸਟੈਂਡ 'ਤੇ ਅਡਿੱਗ ਰਹਿੰਦਿਆਂ ਇਕ ਤੀਰ ਨਾਲ ਕਈ ਨਿਸ਼ਾਨੇ ਫੁੰਡਣ ਦੀ ਤਾਕ 'ਚ ਹੈ। ਕਿਸਾਨ ਜਥੇਬੰਦੀਆਂ ਵੀ ਪਿਛਲੇ ਤਜਰਬਿਆਂ ਨੂੰ ਵੇਖਦਿਆਂ ਫੂਕ ਫੂਕ ਕੇ ਕਦਮ ਰੱਖ ਰਹੀਆਂ ਹਨ। ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੀ ਗੱਲਬਾਤ ਦੇ ਨਾਂ 'ਤੇ ਖੇਡੀ ਜਾ ਰਹੀ ਚਲਾਕੀ ਨੂੰ ਭਾਂਪਦਿਆਂ ਅਫ਼ਸਰਸ਼ਾਹੀ ਵਲੋਂ ਭੇਜੇ ਗੱਲਬਾਤ ਦੇ ਸੱਦੇ ਨੂੰ ਠੁਕਰਾ ਦਿਤਾ ਹੈ। ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਖੇਤੀ ਕਾਨੂੰਨਾਂ ਖਿਲਾਫ਼ ਵਿਧਾਨ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਅਲਟੀਮੇਟਮ ਦਿਤਾ ਹੈ।

ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਜਥੇਬੰਦੀਆਂ ਦੇ ਅਲਟੀਮੇਟਮ ਨੂੰ ਰੱਦ ਕਰਦਿਆਂ ਇਸ ਤਰੀਕੇ 'ਤੇ ਸਵਾਲ ਉਠਾਏ ਹਨ। ਇਸ ਤੋਂ ਬਾਅਦ ਸੱਤਾਧਾਰੀ ਧਿਰ ਨਾਲ ਵੀ ਕਿਸਾਨਾਂ ਦਾ ਆਢਾ ਲੱਗਣ ਦੇ ਅਸਾਰ ਬਣ ਗਏ ਹਨ। ਕਿਸਾਨ ਜਥੇਬੰਦੀਆਂ ਨੇ ਭਾਜਪਾ ਆਗੂਆਂ ਵਾਂਗ ਕਾਂਗਰਸੀ ਆਗੂਆਂ ਦੇ ਘਿਰਾਓ ਦੀ ਵੀ ਚਿਤਾਵਨੀ ਦਿਤੀ ਹੈ। ਕਿਸਾਨ ਵਾਢੀ ਦਾ ਸੀਜ਼ਨ ਹੋਣ ਦੇ ਬਾਵਜੂਦ ਸੜਕਾਂ 'ਤੇ ਹਨ, ਦੂਜੇ ਪਾਸੇ ਸਿਆਸਤਦਾਨ ਕਿਸਾਨਾਂ ਦਾ ਇਮਤਿਹਾਨ ਲੈਣ ਤੋਂ ਬਾਜ਼ ਨਹੀਂ ਆ ਰਹੇ।

ਕਿਸਾਨਾਂ ਨੂੰ ਮਾਲ ਗੱਡੀਆਂ ਨੂੰ ਰਾਹਤ ਦੇਣ ਸਮੇਤ ਅਲਟੀਮੇਟਮ ਰੂਪੀ ਕਦਮ ਨਾ ਚੁਕਣ ਦੀਆਂ ਨਸੀਹਤਾਂ ਦਿਤੀਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਕਿਸਾਨਾਂ ਨੂੰ ਨਾਸਮਝ ਸਾਬਤ ਕਰਨ 'ਤੇ ਲੱਗੀ ਹੋਈ ਹੈ ਜਦਕਿ ਸੂਬਾ ਸਰਕਾਰ ਕਿਸਾਨਾਂ ਦੇ ਹੱਕ 'ਚ ਕਦਮ ਚੁੱਕਣ 'ਚ ਦਬਾਅ ਝੱਲਣ ਨੂੰ ਤਿਆਰ ਨਹੀਂ। ਅਜਿਹੇ 'ਚ ਕਿਸਾਨਾਂ ਦਾ ਗੁੱਸਾ ਫੁੱਟਣ ਦੇ ਅਸਾਰ ਬਣਦੇ ਜਾ ਰਹੇ ਹਨ। ਕਿਸਾਨੀ ਸੰੰਘਰਸ਼ ਦੇ ਨਾਂ 'ਤੇ ਟਰੈਕਟਰ ਸਾੜਣ ਵਰਗੀਆਂ ਘਟਨਾਵਾਂ ਵੀ ਸਿਆਸਤ ਤੋਂ ਪ੍ਰੇਰਿਤ ਸਨ, ਜਦਕਿ ਕਿਸਾਨ ਜਥੇਬੰਦੀਆਂ ਸ਼ਾਂਤਮਈ ਸੰਘਰਸ਼ ਨੂੰ ਅੱਗੇ ਵਧਾ ਰਹੀਆਂ ਹਨ। ਹੁਣ ਲੁਧਿਆਣਾ ਸਥਿਤ ਇਕ ਟੌਲ ਪਲਾਜੇ 'ਚ ਭੰਨਤੋੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਰਕਾਰਾਂ ਨੂੰ ਸਮਾਂ ਰਹਿੰਦੇ ਕਿਸਾਨੀ ਘੋਲ ਦੇ ਹੱਲ ਲਈ ਸੰਜੀਦਾ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਇਸ ਮਸਲੇ ਦਾ ਸ਼ਾਂਤੀਪੂਰਨ ਹੱਲ ਨਿਕਲ ਸਕੇ।