ਪੰਜਾਬ ਸਰਕਾਰ ਨੇ ਭਾਰਤ ਐਪ ਦਾ ਮਾਮਲਾ ਗੂਗਲ ਕੋਲ ਉਠਾਇਆ

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਅਮਰਿੰਦਰ ਸਿੰਘ ਵਲੋਂ ਐਪ ਨੂੰ ਤੁਰੰਤ ਹਟਾਉਣ ਦੀ ਮੰਗ

Punjab govt takes up issue of anti India app with google

ਚੰਡੀਗੜ੍ਹ : ਗੂਗਲ ਵਲੋਂ ਭਾਰਤ ਵਿਰੋਧੀ ਵੱਖਵਾਦੀ ਪਹੁੰਚ ਵਾਲਾ ਐਪ ਲਾਂਚ ਕੀਤੇ ਜਾਣ 'ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਉੱਚ ਅਧਿਕਾਰੀਆਂ ਨੂੰ ਜਿਥੇ ਗੂਗਲ ਨਾਲ ਇਸ ਮਸਲੇ ਨੂੰ ਲੈ ਕੇ ਬਿਨਾਂ ਦੇਰੀ ਸੰਪਰਕ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ, ਉਥੇ ਨਾਲ ਹੀ ਕੇਂਦਰ ਸਰਕਾਰ ਨੂੰ ਕੰਪਨੀ ਨੂੰ ਤੁਰੰਤ ਇਹ ਵਿਵਾਦਿਤ ਐਪ ਹਟਾਉਣ ਲਈ ਨਿਰਦੇਸ਼ ਦੇਣ ਦੀ ਅਪੀਲ ਵੀ ਕੀਤੀ ਹੈ।

ਸੂਬਾ ਸਰਕਾਰ ਵਲੋਂ ਗੂਗਲ ਨਾਲ ਇਸ ਮਸਲੇ ਨੂੰ ਲੈ ਕੇ ਰਾਬਤਾ ਕਾਇਮ ਕਰਨ ਦਾ ਜ਼ਿਕਰ ਕਰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਪੰਜਾਬ ਦੇ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲੀਸ   ਮੁਖੀ ਖੀ ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਕੋਰੀਡੋਰ ਦੇ ਖੋਲ੍ਹੇ ਜਾਣ ਤੋਂ ਐਨ ਪਹਿਲਾਂ '2020 ਸਿੱਖ ਰੈਫੈਰੈਂਡਮ' ਐਪ ਦੇ ਲਾਂਚ ਹੋਣ ਨਾਲ ਪੈਦਾ ਹੋਏ ਖਤਰੇ ਨਾਲ ਨਿਪਟਣ ਲਈ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ।

ਇਸ ਐਪ ਨੂੰ ਤੁਰੰਤ ਹਟਾਏ ਜਾਣ ਦੀ ਮੰਗ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਗੂਗਲ ਪਲੇਅ ਜ਼ਰੀਏ ਮੁਫਤ ਡਾਊਨਲੋਡ ਹੋਣ ਵਾਲੇ ਇਸ ਐਪ ਪਿਛੇ ਮੰਤਵ ਜ਼ਾਹਰਾ ਤੌਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਚੱਲ ਰਹੇ ਸਮਾਗਮਾਂ ਦਰਮਿਆਨ ਸਿੱਖ ਭਾਈਚਾਰੇ ਨੂੰ ਦੋਫਾੜ ਕਰਨ ਦਾ ਆਈ.ਐਸ.ਆਈ ਦਾ ਏਜੰਡਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਕ ਕੱਟੜ ਵੱਖਵਾਦੀ ਗਰੁੱਪ ਨੂੰ ਅਜਿਹਾ ਐਪ ਡਾਊਨਲੋਡ ਕਰਨ ਦੀ ਪ੍ਰਵਾਨਗੀ ਗੂਗਲ ਵੱਲੋਂ ਕਿਵੇਂ ਅਤੇ ਕਿਉ ਦਿੱਤੀ ਗਈ, ਇਹ ਸਵਾਲ ਸਭ ਤੋਂ ਪਹਿਲਾਂ ਉੱਠਦਾ ਹੈ। ਮੁੱਖ ਮੰਤਰੀ ਵੱਲੋਂ ਤਕਨੀਕੀ ਖੇਤਰ ਦੀ ਪ੍ਰਮੁੱਖ ਕੰਪਨੀ ਦੇ ਇਸ ਗੈਰ-ਜ਼ਿੰਮੇਵਾਰਾਨਾ ਰਵੱਈਏ 'ਤੇ ਹੈਰਾਨੀਕੁੰਨ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਗੂਗਲ ਅਜਿਹੇ ਕੱਟੜ ਗਰੁੱਪ ਦਾ ਸਮਰਥਨ ਕਰਨ ਵਾਲੀ ਕੰਪਨੀ ਵਾਲੀ ਛਵੀ ਤੋਂ ਬਚਣਾ ਚਾਹੁੰਦੀ ਹੈ ਤਾਂ ਇਸ ਕੰਪਨੀ ਨੂੰ ਬਿਨ੍ਹਾਂ ਪਲ ਦੀ ਦੇਰੀ ਕੀਤੇ ਇਸ ਐਪ ਨੂੰ ਪਲੇਅ ਸਟੋਰ ਤੋਂ ਹਟਾ ਦੇਣਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਵਾਪਰਨਾ ਪੂਰੇ ਮੁਲਕ ਲਈ ਤੇ ਖਾਸਕਰ ਪੰਜਾਬ ਲਈ ਸੁਰੱਖਿਆ ਪੱਖੋਂ ਖਤਰੇ ਦੇ ਸਰੋਕਾਰ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇਸ ਐਪ ਨੂੰ ਲਾਂਚ ਕੀਤੇ ਜਾਣ ਲਈ ਸਮੇਂ ਦੀ ਚੋਣ ਸੰਕੇਤ ਦਿੰਦੀ ਹੈ ਕਿ ਕਰਤਾਰਪੁਰ ਕੋਰੀਡੋਰ ਦੇ ਖੁੱਲ੍ਹਣ ਦੇ ਮੌਕੇ ਨੂੰ ਆਈ.ਐਸ.ਆਈ ਭਾਰਤੀ ਸਿੱਖ ਭਾਈਚਾਰੇ ਨੂੰ ਦੋਫਾੜ ਕਰਨ ਦੇ ਆਪਣੇ ਨਾਪਾਕ ਏਜੰਡੇ ਨੂੰ ਲਾਗੂ ਕਰਨ ਲਈ ਮੌਕੇ ਦੇ ਰੂਪ ਵਿੱਚ ਵਰਤਣਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਵਾਰ-ਵਾਰ ਪਾਕਿਸਤਾਨ ਦੇ ਕੋਰੀਡੋਰ  ਖੋਲ੍ਹਣ ਦੇ ਫੈਸਲੇ ਪਿੱਛੇ ਆਈ.ਐਸ.ਆਈ ਦੇ ਮਾੜੇ ਇਰਾਦਿਆਂ ਬਾਰੇ ਸੁਚੇਤ ਕੀਤਾ ਜਾ ਰਿਹਾ ਹੈ।

ਸਾਫ ਇਸਾਰਾ ਕਰਦਿਆਂ ਕਿ ਸਿੱਖਸ ਫਾਰ ਜਸਟਿਸ (ਐਸ.ਐਫ.ਜੇ), ਜਿਸਦੇ ਪਰਦੇ ਥੱਲੇ ਆਈ.ਐਸ.ਆਈ ਆਪਣੇ 2020 ਰੈਫੈਰੈਂਡਮ ਏਜੰਡੇ ਨੂੰ ਹਵਾ ਦੇ ਰਹੀ ਹੈ, ਨੂੰ ਕੇਂਦਰ ਸਰਕਾਰ ਵੱਲੋਂ ਕੁਝ ਮਹੀਨੇ ਪਹਿਲਾਂ ਯੂ.ਏ.ਪੀ.ਏ (ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ) ਤਹਿਤ ਇਕ ਗੈਰਕਾਨੂੰਨੀ ਐਸੋਸੀਏਸ਼ਨ ਐਲਾਨਿਆਂ ਜਾ ਚੁੱਕਾ ਹੈ, ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਇਸ ਸੰਸਥਾ ਦੀ ਖੁੱਲ੍ਹੇਆਮ ਹਿੰਸਕ ਗਤੀਵਿਧੀਆਂ ਵਿੱਚ ਸ਼ਮੂਲੀਅਤ ਕਰਕੇ ਹੀ ਅਜਿਹਾ ਸਖਤ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਈ.ਐਸ.ਆਈ ਦੇ ਲਗਾਤਾਰ ਸਮਰਥਨ ਸਦਕਾ ਐਸ.ਐਫ.ਜੇ ਵੱਲੋਂ ਨਿਰੰਤਰ ਆਪਣੀ ਭਾਰਤ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਹੁਣ ਆਪਣੇ ਇਸ ਏਜੰਡੇ ਨੂੰ ਅੱਗੇ ਤੋਰਨ ਲਈ ਗੂਗਲ ਐਪ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਆਈ.ਐਸ.ਆਈ ਵੱਲੋਂ ਆਪਣੀਆਂ ਵੱਖ-ਵਾਦੀ ਗਤੀਵਿਧੀਆਂ ਜ਼ਰੀਏ ਪੁੰਜਾਬ ਨੂੰ ਮੁੜ ਅਸਥਿਰ ਕਰਨ ਦੇ ਕੀਤੇ ਜਾ ਰਹੇ ਲਗਾਤਾਰ ਯਤਨਾਂ ਬਾਰੇ ਭਾਰਤ ਨੂੰ ਮੁਕੰਮਲ ਰੂਪ ਵਿੱਚ ਸਤਰਕ ਰਹਿਣ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਦਹੁਰਾਇਆ ਕਰਤਾਰਪੁਰ ਕੋਰੀਡੋਰ ਖੋਲ੍ਹੇ ਜਾਣ ਦੇ ਮੌਕੇ 'ਤੇ ਭਾਰਤ ਨੂੰ ਪੂਰੀ ਤਰ੍ਹਾਂ ਚੌਕਸ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਸਿੱਖ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸਨਾਂ ਦਾ ਚਾਹਵਾਨ ਹੈ ਅਤੇ ਪਾਕਿਸਤਾਨ ਨੂੰ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ ਜਿਸ ਨਾਲ ਮੁਲਕ ਦੀ ਸ਼ਾਂਤੀ ਤੇ ਅਖੰਡਤਾ ਲਈ ਖਤਰਾ ਪੈਦਾ ਹੋਵੇ।